ਦੁਕਾਨਦਾਰ ਦੇ ਕਰਿੰਦੇ ਨੂੰ ਗੋਲੀ ਮਾਰ ਕੇ ਸਾਢੇ ਅੱਠ ਲੱਖ ਲੁੱਟੇ
ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 15 ਅਪਰੈਲ
ਥਾਣਾ ਵੈਰੋਵਾਲ ਅਧੀਨ ਪਿੰਡ ਮੁਗਲਾਣੀ ਨੇੜੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਕਰਿਆਨਾ ਦੁਕਾਨਦਾਰ ਦੇ ਕਰਿੰਦੇ ਨੂੰ ਗੋਲੀ ਮਾਰ ਕੇ ਸਾਢੇ ਅੱਠ ਲੱਖ ਰੁਪਏ ਲੁੱਟ ਲਏ। ਇਸ ਘਟਨਾ ਮਗਰੋਂ ਵਪਾਰੀਆਂ ਵਿੱਚ ਸਹਿਮ ਹੈ। ਪੀੜਤ ਦੁਕਾਨਦਾਰ ਰਾਮ ਖੁੱਲਰ ਵਾਸੀ ਖਡੂਰ ਸਾਹਿਬ ਨੇ ਦੱਸਿਆ ਕਿ ਉਹ ਖਡੂਰ ਸਾਹਿਬ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਹੈ। ਉਸ ਕੋਲ ਕੰਮ ਕਰਦੇ ਅੰਮ੍ਰਿਤ ਅਤੇ ਭਗਵੰਤ ਸਿੰਘ ਕਰਿੰਦੇ ਪੈਸਿਆਂ ਦਾ ਭੁਗਤਾਨ ਕਰਨ ਅਤੇ ਦੁਕਾਨ ਦਾ ਸਾਮਾਨ ਲੈਣ ਲਈ ਟੈਂਪੂ (ਛੋਟਾ ਹਾਥੀ) ਰਾਹੀਂ ਖਡੂਰ ਸਾਹਿਬ ਤੋਂ ਅੰਮ੍ਰਿਤਸਰ ਜਾ ਰਹੇ ਸਨ। ਜਦੋਂ ਇਹ ਦੋਵੇਂ ਪਿੰਡ ਮੁਗਲਾਣੀ ਨੇੜੇ ਪੁੱਜੇ ਤਾਂ ਇਨ੍ਹਾਂ ਦਾ ਪਿੱਛਾ ਕਰ ਰਹੇ ਦੋ ਅਣਪਛਾਤਿਆਂ ਨੇ ਉਨ੍ਹਾਂ ਦਾ ਟੈਂਪੂ ਰੋਕ ਲਿਆ। ਪੈਸੇ ਖੋਹਣ ਦਾ ਵਿਰੋਧ ਕਰਨ ’ਤੇ ਲੁਟੇਰੇ ਨੇ ਪਿਸਤੌਲ ਕੱਢ ਕੇ ਭਗਵੰਤ ਸਿੰਘ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ ਅਤੇ ਸਾਢੇ ਅੱਠ ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਪੀੜਤ ਦੁਕਾਨਦਾਰ ਰਾਮ ਖੁੱਲਰ ਨੇ ਦੱਸਿਆ ਕਿ ਘਟਨਾ ਸਬੰਧੀ ਥਾਣਾ ਵੈਰੋਵਾਲ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ। ਜ਼ਖ਼ਮੀ ਨੂੰ ਤਰਨ ਤਾਰਨ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਐੱਸਐੱਚਓ ਨਰੇਸ਼ ਕੁਮਾਰ ਨੇ ਦੱਸਿਆ ਕਿ ਲੁਟੇਰਿਆ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।