ਦਿੱਲੀ ਸਰਕਾਰ ਵੱਲੋਂ ਦਿਹਾੜੀਦਾਰਾਂ ਨੂੰ ਪੰਜ-ਪੰਜ ਹਜ਼ਾਰ ਰੁਪਏ ਦੇਣ ਦਾ ਐਲਾਨ

ਦਿੱਲੀ ਵਿੱਚ ਕੰਮ ਕਰਦੇ ਗਾਜ਼ੀਆਬਾਦ ਦੇ ਮੁਲਾਜ਼ਮ ਮੰਗਲਵਾਰ ਨੂੰ ਕਰਫਿਊ ਪਾਸ ਲੈਣ ਲਈ ਨਵੀਂ ਦਿੱਲੀ ਵਿੱਚ ਡੀਸੀਪੀ ਪੂਰਬੀ ਦੇ ਦਫਤਰ ਅੱਗੇ ਕਤਾਰਾਂ ਵਿੱਚ ਖੜ੍ਹੇ ਹੋਏ। -ਫੋਟੋ: ਮਾਨਸ ਰੰਜਨ ਭੂਈ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਮਾਰਚ
ਦਿੱਲੀ ਸਰਕਾਰ ਨੇ ਕਰੋਨਾਵਾਇਰਸ ਦੇ ਮੱਦੇਨਜ਼ਰ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਅੱਜ ਕੌਮੀ ਰਾਜਧਾਨੀ ਦੇ ਸਾਰੇ ਦਿਹਾੜੀਦਾਰਾਂ ਨੂੰ ਪੰਜ ਰੁਪਏ ਅਦਾ ਕਰਨ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ, ਉਪ ਰਾਜਪਾਲ, ਸਿਹਤ ਮੰਤਰੀ ਸਣੇ ਹੋਰ ਉੱਚ ਅਧਿਕਾਰੀਆਂ ਦੀ ਕਰਫਿਊ ਤੇ ਦਿੱਲੀ ਦੇ ਆਮ ਹਾਲਾਤ ਬਾਰੇ ਚਰਚਾ ਕੀਤੀ ਗਈ।
ਵੀਡੀਓ ਲਿੰਕ ਰਾਹੀਂ ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਥਿਤੀ ਨਾਲ ਨਜਿੱਠਣ ਲਈ ਸਾਰੇ ਦਿਹਾੜੀਦਾਰ ਕਾਮਿਆਂ ਨੂੰ 5000 ਰੁਪਏ ਅਦਾ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 40 ਘੰਟਿਆਂ ਵਿੱਚ ਦਿੱਲੀ ਵਿੱਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। 30 ਮਰੀਜ਼ਾਂ ’ਚੋਂ 23 ਇਲਾਜ ਅਧੀਨ ਹਨ। ਇਸ ਦੌਰਾਨ ਸਿਰਫ਼ ਇੱਕ ਵਿਅਕਤੀ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ, ‘‘ਸਾਨੂੰ ਸਮਝਣਾ ਪਵੇਗਾ ਕਿ ਇਹ ਲੜਾਈ ਬਹੁਤ ਲੰਬੀ ਹੈ। ਕਿਸੇ ਵੀ ਪਲ ਗਿਣਤੀ ਵੱਧ ਸਕਦੀ ਹੈ।’’ ਕੇਜਰੀਵਾਲ ਨੇ ਕਿਹਾ ਕਿ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਕੱਲ੍ਹ ਨੂੰ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਸੀ। ਹੁਣ ਦਿੱਲੀ ਵਿੱਚ ਕਰਫਿਊ ਲੱਗਿਆ ਹੋਇਆ ਹੈ। ਜਾਨਾਂ ਬਚਾਉਣ ਲਈ ਸਖ਼ਤ ਕਦਮ ਚੁੱਕ ਰਹੇ ਹਾਂ। ਉਨ੍ਹਾਂ ਕਿਹਾ ਕਿ ਕਰਫਿਊ ਤੇ ਤਾਲਾਬੰਦੀ ਦੀ ਸਥਿਤੀ ਦੇ ਬਾਵਜੂਦ ਦਿੱਲੀ ਵਿੱਚ ਭੁੱਖ ਕਾਰਨ ਕਿਸੇ ਦੀ ਮੌਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਦਿੱਲੀ ਵਿੱਚ ਕਰੋਨਾਵਾਇਰਸ ਦੇ ਅਗਲੇ ਪੜਾਅ ਵਿੱਚ ਪੁੱਜਣ ਤੋਂ ਪਹਿਲਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਅਤੇ ਜੋ ਕਮੀਆਂ ਰਹਿ ਗਈਆਂ ਹਨ, ਉਨ੍ਹਾਂ ਸਬੰਧੀ ਪੰਜ ਮਾਹਿਰ ਡਾਕਟਰਾਂ ਦੀ ਟੀਮ ਬਣਾਈ ਗਈ ਹੈ, ਜੋ 24 ਘੰਟਿਆਂ ਵਿੱਚ ਰਿਪੋਰਟ ਦੇਵੇਗੀ। ਉਨ੍ਹਾਂ ਦਿੱਲੀ ਵਾਸੀਆਂ ਨੂੰ ਘਰਾਂ ਵਿੱਚ ਰਹਿਣ ਦੀ ਮੁੜ ਅਪੀਲ ਵੀ ਕੀਤੀ।
ਦਿੱਲੀ ਸਰਕਾਰ ਵੀ ਹੋਰ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਜਨਤਕ ਆਵਾਜਾਈ, ਲੋਕਾਂ ਦੇ ਇਕੱਠ ਰੋਕਣ, ਗੈਰ-ਜ਼ਰੂਰੀ ਸਰਗਰਮੀਆਂ ਰੋਕ ਕੇ ਲੋਕਾਂ ਨੂੰ ਸਮਾਜਿਕ ਦੂਰੀਆਂ ਦੇ ਕਾਰਗਰ ਹਥਿਆਰ ਨਾਲ ਕੋਵਿਡ-19 ਦਾ ਟਾਕਰਾ ਕਰਨ ਦੀ ਮੁਹਿੰੰਮ ਵਿੱਚ ਸ਼ਾਮਲ ਹੋਈ ਹੈ। ਜਨਤਕ ਸਿਹਤ ਸੰਕਟ ਦੌਰਾਨ ਹੁਣ ਉਹ ਸਮਾਂ ਹੈ, ਜਿੱਥੇ ਜਿੱਥੇ ਇਕ ਵਿਅਕਤੀ ਤੋਂ ਦੂਜੇ ਤੱਕ ਕਰੋਨਾ ਫੈਲਣ ਦਾ ਡਰ ਬਣ ਗਿਆ ਹੈ। ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੀਓਆਈਡੀਆਈਡੀ-19 ਦੀ ਰੋਕਥਾਮ ਅਤੇ ਰੋਕਥਾਮ ਲਈ 23 ਮਾਰਚ ਤੋਂ 31 ਮਾਰਚ ਤੱਕ ਦਿੱਲੀ ਵਿੱਚ ਮੁਕੰਮਲ ਤਾਲਾਬੰਦੀ ਦਾ ਐਲਾਨ ਕੀਤਾ ਸੀ।

ਭੋਜਨ ਲਈ ਲੋੜਵੰਦਾਂ ਨੂੰ ਪਨਾਹਗਾਹਾਂ ’ਚ ਭੇਜਣ ਦਾ ਸੱਦਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਰਫਿਊ ਕਾਰਨ ਬਹੁਤ ਸਾਰੇ ਲੋਕਾਂ ਨੂੰ ਭੋਜਨ ਨਹੀਂ ਮਿਲ ਰਿਹਾ ਸੀ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਅਜਿਹੇ ਲੋਕਾਂ ਨੂੰ ਦਿੱਲੀ ਸਰਕਾਰ ਦੇ ਨਜ਼ਦੀਕੀ ਸ਼ੈਲਟਰਾਂ ਵਿੱਚ ਭੇਜਣ ਜਿਥੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਸ਼ਹਿਰ ਦੀਆਂ 234 ਪਨਾਹਗਾਹਾਂ ਦੀ ਸੂਚੀ ਤੇ ਪਤਾ ਸਾਂਝਾ ਕੀਤਾ। ਉਨ੍ਹਾਂ ਲੋਕਾਂ ਦੇ ਨਜ਼ਦੀਕੀ ਪਨਾਹ ਲੱਭਣ ਲਈ ਉਨ੍ਹਾਂ ਦੇ ਨਕਸ਼ੇ/ਥਾਵਾਂ ਵੀ ਸਾਂਝੀਆਂ ਕੀਤੀਆਂ। ਕੇਜਰੀਵਾਲ ਨੇ ਕਿਹਾ, ‘ਮੈਨੂੰ ਪਤਾ ਲੱਗਿਆ ਹੈ ਕਿ ਕੁਝ ਲੋਕਾਂ ਨੂੰ ਕਰਫਿਊ ਕਾਰਨ ਭੋਜਨ ਨਹੀਂ ਮਿਲ ਰਿਹਾ, ਜੇ ਤੁਸੀਂ ਕਿਸੇ ਨਾਲ ਸੰਪਰਕ ’ਚ ਹੋ ਜੋ ਭੋਜਨ ਤੇ ਸਹਾਇਤਾ ਦੀ ਭਾਲ ਕਰ ਰਿਹਾ ਹੈ ਤਾਂ ਉਨ੍ਹਾਂ ਨੂੰ ਦਿੱਲੀ ਸਰਕਾਰ ਦੇ ਨੇੜਲੇ ਸ਼ੈਲਟਰ ਨੂੰ ਭੇਜੋ ਉਥੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ’।

ਹਾਲਾਤ ਬੇਕਾਬੂ ਨਹੀਂ ਹੋਣ ਦੇਵਾਂਗੇ: ਕੇਜਰੀਵਾਲ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਕੌਮੀ ਰਾਜਧਾਨੀ ਵਿੱਚ ਕੋਈ ਨਵਾਂ ਕਰੋਨਵਾਇਰਸ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਕੇਜਰੀਵਾਲ ਨੇ ਟਵਿਟਰ ’ਤੇ ਕਿਹਾ ਕਿ ਹਾਲਾਤ ਨੂੰ ਕਾਬੂ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ, ਇਹੀ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਹੈ।’ ਉਨ੍ਹਾਂ ਕਿਹਾ, ‘ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਪੰਜ ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ ਪਰ ਸਾਨੂੰ ਖੁਸ਼ ਨਹੀਂ ਹੋਣਾ ਚਾਹੀਦਾ। ਕੇਜਰੀਵਾਲ ਨੇ ਅੱਜ ਟਵਿੱਟਰ ’ਤੇ ਕਿਹਾ, ‘ਹੁਣ ਸਭ ਤੋਂ ਵੱਡੀ ਚੁਣੌਤੀ ਸਥਿਤੀ ਨੂੰ ਕਾਬੂ ਤੋਂ ਬਾਹਰ ਨਾ ਜਾਣ ਦੇਣਾ ਹੈ, ਸਾਨੂੰ ਤੁਹਾਡੇ ਸਮਰਥਨ ਦੀ ਲੋੜ ਹੈ।’ -ਪੱਤਰ ਪ੍ਰੇਰਕ