ਦਿੱਲੀ ਗੁਰਦੁਆਰਾ ਕਮੇਟੀ ਦੀਆਂ ਮੁਸ਼ਕਲਾਂ ਵਧੀਆਂ

ਸੁੰਨਾ ਪਿਆ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ।-ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਮਾਰਚ
ਕਰੋਨਾਵਾਇਰਸ ਦੇ ਮੱਦੇਨਜ਼ਰ ਜਾਰੀ ਤਾਲਾਬੰਦੀਆਂ ਅਤੇ ਕਰਫਿਊ ਕਾਰਨ ਘਾਟੇ ਵਿੱਚ ਚੱਲ ਰਹੀ ਸਿੱਖਾਂ ਦੀ ਦੂਜੀ ਵੱਡੀ ਧਾਰਮਿਕ ਸੰਸਥਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਸਮੱਸਿਆ ਹੋਰ ਵਧਾ ਦਿੱਤੀ ਹੈ। ਇਸ ਲਈ ਕਮੇਟੀ ਲਈ ਆਉਣ ਵਾਲਾ ਸਮਾਂ ਹੋਰ ਵੀ ਔਖਾ ਹੋਵੇਗਾ। ਕੌਮੀ ਰਾਜਧਾਨੀ ਦੇ 11 ਇਤਿਹਾਸਕ / ਵੱਡੇ ਗੁਰਦੁਆਰਿਆਂ, 13 ਖ਼ਾਲਸਾ ਸਕੂਲਾਂ ਅਤੇ ਕਈ ਉੱਚ ਸਿੱਖਿਆ ਸੰਸਥਾਵਾਂ ਦਾ ਪ੍ਰਬੰਧ ਦੇਖ ਰਹੀ ਇਸ ਕਮੇਟੀ ਦਾ ਖਰਚਿਆਂ ਦਾ ਮੁੱਖ ਸਰੋਤ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਮਜਨੂੰ ਕਾ ਟਿੱਲਾ, ਗੁਰਦੁਆਰਾ ਬਾਲਾ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਨਾਨਕ ਪਿਆਉ, ਗੁਰਦੁਆਰਾ ਬਾਬਾ ਬੰਦਾ ਬਹਾਦਰ ਸਿੰਘ ਤੇ ਹੋਰ ਗੁਰਦੁਆਰਿਆਂ ਦੀ ਗੋਲਕ ਹੈ। ਕਰੋਨਾਵਾਇਰਸ ਦੇ ਕਹਿਰ ਕਾਰਨ ਪਹਿਲਾਂ ਜਨਤਾ ਕਰਫਿਊ, ਫਿਰ ਲੌਕਡਾਊਨ ਤੇ ਹੁਣ ਕਰਫਿਊ ਦੌਰਾਨ ਕਰੀਬ ਹਫ਼ਤੇ ਤੋਂ ਸੰਗਤ ਦੇ ਚੜ੍ਹਾਵੇ ਕਾਰਨ ਉਕਤ ਗੁਰਦੁਆਰਿਆਂ ਦੀ ਹੋਣ ਵਾਲੀ ਆਮਦਨ ਲਗਪਗ ਬੰਦ ਹੋ ਗਈ ਹੈ ਜਿਸ ਦਾ ਸਿੱਧਾ ਅਸਰ ਗੋਲਕ ਉਪਰ ਪਿਆ। ਸਾਰੇ ਗੁਰਦੁਆਰਿਆਂ ਦੀ ਗੋਲਕ ਤੋਂ ਰੋਜ਼ਾਨਾ ਕਰੀਬ 30 ਲੱਖ ਰੁਪਏ ਦੀ ਆਮਦਨ ਹੁੰਦੀ ਆਈ ਹੈ ਜੋ ਹੁਣ ਨਾ ਦੇ ਬਰਾਬਰ ਹੋ ਗਈ।
ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਪ੍ਰਧਾਨ ਵੱਜੋਂ ਚਾਰਜ ਸੰਭਾਲਿਆ ਸੀ ਤਾਂ ਕਮੇਟੀ ਦੇ ਖਾਤੇ ’ਚ 10 ਲੱਖ ਰੁਪਏ ਸਨ ਅਤੇ 2 ਕਰੋੜ ਰੁਪਏ ਦੀ ਦੇਣਦਾਰੀ ਕਮੇਟੀ ਸਿਰ ਖੜ੍ਹੀ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨਗੀ ਸਾਂਭਣ ਸਮੇਂ ਕਮੇਟੀ ’ਤੇ ਸਕੂਲਾਂ ਦੀ ਕਰੀਬ 50 ਕਰੋੜ ਦੀ ਦੇਣਦਾਰੀ ਸੀ ਜਿਸ ’ਚੋਂ 10 ਕਰੋੜ ਦਿੱਤੇ ਜਾ ਚੁੱਕੇ ਹਨ। ਹੁਣ ਜਦੋਂ ਸਕੂਲ ਖੁੱਲ੍ਹਣਗੇ ਉਦੋਂ ਮਾਪਿਆਂ ਅੱਗੇ ਅਗਲੇ ਵਿੱਦਿਅਕ ਸੈਸ਼ਨ ਦੌਰਾਨ ਵੱਡੀ ਚੁਣੌਤੀ ਹੋਵੇਗੀ ਕਿ ਸਭ ਦੇ ਕਾਰੋਬਾਰ ਪ੍ਰਭਾਵਿਤ ਹੋਏ ਹਨ। ਇਸ ਦਾ ਅਸਰ ਕਮੇਟੀ ਉਪਰ ਵੀ ਪਵੇਗਾ ਕਿਉਂਕਿ ਤਨਖ਼ਾਹਾਂ ਬਕਾਇਆ ਹੋਣਗੀਆਂ।