ਦਿੱਲੀ ਸਣੇ ਐੱਨਸੀਆਰ ਵਿੱਚ ਦਸਹਿਰਾ ਧੂਮਧਾਮ ਨਾਲ ਮਨਾਇਆ

ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਅਕਤੂਬਰ
ਬੁਰਾਈ ’ਤੇ ਚੰਗਿਆਈ ਦਾ ਪ੍ਰਤੀਕ ਤਿਉਹਾਰ ਦਿੱਲੀ ਸਮੇਤ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ ਪਰ ਬਾਰੂਦ ਵਾਲੇ ਪਟਾਕੇ ਚਲਾਉਣ ਉਪਰ ਲੱਗੀ ਪਾਬੰਦੀ ਕਾਰਨ ਰਾਮ ਲੀਲਾਵਾਂ ਦੇ ਪ੍ਰਬੰਧਕਾਂ ਤੇ ਦਸਹਿਰਾ ਕਮੇਟੀਆਂ ਨੂੰ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਵਿੱਚ ਪਟਾਕਿਆਂ ਦੀ ਥਾਂ ਬਦਲਵੇਂ ਪ੍ਰਬੰਧ ਕਰਨੇ ਪਏ ਤਾਂ ਜੋ ਪੁਤਲੇ ਆਸਾਨੀ ਨਾਲ ਸੜ ਸਕਣ। ਦਿੱਲੀ ਵਿੱਚ ਵੱਖ-ਵੱਖ ਥਾਵਾਂ ’ਤੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਫੂਕੇ ਗਏ ਤੇ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਦੁਆਰਕਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹੋਏ। ਐੱਨਸੀਆਰ ਦੇ ਸ਼ਹਿਰਾਂ ਫ਼ਰੀਦਾਬਾਦ ਵਿੱਚ ਐੱਨਆਈਟੀ ਦੇ ਦਸਹਿਰਾ ਮੈਦਾਨ, ਬੱਲਭਗੜ੍ਹ ਦੇ ਦਸਹਿਰਾ ਮੈਦਾਨ ਤੇ ਸੈਕਟਰ-31 ਨੇੜੇ ਰਾਵਣ ਤੇ ਸਾਥੀਆਂ ਦੇ ਪੁਤਲੇ ਸਾੜੇ ਗਏ।
ਗਾਜ਼ੀਆਬਾਦ, ਗੁਰੂਗ੍ਰਾਮ, ਨੋਇਡਾ, ਗ੍ਰੈਟਰ ਨੋਇਡਾ ਵਿੱਚ ਵੀ ਕਮੇਟੀਆਂ ਵੱਲੋਂ ਪੁੱਤਲੇ ਸਾੜ ਕੇ ਦਸਹਿਰਾ ਮਨਾਇਆ ਗਿਆ। ਸਿਆਸੀ ਆਗੂਆਂ ਦੀ ਆਮਦ ਵੀ ਬਣੀ ਰਹੀ। ਦੁਸਹਿਰ ਮੌਕੇ ਲੋਕਾਂ ਕਾਫ਼ੀ ਜ਼ਿਆਦਾ ਉਤਸ਼ਾਹ ਵੇਖਣ ਨੂੰ ਮਿਲਿਆ ਤੇ ਇਸ ਦੌਰਾਨ ਬਾਜ਼ਾਰਾਂ ਵਿੱਚ ਸ਼ੋਭਾ ਯਾਤਰਾ ਵੀ ਕੱਢੀ ਗਈ। ਰਾਵਣ ਦਹਿਨ ਮੌਕੇ ਮੈਦਾਨਾਂ ਵਿੱਚ ਲੋਕ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।

Tags :