ਦਿੱਲੀ: ਸੂਟਕੇਸ ’ਚੋਂ ਮਿਲੀ ਨੌਂ ਸਾਲਾ ਬੱਚੀ ਦੀ ਲਾਸ਼
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਜੂਨ
ਉੱਤਰ-ਪੂਰਬੀ ਦਿੱਲੀ ਦੇ ਦਿਆਲਪੁਰ ਇਲਾਕੇ ਵਿੱਚ ਇੱਕ ਗੁਆਂਢੀ ਦੇ ਘਰ ’ਚ ਸੂਟਕੇਸ ’ਚੋਂ ਨੌਂ ਸਾਲਾ ਬੱਚੀ ਦੀ ਲਾਸ਼ ਮਿਲੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਪ੍ਰਦਰਸ਼ਨ ਕਰਦਿਆਂ ਪੁਲੀਸ ’ਤੇ ਲਾਪ੍ਰਵਾਹੀ ਵਰਤਣ ਦੇ ਦੋਸ਼ ਲਾਏ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਮੰਗੀ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇਲਾਕੇ ਵਿੱਚ ਪੁਲੀਸ ਅਤੇ ਨੀਮ ਫ਼ੌਜੀ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ।
ਪੁਲੀਸ ਸੂਤਰਾਂ ਨੇ ਦੱਸਿਆ ਕਿ ਬੱਚੀ ਦੀ ਲਾਸ਼ ਨੂੰ ਸੂਟਕੇਸ ਵਿੱਚ ਪਾਉਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ ਜਾਪਦਾ ਹੈ। ਪੁਲੀਸ ਵੱਲੋਂ ਇਸ ਸਬੰਧੀ ਜਿਨਸੀ ਸ਼ੋਸ਼ਣ ਸਮੇਤ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਨੇ ਕਿਹਾ, ‘ਅਸੀਂ ਮੌਤ ਦੇ ਕਾਰਨ ਦੀ ਪੁਸ਼ਟੀ ਲਈ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੇ ਹਾਂ। ਫਰਾਰ ਮੁਲਜ਼ਮ ਨੂੰ ਫੜਨ ਲਈ ਪੁਲੀਸ ਟੀਮਾਂ ਬਣਾਈਆਂ ਗਈਆਂ ਹਨ।’ ਨਹਿਰੂ ਵਿਹਾਰ ਦੀ ਰਹਿਣ ਵਾਲੀ ਬੱਚੀ ਦੇ ਪਰਿਵਾਰ ਨੇ ਦੱਸਿਆ ਕਿ ਉਹ ਸ਼ਾਮ ਸੱਤ ਵਜੇ ਦੇ ਕਰੀਬ ਨੇੜੇ ਰਹਿੰਦੇ ਇੱਕ ਰਿਸ਼ਤੇਦਾਰ ਨੂੰ ਬਰਫ਼ ਦੇਣ ਗਈ ਸੀ। ਲੜਕੀ ਦੇ ਪਿਤਾ ਨੇ ਕਿਹਾ ਕਿ ਜਦੋਂ ਉਹ ਕਾਫ਼ੀ ਦੇਰ ਤੱਕ ਘਰ ਨਹੀਂ ਪਰਤੀ ਤਾਂ ਉਨ੍ਹਾਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਜਿਸ ਰਿਸ਼ਤੇਦਾਰ ਦੇ ਘਰ ਉਹ ਬਰਫ਼ ਦੇਣ ਗਈ ਸੀ, ਉਸ ਨੇ ਦੱਸਿਆ ਕਿ ਉਹ ਉੱਥੇ ਲਗਪਗ ਪੰਜ ਮਿੰਟ ਰੁਕ ਕੇ ਚਲੀ ਗਈ ਸੀ। ਬੱਚੀ ਦੇ ਪਿਤਾ ਨੇ ਕਿਹਾ, ‘ਅੰਤ ਕਿਸੇ ਨੇ ਸਾਨੂੰ ਦੱਸਿਆ ਕਿ ਉਹ ਨੇੜਲੇ ਘਰ ਗਈ ਸੀ, ਜਿੱਥੇ ਸਾਨੂੰ ਸੂਟਕੇਸ ’ਚੋਂ ਉਸ ਦੀ ਲਾਸ਼ ਮਿਲੀ।’ ਸੀਨੀਅਰ ਪੁਲੀਸ ਅਧਿਕਾਰੀ ਅਨੁਸਾਰ ਲੜਕੀ ਦੇ ਚਿਹਰੇ ’ਤੇ ਸੱਟਾਂ ਦੇ ਨਿਸ਼ਾਨ ਹਨ ਅਤੇ ਉਨ੍ਹਾਂ ਨੂੰ ਜਿਨਸੀ ਸ਼ੋਸ਼ਣ ਦਾ ਸ਼ੱਕ ਕੀਤਾ ਹੈ।
ਭਾਜਪਾ ਨੇ ਦਿੱਲੀ ’ਚ ਕਾਨੂੰਨ ਵਿਵਸਥਾ ਵਿਗਾੜੀ: ਕੇਜਰੀਵਾਲ
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ। ਕੇਜਰੀਵਾਲ ਨੇ ਐੱਕਸ ’ਤੇ ਕਿਹਾ, ‘ਭਾਜਪਾ ਨੇ ਦਿੱਲੀ ਵਿੱਚ ਕਾਨੂੰਨ ਵਿਵਸਥਾ ਵਿਗਾੜ ਦਿੱਤੀ ਹੈ। ਭਾਜਪਾ ਦੀ ਚਾਰ ਇੰਜਣ ਵਾਲੀ ਸਰਕਾਰ ਵਿੱਚ ਵੀ ਸਾਡੀਆਂ ਧੀਆਂ ਸੁਰੱਖਿਅਤ ਨਹੀਂ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉਨ੍ਹਾਂ ਦੀ ਚਾਰ ਇੰਜਣ ਵਾਲੀ ਸਰਕਾਰ ਨੂੰ ਜਵਾਬ ਦੇਣਾ ਪਵੇਗਾ।’ ਇਸ ਸਬੰਧੀ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਵੀ ਲਿਖਿਆ ਹੈ।