ਦਿੱਲੀ ਵਾਸੀਆਂ ਵੱਲੋਂ ਨਕਾਰੇ ਆਗੂਆਂ ਦੇ ਪੰਜਾਬ ’ਚ ਡੇਰੇ: ਅਨੁਰਾਗ
ਆਤਿਸ਼ ਗੁਪਤਾ
ਚੰਡੀਗੜ੍ਹ, 10 ਜੂਨ
ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਵੱਲੋਂ ਨਕਾਰੇ ਹੋਏ ਆਗੂਆਂ ਨੇ ਪੰਜਾਬ ਵਿੱਚ ਡੇਰੇ ਲਗਾ ਲਏ ਹਨ। ਹੁਣ ਉਹ ਪੰਜਾਬ ਸਹਾਰੇ ਰਾਜ ਸਭਾ ਵਿੱਚ ਜਾਣ ਦੇ ਸੁਫ਼ਨੇ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਜੇਕਰ ਉਹ ਲੁਧਿਆਣਾ ਤੋਂ ਜਿੱਤਦੀ ਹੈ ਤਾਂ ਸੰਜੀਵ ਅਰੋੜਾ ਦੀ ਜਗ੍ਹਾ ਰਾਜ ਸਭਾ ਵਿੱਚ ਪੰਜਾਬੀ ਨੂੰ ਹੀ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ’ਚੋਂ ਨਸ਼ਾ ਖ਼ਤਮ ਵਿੱਚ ਵੀ ਨਾਕਾਮ ਰਹੀ ਹੈ। ਅਨੁਰਾਗ ਠਾਕੁਰ ਅੱਜ ਚੰਡੀਗੜ੍ਹ ਦੇ ਸੈਕਟਰ-33 ਸਥਿਤ ਭਾਜਪਾ ਦੇ ਦਫ਼ਤਰ ਵਿੱਚ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਰਹੇ ਸਨ। ਅਨੁਰਾਗ ਠਾਕੁਰ ਨੇ ਕਿਹਾ ਕਿ ‘ਆਪ’ ਸਰਕਾਰ ਦੇ ਸਵਾ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਦੇ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੁੰਦੀ ਜਾ ਰਹੀ ਹੈ ਤੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਵਿੱਚ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਆਗੂਆਂ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਾਰੀਆਂ ਫ਼ਸਲਾਂ ਐੱਮਐੱਸਪੀ ’ਤੇ ਖ਼ਰੀਦਣ ਦਾ ਐਲਾਨ ਕੀਤਾ ਸੀ ਪਰ ਅੱਜ ਤੱਕ ਇਕ ਵੀ ਫ਼ਸਲ ਐੱਮਐੱਸਪੀ ’ਤੇ ਨਹੀਂ ਖ਼ਰੀਦੀ। ਜਦੋਂਕਿ ਹਰਿਆਣਾ ਵਿੱਚ ਭਾਜਪਾ ਸਰਕਾਰ 24 ਫ਼ਸਲਾਂ ਐੱਮਐੱਸਪੀ ’ਤੇ ਖ਼ਰੀਦ ਰਹੀ ਹੈ। ਇਸ ਦੌਰਾਨ ਅਨੁਰਾਗ ਠਾਕੁਰ ਨੇ ਕੇਂਦਰ ਸਰਕਾਰ ਦੀਆਂ 11 ਸਾਲਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਜਪਾ ਨੇ ਦੇਸ਼ ਵਿੱਚੋਂ ਗ਼ਰੀਬੀ ਦਾ ਖ਼ਾਤਮਾ ਕਰਨ ਲਈ ਠੋਸ ਕਦਮ ਚੁੱਕੇ ਹਨ। ਇਸ ਦੌਰਾਨ ਸੂਬੇ ਵਿੱਚ ਛੋਟੇ ਵਪਾਰੀਆਂ ਨੂੰ ਮੁਦਰਾ ਯੋਜਨਾ ਅਧੀਨ ਕਰਜ਼ੇ ਦਿੱਤੇ ਜਾ ਰਹੇ ਹਨ, ਜਿਸ ਨਾਲ ਕੋਈ ਵੀ ਵਿਅਕਤੀ ਆਪਣਾ ਕਾਰੋਬਾਰ ਸ਼ੁਰੂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਦੇਸ਼ ਨੂੰ 2047 ਤੱਕ ਵਿਸ਼ਵ ਸ਼ਕਤੀ ਬਣਾਉਣ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।