ਦੀਖਿਆ
ਹਿਬਰੂ ਭਾਸ਼ਾ ਵਿੱਚ ਪ੍ਰਤੀਨਿਧ ਮੰਨੀ ਜਾਂਦੀ ਇਹ ਕਹਾਣੀ ਇਜ਼ਰਾਈਲ ਵਿੱਚ ਲੇਖਕ, ਕਾਰਟੂਨਿਸਟ ਅਤੇ ਫਿਲਮਸਾਜ਼ ਵਜੋਂ ਪ੍ਰਸਿੱਧ ਇਤਗਾਰ ਕੈਰੇਤ ਦੀ ਲਿਖੀ ਹੋਈ ਹੈ। ਇਹ ਕਹਾਣੀ ਬੱਚਿਆਂ ਨੂੰ ਦੁਨੀਆਦਾਰੀ ਦੇ ਸਬਕ ਸਿਖਾਉਣ ਲਈ ਦਿੱਤੀ ਜਾਂਦੀ ਸਿੱਖਿਆ ਦੀਖਿਆ ਦੇ ਹਵਾਲੇ ਨਾਲ ਅਤੇ ਹਿੰਸਾ ਨੂੰ ਮਾਨਤਾ ਦਾ ਦਸਤੂਰ ਬਣਾ ਕੇ ਉਸ ਲਈ ਗੌਰਵਸ਼ਾਲੀ ਸਫ਼ਾਈ ਲੱਭ ਲਿਆਉਣ ਵਾਲੀ ਰੁਚੀ ਦੇ ਹਵਾਲੇ ਨਾਲ ਵੀ ਆਧੁਨਿਕ ਜੀਵਨ ਦੇ ਮਾਨਦੰਡਾਂ ਬਾਰੇ ਸੂਖ਼ਮ ਸਵਾਲ ਬਾਖ਼ੂਬੀ ਉਠਾਉਂਦੀ ਹੈ। ਇਸ ਕਹਾਣੀ ਨੂੰ ਹਿੰਦੀ ਵਿੱਚ ਜਤਿੰਦਰ ਭਾਟੀਆ ਨੇ ਅਨੁਵਾਦ ਕੀਤਾ ਹੈ ਅਤੇ ਪੰਜਾਬੀ ਰੂਪ ਡਾਕਟਰ ਧਨਵੰਤ ਕੌਰ (ਸੰਪਰਕ: 94172-43245) ਨੇ ਦਿੱਤਾ ਹੈ।
ਪਿਤਾ ਜੀ ਨੇ ਮੈਨੂੰ ਬਾਰਟ ਸਿੰਪਸਨ ਦਾ ਗੁੱਡਾ ਲੈ ਕੇ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਮਾਂ ਨੇ ਤਾਂ ਹਾਂ ਕਰ ਦਿੱਤੀ ਸੀ, ਪਰ ਪਿਤਾ ਜੀ ਨੇ ਕਿਹਾ, ‘‘ਨਹੀਂ ਇਹ ਬਹੁਤ ਵਿਗੜਦਾ ਜਾ ਰਿਹਾ ਹੈ।’’ ਉਨ੍ਹਾਂ ਨੇ ਕਿਹਾ, ‘‘ਭਲਾ ਕੋਈ ਦੱਸੇ, ਇਸ ਨੂੰ ਗੁੱਡਾ ਕਿਉਂ ਲੈ ਕੇ ਦੇਈਏ?’’ ਉਨ੍ਹਾਂ ਨੇ ਮਾਂ ਨੂੰ ਝਿੜਕਿਆ, ‘‘ਤੂੰ ਵੀ ਬਸ, ਉਹਦੇ ਮੂੰਹ ’ਚੋਂ ਗੱਲ ਨਿਕਲੀ ਨਹੀਂ ਕਿ ਝੱਟ ਤਿਆਰ!’’
ਪਿਤਾ ਜੀ ਨੇ ਕਿਹਾ ਕਿ ਮੈਨੂੰ ਪੈਸੇ ਦੀ ਕੋਈ ਕਦਰ ਨਹੀਂ ਹੈ ਤੇ ਜੇ ਹੁਣੇ ਤੋਂ ਕਦਰ ਪਤਾ ਨਾ ਲੱਗੀ ਤਾਂ ਫਿਰ ਮੈਂ ਕਦੋਂ ਸਿੱਖਾਂਗਾ। ਜਿਨ੍ਹਾਂ ਬੱਚਿਆਂ ਨੂੰ ਮੰਗਦਿਆਂ ਹੀ ਝੱਟ ਸਿੰਪਸਨ ਦਾ ਗੁੱਡਾ ਮਿਲ ਜਾਂਦਾ ਹੈ ਉਹ ਵੱਡੇ ਹੋ ਕੇ ਬਦਮਾਸ਼ ਬਣਦੇ ਹਨ। ਦੁਕਾਨਾਂ ਤੋਂ ਸਾਮਾਨ ਚੁਰਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਮਨਚਾਹੀਆਂ ਚੀਜ਼ਾਂ ਸੁਖਾਲਿਆਂ ਹੀ ਪਾ ਲੈਣ ਦੀ ਆਦਤ ਪੈ ਚੁੱਕੀ ਹੁੰਦੀ ਹੈ। ਇਸ ਲਈ ਬਾਰਟ ਸਿੰਪਸਨ ਦੇ ਗੁੱਡੇ ਦੀ ਥਾਂ ਮੈਨੂੰ ਚੀਨੀ ਮਿੱਟੀ ਦਾ ਇੱਕ ਬੇਢੰਗਾ ਜਿਹਾ ਸੂਰ ਲਿਆ ਦਿੱਤਾ, ਜਿਸ ਦੀ ਪਿੱਠ ਵਿੱਚ ਇੱਕ ਲੰਮਾ ਚੀਰ ਪਾਇਆ ਹੋਇਆ ਸੀ। ਹੁਣ ਮੈਂ ਠੀਕ ਤਰ੍ਹਾਂ ਵੱਡਾ ਹੋਵਾਂਗਾ ਅਤੇ ਬਦਮਾਸ਼ ਨਹੀਂ ਬਣਾਂਗਾ।
ਹੁਣ ਹਰ ਰੋਜ਼ ਸਵੇਰੇ, ਮੈਨੂੰ ਭਾਵੇਂ ਕਿੰਨਾ ਹੀ ਖ਼ਰਾਬ ਕਿਉਂ ਨਾ ਲੱਗੇ, ਦੁੱਧ ਦਾ ਇੱਕ ਕੱਪ ਪੀਣਾ ਪੈਂਦਾ ਹੈ। ਮਲਾਈ ਵਾਲੇ ਦੁੱਧ ਦਾ ਕੱਪ ਪੀਣ ’ਤੇ ਇੱਕ ਸ਼ੈਕਲ (ਇਜ਼ਰਾਈਲ ਦੀ ਕਰੰਸੀ ਦਾ ਸਿੱਕਾ) ਮਿਲਦਾ ਹੈ ਅਤੇ ਬਿਨਾਂ ਮਲਾਈ ਵਾਲੇ ਦਾ ਅੱਧਾ ਸ਼ੈਕਲ। ਜੇ ਮੈਂ ਫੌਰਨ ਉਲਟੀ ਕਰ ਦਿਆਂ ਤਾਂ ਕੁਝ ਨਹੀਂ ਮਿਲਦਾ। ਸਿੱਕਿਆਂ ਨੂੰ ਮੈਂ ਸੂਰ ਦੀ ਪਿੱਠ ਵਿੱਚ ਖੁਭੋ ਦਿੰਦਾ ਹਾਂ। ਜਦੋਂ ਉਸ ਨੂੰ ਹਿਲਾਓ ਤਾਂ ਆਵਾਜ਼ ਆਉਂਦੀ ਹੈ। ਜਦੋਂ ਸੂਰ ਵਿੱਚ ਇੰਨੇ ਪੈਸੇ ਹੋ ਜਾਣਗੇ ਕਿ ਉਹ ਹਿੱਲਣ ’ਤੇ ਆਵਾਜ਼ ਨਹੀਂ ਕਰੇਗਾ ਤਾਂ ਮੈਨੂੰ ਸਕੇਟਿੰਗ ਕਰਦੇ ਸਿੰਪਸਨ ਦਾ ਗੁੱਡਾ ਮਿਲ ਜਾਵੇਗਾ। ਪਿਤਾ ਜੀ ਕਹਿੰਦੇ ਹਨ ਕਿ ਇਹੋ ਸਹੀ ਹੈ। ਇੰਝ ਮੈਨੂੰ ਕੁਝ ਸਿੱਖਣ ਦਾ ਮੌਕਾ ਤਾਂ ਮਿਲੇਗਾ।
ਉਂਜ ਸੂਰ ਹੈ ਬਹੁਤ ਪਿਆਰਾ। ਉਸ ਨੂੰ ਛੂਹੋ ਤਾਂ ਉਸ ਦਾ ਨੱਕ ਠੰਢਾ ਠੰਢਾ ਲੱਗਦਾ ਹੈ ਅਤੇ ਉਸ ਦੀ ਪਿੱਠ ਵਿੱਚ ਸਿੱਕਾ ਪਾਓ ਤਾਂ ਉਹ ਮੁਸਕਰਾਉਂਦਾ ਹੈ। ਅੱਧਾ ਸ਼ੈਕਲ ਪਾਓ ਤਾਂ ਵੀ ਮੁਸਕਰਾਉਂਦਾ ਹੈ ਅਤੇ ਸਭ ਤੋਂ ਚੰਗੀ ਗੱਲ ਤਾਂ ਇਹ ਹੈ ਕਿ ਸਿੱਕਾ ਨਾ ਵੀ ਪਾਓ ਤਾਂ ਵੀ ਉਹ ਮੁਸਕਰਾਉਂਦਾ ਹੈ। ਮੈਂ ਉਸਨੂੰ ਨਾਮ ਦਿੱਤਾ ਹੈ ਪੇਸੈਕਸਨ, ਉਸ ਆਦਮੀ ਦੇ ਨਾਮ ’ਤੇ ਜੋ ਕਦੇ ਬਹੁਤ ਪਹਿਲਾਂ ਸਾਡੇ ਲੈਟਰ ਬਾਕਸ ਵਿੱਚ ਰਹਿੰਦਾ ਸੀ। ਅਤੇ ਪਿਤਾ ਜੀ ਬਹੁਤ ਕੋਸ਼ਿਸ਼ ਦੇ ਬਾਵਜੂਦ ਉੱਥੋਂ ਉਸ ਦਾ ਨਾਂ ਉਤਾਰ ਨਹੀਂ ਸਕੇ ਸਨ।
ਪੇਸੈਕਸਨ ਮੇਰੇ ਦੂਸਰੇ ਖਿਡੌਣਿਆਂ ਵਰਗਾ ਨਹੀਂ ਹੈ। ਉਹ ਬਹੁਤ ਸ਼ਾਂਤ ਹੈ ਕਿਉਂਕਿ ਉਸ ਵਿੱਚ ਰੋਸ਼ਨੀਆਂ, ਸਪਰਿੰਗ ਜਾਂ ਲੀਕ ਹੋਣ ਵਾਲੇ ਸੈੱਲ ਨਹੀਂ ਹਨ। ਹਾਂ, ਏਨਾ ਧਿਆਨ ਜ਼ਰੂਰ ਰੱਖਣਾ ਪੈਂਦਾ ਹੈ ਕਿ ਕਿਤੇ ਉਹ ਮੇਜ਼ ਤੋਂ ਥੱਲੇ ਛਲਾਂਗ ਨਾ ਮਾਰ ਦੇਵੇ।
‘‘ਸੰਭਲ ਕੇ ਪੇਸੈਕਸਨ! ਤੂੰ ਚੀਨੀ ਮਿੱਟੀ ਦਾ ਬਣਿਆ ਹੋਇਆ ਹੈਂ।’’ ਉਸ ਨੂੰ ਝੁਕ ਕੇ ਫਰਸ਼ ਵੱਲ ਵੇਖਦੇ ਨੂੰ ਮੈਂ ਕਹਿੰਦਾ ਹਾਂ। ਉਹ ਮੇਰੇ ਵੱਲ ਵੇਖ ਕੇ ਮੁਸਕਰਾਉਂਦਾ ਹੈ ਤਾਂ ਮੈਨੂੰ ਉਸ ’ਤੇ ਬਹੁਤ ਪਿਆਰ ਆਉਂਦਾ ਹੈ। ਹਰ ਸਵੇਰ ਮੈਂ ਸਿਰਫ਼ ਉਸ ਲਈ ਮਲਾਈ ਵਾਲੇ ਦੁੱਧ ਦਾ ਕੱਪ ਪੀਂਦਾ ਹਾਂ ਤਾਂ ਕਿ ਉਸ ਦੀ ਪਿੱਠ ਵਿੱਚ ਸਿੱਕਾ ਪਾਉਂਦਿਆਂ ਮੈਨੂੰ ਦਿਖਾਈ ਦੇ ਸਕੇ ਕਿ ਉਸ ਦੀ ਮੁਸਕੁਰਾਹਟ ਵਿੱਚ ਜ਼ਰਾ ਵੀ ਫ਼ਰਕ ਨਹੀਂ ਆਇਆ।
‘‘ਆਈ ਲਵ ਯੂ ਪੇਸੈਕਸਨ!’’ ਮੈਂ ਉਸ ਨੂੰ ਦੱਸਦਾ ਹਾਂ, ‘‘ਸੱਚੀਂ, ਮੈਂ ਤੈਨੂੰ ਮਾਂ ਤੇ ਪਿਤਾ ਜੀ ਤੋਂ ਵੀ ਜ਼ਿਆਦਾ ਪਿਆਰ ਕਰਦਾ ਹਾਂ ਅਤੇ ਹਮੇਸ਼ਾ ਕਰਾਂਗਾ। ਤੂੰ ਭਾਵੇਂ ਦੁਕਾਨਾਂ ਲੁੱਟ ਜਾਂ ਕੁਝ ਵੀ ਕਰ। ਪਰ ਜੇਕਰ ਤੂੰ ਇਸ ਮੇਜ਼ ਤੋਂ ਥੱਲੇ ਕੁੱਦਿਆ ਫਿਰ ਤਾਂ ਬਸ ਰੱਬ ਹੀ ਤੈਨੂੰ ਬਚਾਏ!’’
ਕੱਲ੍ਹ ਪਿਤਾ ਜੀ ਆਏ, ਪੇਸੈਕਸਨ ਨੂੰ ਮੇਜ਼ ਤੋਂ ਚੁੱਕਿਆ ਅਤੇ ਉਸ ਨੂੰ ਉਲਟਾ ਪਲਟਾ ਕੇ ਬੁਰੀ ਤਰ੍ਹਾਂ ਹਿਲਾਉਣ ਲੱਗੇ। ‘‘ਪਿਤਾ ਜੀ ਸੰਭਲ ਕੇ,’’ ਮੈਂ ਉਨ੍ਹਾਂ ਨੂੰ ਕਿਹਾ, ‘‘ਪੇਸੈਕਸਨ ਦੇ ਪੇਟ ਵਿੱਚ ਦਰਦ ਹੋਣ ਲੱਗੇਗਾ।’’ ਪਰ ਪਿਤਾ ਜੀ ਬੋਲੇ, ‘‘ਇਹ ਤਾਂ ਬਿਲਕੁਲ ਹੀ ਆਵਾਜ਼ ਨਹੀਂ ਕਰ ਰਿਹਾ! ਜਾਣਦਾ ਹੈਂ ਯੋਆਵੀ ਇਹਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਕੱਲ੍ਹ ਤੈਨੂੰ ਤੇਰਾ ਬਾਰਟ ਸਿੰਪਸਨ ਦਾ ਸਕੇਟਿੰਗ ਕਰਨ ਵਾਲਾ ਗੁੱਡਾ ਮਿਲਣ ਵਾਲਾ ਹੈ ।’’
‘‘ਵਾਹ ਪਿਤਾ ਜੀ’’, ਮੈਂ ਕਿਹਾ, ‘‘ਬਾਰਟ ਸਿੰਪਸਨ ਦਾ ਉਹੀ ਗੁੱਡਾ ਨਾ? ਪਰ ਪੇਸੈਕਸਨ ਨੂੰ ਇੰਜ ਨਾ ਹਿਲਾਓ! ਉਸ ਨੂੰ ਜ਼ਰਾ ਵੀ ਚੰਗਾ ਨਹੀਂ ਲੱਗਦਾ।’’ ਪਿਤਾ ਜੀ ਨੇ ਪੇਸੈਕਸਨ ਨੂੰ ਵਾਪਸ ਮੇਜ਼ ਉੱਤੇ ਰੱਖ ਦਿੱਤਾ ਤੇ ਮਾਂ ਨੂੰ ਬੁਲਾਉਣ ਚਲੇ ਗਏ। ਥੋੜ੍ਹੀ ਦੇਰ ਬਾਅਦ ਮਾਂ ਨੂੰ ਖਿੱਚ ਕੇ ਲਿਆਉਂਦੇ ਅੰਦਰ ਆਏ। ਉਨ੍ਹਾਂ ਦੇ ਦੂਜੇ ਹੱਥ ਵਿੱਚ ਇੱਕ ਹਥੌੜਾ ਸੀ।
‘‘ਵੇਖਿਆ, ਮੈਂ ਠੀਕ ਕਿਹਾ ਸੀ ਨਾ!,’’ ਉਨ੍ਹਾਂ ਨੇ ਮੰਮੀ ਨੂੰ ਕਿਹਾ, ‘‘ਹੁਣ ਇਹ ਮੁੰਡਾ ਚੀਜ਼ਾਂ ਦੀ ਕਦਰ ਕਰਨੀ ਸਿੱਖ ਰਿਹਾ ਹੈ! ਕਿਉਂ ਯੋਆਵੀ?’’
‘‘ਹਾਂ ਪਿਤਾ ਜੀ!’’ ਮੈਂ ਕਿਹਾ, ‘‘ਪਰ ਇਹ ਹਥੌੜਾ ਕਾਹਦੇ ਲਈ ਹੈ?’’
‘‘ਇਹ ਤੇਰੇ ਲਈ ਹੈ,’’ ਪਿਤਾ ਜੀ ਨੇ ਹਥੌੜਾ ਮੇਰੇ ਹੱਥ ਵਿੱਚ ਦਿੰਦੇ ਹੋਏ ਕਿਹਾ, ‘‘ਪਰ ਜ਼ਰਾ ਸੰਭਲ ਕੇ।’’
‘‘ਠੀਕ ਹੈ,’’ ਮੈਂ ਕਿਹਾ ਤੇ ਸੱਚਮੁੱਚ ਬਹੁਤ ਸੰਭਾਲ ਕੇ ਉਸ ਹਥੌੜੇ ਨੂੰ ਹੱਥ ਵਿੱਚ ਫੜ ਲਿਆ। ਕੁਝ ਮਿੰਟ ਲੰਘੇ ਤਾਂ ਪਿਤਾ ਜੀ ਖਿਝ ਕੇ ਬੋਲੇ, ‘‘ਚੱਲ ਹੁਣ, ਭੰਨ ਸੁੱਟ ਇਸ ਸੂਰ ਨੂੰ।’’ ‘‘ਕੀ?’’ ਮੈਂ ਪੁੱਛਿਆ, ‘‘ਪੇਸੈਕਸਨ ਨੂੰ?’’
ਉਹ ਬੋਲੇ, ‘‘ਚੱਲ ਤੋੜ ਇਸ ਨੂੰ ਜਲਦੀ! ਤੂੰ ਬਹੁਤ ਮਿਹਨਤ ਨਾਲ ਇੰਨੇ ਦਿਨਾਂ ਵਿੱਚ ਇਸ ਨੂੰ ਪੂਰਾ ਭਰਿਆ ਹੈ ਤੇ ਹੁਣ ਇਸ ਬਦਲੇ ਤੈਨੂੰ ਬਾਰਟ ਸਿੰਪਸਨ ਮਿਲਣਾ ਹੀ ਚਾਹੀਦਾ ਹੈ!’’
ਪੇਸੈਕਸਨ ਮੇਰੇ ਵੱਲ ਵੇਖ ਕੇ ਮੁਸਕਰਾਇਆ। ਉਸ ਦੀ ਉਦਾਸ ਮੁਸਕਰਾਹਟ ਚੀਨੀ ਮਿੱਟੀ ਦੇ ਉਸ ਸੂਰ ਵਰਗੀ ਸੀ ਜਿਸ ਨੂੰ ਪਤਾ ਲੱਗ ਗਿਆ ਹੋਵੇ ਕਿ ਉਸ ਦਾ ਅੰਤ ਆ ਚੁੱਕਾ ਹੈ।
‘‘ਖਸਮਾਂ ਨੂੰ ਖਾਏ ਬਾਰਟ ਸਿੰਪਸਨ! ਹੁਣ ਮੈਂ ਆਪਣੇ ਦੋਸਤ ਦੇ ਸਿਰ ਹਥੌੜਾ ਮਾਰਾਂ? ਨਹੀਂ, ਮੈਨੂੰ ਨਹੀਂ ਚਾਹੀਦਾ ਬਾਰਟ ਸਿੰਪਸਨ!’’
ਮੈਂ ਪਿਤਾ ਜੀ ਨੂੰ ਹਥੌੜਾ ਵਾਪਸ ਕਰਦੇ ਹੋਏ ਕਿਹਾ, ‘‘ਮੇਰੇ ਲਈ ਪੇਸੈਕਸਨ ਹੀ ਕਾਫ਼ੀ ਹੈ!’’
‘‘ਤੂੰ ਸਮਝਦਾ ਕਿਉਂ ਨਹੀਂ?’’ ਪਿਤਾ ਜੀ ਬੋਲੇ, ‘‘ਇਹੀ ਠੀਕ ਤਰੀਕਾ ਹੈ। ਤੈਨੂੰ ਕੁਝ ਸਿਖਾਉਣ ਲਈ ਹੀ ਅਸੀਂ ਇਹ ਕਰ ਰਹੇ ਹਾਂ। ਲਿਆ ਤੂੰ ਕਹੇਂ ਤਾਂ ਮੈਂ ਤੋੜ ਦਿੰਦਾ ਹਾਂ ਇਸਨੂੰ!’’
ਪਿਤਾ ਜੀ ਨੇ ਹਥੌੜਾ ਚੁੱਕ ਵੀ ਲਿਆ ਸੀ ਅਤੇ ਮੈਂ ਮਾਂ ਦੀਆਂ ਘਬਰਾਈਆਂ ਅੱਖਾਂ ਤੇ ਪੇਸੈਕਸਨ ਦੀ ਥੱਕੀ ਹੋਈ ਮੁਸਕਰਾਹਟ ਨੂੰ ਦੇਖ ਕੇ ਸੋਚਿਆ ਕਿ ਹੁਣ ਮੈਨੂੰ ਹੀ ਕੁਝ ਕਰਨਾ ਪੈਣਾ ਹੈ। ਜੇ ਮੈਂ ਕੁਝ ਨਾ ਕੀਤਾ ਤਾਂ ਸਭ ਖ਼ਤਮ ਹੋ ਜਾਏਗਾ।
‘‘ਪਿਤਾ ਜੀ!’’ ਮੈਂ ਉਨ੍ਹਾਂ ਦੀਆਂ ਲੱਤਾਂ ਨੂੰ ਜੱਫ਼ਾ ਪਾ ਲਿਆ।
‘‘ਕੀ ਗੱਲ ਹੈ ਯੋਆਵੀ?’’ ਪਿਤਾ ਜੀ ਨੇ ਪੁੱਛਿਆ। ਉਨ੍ਹਾਂ ਦੇ ਹੱਥ ’ਚ ਫੜਿਆ ਹਥੌੜਾ ਹੁਣ ਵੀ ਹਵਾ ਵਿੱਚ ਸੀ।
‘‘ਮੈਨੂੰ ਇੱਕ ਸ਼ੈਕਲ ਹੋਰ ਚਾਹੀਦਾ ਹੈ! ਪਲੀਜ਼!’’ ਮੈਂ ਤਰਲੇ ਕਰ ਰਿਹਾ ਸੀ, ‘‘ਕੱਲ੍ਹ ਮੈਨੂੰ ਦੁੱਧ ਪੀਣ ਤੋਂ ਬਾਅਦ ਇੱਕ ਸ਼ੈਕਲ ਹੋਰ ਦੇ ਦੇਣਾ, ਇਸ ਵਿੱਚ ਪਾਉਣ ਲਈ। ਫਿਰ ਉਸ ਤੋਂ ਬਾਅਦ ਆਪਾਂ ਇਸ ਨੂੰ ਤੋੜ ਦੇਵਾਂਗੇ ! ਵਾਅਦਾ!’’
‘‘ਇੱਕ ਹੋਰ ਸ਼ੈਕਲ,’’ ਪਿਤਾ ਜੀ ਨੇ ਮੁਸਕਰਾਉਂਦਿਆਂ ਹਥੌੜਾ ਮੇਜ਼ ’ਤੇ ਰੱਖ ਦਿੱਤਾ, ‘‘ਦੇਖਿਆ, ਮੈਂ ਇਸ ਲੜਕੇ ਨੂੰ ਕਿੰਨਾ ਸਮਝਦਾਰ ਬਣਾ ਦਿੱਤਾ ਹੈ!’’
‘‘ਹਾਂ, ਸਮਝਦਾਰ!’’ ਮੈਂ ਕਿਹਾ, ‘‘ਕੱਲ੍ਹ ਸਵੇਰੇ, ਕੱਲ੍ਹ,’’ ਮੇਰੀ ਆਵਾਜ਼ ਗਲੇ ਵਿੱਚ ਫਸਦੀ ਜਾ ਰਹੀ ਸੀ।
ਉਨ੍ਹਾਂ ਦੋਵਾਂ ਦੇ ਕਮਰੇ ਵਿੱਚੋਂ ਚਲੇ ਜਾਣ ਤੋਂ ਬਾਅਦ ਮੈਂ ਪੇਸੈਕਸਨ ਨੂੰ ਘੁੱਟ ਕੇ ਜੱਫੀ ਪਾਈ ਤਾਂ ਮੇਰਾ ਰੋਣ ਨਿਕਲ ਗਿਆ। ਪੇਸੈਕਸਨ ਕੁਝ ਨਹੀਂ ਬੋਲਿਆ। ਸਿਰਫ਼ ਮੇਰੀਆਂ ਹਥੇਲੀਆਂ ਵਿੱਚ ਦੁਬਕਿਆ ਕੰਬਦਾ ਰਿਹਾ। ‘‘ਘਬਰਾ ਨਾ,’’ ਮੈਂ ਉਸੇ ਕੰਨ ਵਿੱਚ ਫੁਸਫਸਾਉਂਦਿਆਂ ਕਿਹਾ, ‘‘ਮੈਂ ਤੈਨੂੰ ਬਚਾਊਂਗਾ।’’
ਰਾਤ ਹੋਈ। ਮੈਂ ਇੰਤਜ਼ਾਰ ਕਰਦਾ ਰਿਹਾ ਕਿ ਬਾਹਰਲੇ ਕਮਰੇ ਵਿੱਚ ਬੈਠੇ ਪਿਤਾ ਜੀ ਕਦੋਂ ਟੀਵੀ ਬੰਦ ਕਰਕੇ ਸੌਣ ਲਈ ਜਾਂਦੇ ਹਨ। ਫਿਰ ਉਸ ਤੋਂ ਬਾਅਦ ਮੈਂ ਚੁੱਪਚਾਪ ਉੱਠਿਆ ਅਤੇ ਪੇਸੈਕਸਨ ਨੂੰ ਲੈ ਕੇ ਬਾਹਰ ਵਿਹੜੇ ਵਿੱਚ ਨਿਕਲ ਆਇਆ। ਹਨੇਰੇ ਵਿੱਚ ਕਾਫ਼ੀ ਦੇਰ ਚੱਲਣ ਤੋਂ ਬਾਅਦ ਅਸੀਂ ਝਾੜੀਆਂ ਵਾਲੇ ਇੱਕ ਮੈਦਾਨ ਵਿੱਚ ਪਹੁੰਚੇ। ‘‘ਸੂਰਾਂ ਨੂੰ ਖੇਤ ਬਹੁਤ ਚੰਗੇ ਲੱਗਦੇ ਹਨ,’’ ਮੈਂ ਪੇਸੈਕਸਨ ਨੂੰ ਜ਼ਮੀਨ ’ਤੇ ਲਿਟਾਉਂਦਿਆਂ ਕਿਹਾ, ‘‘ਖ਼ਾਸ ਤੌਰ ’ਤੇ ਝਾੜੀਆਂ ਵਾਲੇ ਖੇਤ! ਤੈਨੂੰ ਇੱਥੇ ਬਹੁਤ ਚੰਗਾ ਲੱਗੇਗਾ।’’
ਮੈਂ ਜਵਾਬ ਦਾ ਇੰਤਜ਼ਾਰ ਕਰਦਾ ਰਿਹਾ ਪਰ ਪੇਸੈਕਸਨ ਕੁਝ ਨਹੀਂ ਬੋਲਿਆ ਤੇ ਹੁਣ ਜਦੋਂ ਮੈਂ ਅਲਵਿਦਾ ਕਹਿਣ ਲਈ ਉਸ ’ਤੇ ਨੱਕ ਛੁਹਾਇਆ ਤਾਂ ਉਸ ਨੇ ਆਖ਼ਰੀ ਵਾਰ ਉਦਾਸੀ ਨਾਲ ਮੇਰੇ ਵੱਲ ਵੇਖਿਆ। ਉਸ ਨੂੰ ਪਤਾ ਸੀ ਕਿ ਹੁਣ ਇਸ ਤੋਂ ਬਾਅਦ ਉਹ ਮੈਨੂੰ ਕਦੇ ਦੇਖ ਨਹੀਂ ਸਕੇਗਾ।