ਹਤਿੰਦਰ ਮਹਿਤਾਜਲੰਧਰ, 30 ਮਈਸਥਾਨਕ ਸੋਢਲ ਚੌਕ ਨੇੜੇ ਇੱਕ ਸਾਈਕਲ ਦੀ ਦੁਕਾਨ ’ਤੇ ਕੰਪ੍ਰੈਸਰ ਫਟਣ ਕਾਰਨ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਸੁਣ ਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦੌਰਾਨ ਦੁਕਾਨਦਾਰ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ, ਜਿਸ ਕਾਰਨ ਦੁਕਾਨਦਾਰ ਦਾ ਬਚਾਅ ਹੋ ਗਿਆ। ਇਸ ਘਟਨਾ ਵਿੱਚ ਦੁਕਾਨ ਦੀ ਛੱਤ ਉੱਡ ਗਈ ਅਤੇ ਕੰਪ੍ਰੈਸਰ 15 ਫੁੱਟ ਦੂਰ ਡਿੱਗ ਪਿਆ। ਕੰਪ੍ਰੈਸਰ ਦੀ ਮੋਟਰ ਦਰੱਖਤ ’ਤੇ ਲਟਕਦੀ ਮਿਲੀ। ਦੱਸਿਆ ਜਾ ਰਿਹਾ ਹੈ ਇਸ ਘਟਨਾ ਕਾਰਨ ਦੁਕਾਨਦਾਰ ਨੂੰ 50 ਤੋਂ 70 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਵਿਅਕਤੀ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ ਇੰਨੀ ਭਿਆਨਕ ਸੀ ਕਿ ਦੋ ਗਲੀਆਂ ਦੂਰ ਸਥਿਤ ਘਰ ਵਿੱਚ ਡਰ ਦਾ ਮਾਹੌਲ ਪਾਇਆ ਗਿਆ। ਇਸ ਤੋਂ ਬਾਅਦ ਜਦੋਂ ਉਹ ਮੌਕੇ ’ਤੇ ਪਹੁੰਚਿਆ ਤਾਂ ਦੇਖਿਆ ਕਿ ਦੁਕਾਨ ਪੂਰੀ ਤਰ੍ਹਾਂ ਤਬਾਹ ਹੋ ਗਈ ਸੀ। ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਦੁਕਾਨਦਾਰ ਕੰਪ੍ਰੈਸਰ ਚਲਦਾ ਛੱਡ ਕੇ ਚਲਾ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਚੰਗੀ ਗੱਲ ਇਹ ਹੈ ਕਿ ਘਟਨਾ ਸਮੇਂ ਦੁਕਾਨਦਾਰ ਅੰਦਰ ਮੌਜੂਦ ਨਹੀਂ ਸੀ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਉਸ ਵਿਅਕਤੀ ਨੇ ਕਿਹਾ ਕਿ ਧਮਾਕੇ ਦੀ ਆਵਾਜ਼ ਇੰਨੀ ਉੱਚੀ ਸੀ ਕਿ ਉਸ ਨੂੰ ਲੱਗਿਆ ਜਿਵੇਂ ਕੋਈ ਬੰਬ ਵਰਗੀ ਚੀਜ਼ ਅਸਮਾਨ ਤੋਂ ਜ਼ਮੀਨ ’ਤੇ ਡਿੱਗ ਪਈ ਹੋਵੇ।