ਦਿੱਲੀ ਚੋਣਾਂ ’ਚ ਪ੍ਰਚਾਰ ਮਗਰੋਂ ਪੰਜਾਬ ਪਰਤੇ ਮੁੱਖ ਮੰਤਰੀ
ਚਰਨਜੀਤ ਭੁੱਲਰ
ਚੰਡੀਗੜ੍ਹ, 3 ਫਰਵਰੀ
ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਚੋਣਾਂ ਵਿੱਚ ਪ੍ਰਚਾਰ ਕਰਨ ਮਗਰੋਂ ਅੱਜ ਪੰਜਾਬ ਪਰਤ ਆਏ ਹਨ। ਜਿਉਂ ਹੀ ਦਿੱਲੀ ਚੋਣਾਂ ਦਾ ਪ੍ਰਚਾਰ ਅੱਜ ਸ਼ਾਮ ਪੰਜ ਵਜੇ ਸਮਾਪਤ ਹੋਇਆ ਤਾਂ ਪੰਜਾਬ ਤੋਂ ਕਈ ਦਿਨਾਂ ਤੋਂ ਦਿੱਲੀ ਵਿੱਚ ਡੇਰੇ ਲਾਈ ਬੈਠੇ ਵਜ਼ੀਰਾਂ ਤੇ ਵਿਧਾਇਕਾਂ ਨੇ ਪੰਜਾਬ ਵੱਲ ਚਾਲੇ ਪਾ ਦਿੱਤੇ ਹਨ। ਆਮ ਆਦਮੀ ਪਾਰਟੀ ਲਈ ਇਹ ਚੋਣ ਵੱਕਾਰੀ ਹੈ। ‘ਆਪ’ ਦੀ ਪੰਜਾਬ ਇਕਾਈ ਲਈ ਵੀ ਇਹ ਚੋਣ ਵੱਡੀ ਪ੍ਰੀਖਿਆ ਵਾਂਗ ਹੈ ਕਿਉਂਕਿ ਇਨ੍ਹਾਂ ਚੋਣਾਂ ਦੇ ਨਤੀਜੇ ਪੰਜਾਬ ਵਿਚ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨਗੇ।
ਐਤਕੀਂ ਭਾਜਪਾ ਅਤੇ ‘ਆਪ’ ਦਰਮਿਆਨ ਸਖ਼ਤ ਟੱਕਰ ਹੈ ਅਤੇ ਭਾਜਪਾ ਨੇ ਇਨ੍ਹਾਂ ਚੋਣਾਂ ਨੂੰ ਜਿੱਤਣ ਲਈ ਪੂਰੀ ਤਾਕਤ ਝੋਕ ਦਿੱਤੀ ਹੈ। ‘ਆਪ’ ਲਈ ਵੀ ਇਹ ਚੋਣ ਕਰੋ ਜਾਂ ਮਰੋ ਵਾਂਗ ਹੈ। ਮੁੱਖ ਮੰਤਰੀ ਮਾਨ ਨੇ ਅੱਜ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਤਿੰਨ ਰੋਡ ਸ਼ੋਅ ਕੀਤੇ ਅਤੇ ਉਨ੍ਹਾਂ ਸਮੁੱਚੇ ਪਰਿਵਾਰ ਸਣੇ ਇਨ੍ਹਾਂ ਚੋਣਾਂ ਵਿੱਚ ਕੇਜਰੀਵਾਲ ਦੀ ਜਿੱਤ ਲਈ ਮਿਹਨਤ ਕੀਤੀ ਹੈ। ਅੱਧ ਜਨਵਰੀ ਮਗਰੋਂ ਉਹ ਚਾਰ ਦਿਨਾਂ ਲਈ ਹੀ ਪੰਜਾਬ ਪਰਤੇ ਸਨ ਅਤੇ ਬਾਕੀ ਦਿਨ ਉਨ੍ਹਾਂ ਨੇ ਕਰੀਬ 50 ਵਿਧਾਨ ਸਭਾ ਹਲਕਿਆਂ ਵਿੱਚ ਰੋਡ ਸ਼ੋਅ ਕੀਤੇ। ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਅੱਜ ਪੰਜਾਬ ਆ ਗਏ ਹਨ। ‘ਆਪ’ ਦੇ ਸਟਾਰ ਪ੍ਰਚਾਰਕ ਵਜੋਂ ਦਿੱਲੀ ਚੋਣਾਂ ਵਿੱਚ ਭਗਵੰਤ ਮਾਨ ਦੀ ਚਾਰੇ ਪਾਸੇ ਮੰਗ ਰਹੀ।
ਪੰਜਾਬ ’ਚੋਂ ਕਾਂਗਰਸ ਪਾਰਟੀ ਅਤੇ ਭਾਜਪਾ ਦੀ ਟੀਮ ਵੀ ਦਿੱਲੀ ਚੋਣਾਂ ਵਿੱਚ ਸਰਗਰਮ ਰਹੀ ਪਰ ਉਨ੍ਹਾਂ ਦਾ ਚੋਣ ਪ੍ਰਚਾਰ ਉੱਭਰਵੇਂ ਰੂਪ ਵਿੱਚ ਸਾਹਮਣੇ ਨਹੀਂ ਆ ਸਕਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਲੀ ਚੋਣਾਂ ਵਿੱਚ ਵਿਸ਼ੇਸ਼ ਜ਼ਿੰਮੇਵਾਰੀ ਸੌਂਪੀ ਗਈ ਸੀ। ਜੋ ਵੇਰਵੇ ਪ੍ਰਾਪਤ ਹੋਏ ਹਨ, ਉਨ੍ਹਾਂ ਮੁਤਾਬਕ ਦਿੱਲੀ ਚੋਣਾਂ ਵਿੱਚ ਪੰਜਾਬ ਦੇ ਸਭਨਾਂ ਧਿਰਾਂ ਦੇ ਨੇਤਾਵਾਂ ’ਚੋਂ ਮੁੱਖ ਮੰਤਰੀ ਦੇ ਸਭ ਤੋਂ ਵੱਧ ਰੋਡ ਸ਼ੋਅ ਹੋਏ ਹਨ।
ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਵੀ ਦਿੱਲੀ ਚੋਣਾਂ ਵਿੱਚ ਪ੍ਰਚਾਰ ਕੀਤਾ ਹੈ ਜਦੋਂਕਿ ਭਾਜਪਾ ਦੇ ਆਗੂਆਂ ਦੀ ਟੀਮ ਵੀ ਪੰਜਾਬ ’ਚੋਂ ਗਈ ਹੋਈ ਸੀ। ‘ਆਪ’ ਦੇ ਪ੍ਰਧਾਨ ਅਮਨ ਅਰੋੜਾ ਵੀ ਵਾਪਸ ਆ ਗਏ ਹਨ। ਪੰਜਾਬ ਦੇ ਬਹੁਤੇ ਮੰਤਰੀ ਇਸ ਡਰੋਂ ਹੀ ਦਿੱਲੀ ਵਿੱਚ ਬੈਠੇ ਰਹੇ ਕਿ ਭਵਿੱਖ ਵਿਚ ਉਨ੍ਹਾਂ ਦੀ ਝੰਡੀ ਵਾਲੀ ਕਾਰ ਸੁਰੱਖਿਅਤ ਰਹਿ ਸਕੇ। ਪੰਜਾਬ ਦੀਆਂ ਵਿਰੋਧੀ ਧਿਰਾਂ ਨੇ ਸੂਬੇ ’ਚੋਂ ਮੁੱਖ ਮੰਤਰੀ ਦੀ ਗ਼ੈਰਹਾਜ਼ਰੀ ’ਤੇ ਸੁਆਲ ਵੀ ਚੁੱਕੇ ਸਨ।
ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਪਰਤਣ: ਬਿੱਟੂ
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਪੰਜਾਬ ਦੇ ‘ਆਪ’ ਆਗੂਆਂ ਨੂੰ ਚੋਣ ਪ੍ਰਚਾਰ ਸਮਾਪਤ ਹੋਣ ਮਗਰੋਂ ਦਿੱਲੀ ਛੱਡਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਕੌਮੀ ਲੀਡਰਸ਼ਿਪ ਨੇ ਪੰਜਾਬ ਦੇ ਨੇਤਾਵਾਂ ਨੂੰ ਪਹਿਲਾਂ ਖ਼ੁਦ ਹੀ ਗ੍ਰਿਫ਼ਤਾਰ ਕਰਾਉਣ ਦੀ ਸਾਜ਼ਿਸ਼ ਰਚੀ। ਉਨ੍ਹਾਂ ਕਿਹਾ ਕਿ ‘ਆਪ’ ਅਜਿਹਾ ਕਰ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕਰੇਗੀ ਕਿ ਦਿੱਲੀ ਪੁਲੀਸ ਨੇ ਪੰਜਾਬੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ‘ਆਪ’ ਇਸ ਮੌਕੇ ਨੂੰ ਸਿਆਸੀ ਤੌਰ ’ਤੇ ਵਰਤਣਾ ਚਾਹੁੰਦੀ ਹੈ।