For the best experience, open
https://m.punjabitribuneonline.com
on your mobile browser.
Advertisement

ਦਿਲ ਦੇ ਰਿਸ਼ਤੇ

04:44 AM May 17, 2025 IST
ਦਿਲ ਦੇ ਰਿਸ਼ਤੇ
Advertisement

ਕਮਲਜੀਤ ਕੌਰ ਗੁੰਮਟੀ
ਇਸ ਸੰਸਾਰ ਵਿੱਚ ਮਨੁੱਖ ਨੇ ਬਹੁਤ ਕੁਝ ਹਾਸਿਲ ਕੀਤਾ ਹੈ, ਵਿਗਿਆਨ, ਤਕਨਾਲੋਜੀ, ਦੌਲਤ, ਸ਼ੋਹਰਤ, ਪਰ ਸਭ ਤੋਂ ਸੁੰਦਰ ਅਤੇ ਅਨਮੋਲ ਜੋ ਮਨੁੱਖ ਨੂੰ ਮਿਲਿਆ ਹੈ, ਉਹ ਹਨ ਦਿਲਾਂ ਦੇ ਰਿਸ਼ਤੇ। ਇਹ ਰਿਸ਼ਤੇ ਕੋਈ ਮਨੁੱਖੀ ਬਣਾਵਟ ਨਹੀਂ, ਇਹ ਤਾਂ ਪਰਮਾਤਮਾ ਦੀ ਅਦ੍ਰਿਸ਼ ਬਖ਼ਸ਼ਿਸ਼ ਹਨ, ਜੋ ਰੂਹ ਤੋਂ ਰੂਹ ਤੱਕ, ਦਿਲ ਤੋਂ ਦਿਲ ਤੱਕ ਇੱਕ ਅਣਸੁਣੀ, ਪਰ ਲਿਵਬੱਧ ਡੋਰ ਨਾਲ ਜੁੜਦੇ ਹਨ।
ਦਿਲ ਦੇ ਰਿਸ਼ਤੇ ਲਫ਼ਜ਼ਾਂ ਦੇ ਮੁਹਤਾਜ਼ ਨਹੀਂ, ਸਗੋਂ ਹਸਤੀ ਦੀ ਝਲਕ ਅਤੇ ਖਾਮੋਸ਼ੀ ਦੇ ਰੰਗਾਂ ਵਿੱਚ ਹੀ ਰਚਦੇ ਹਨ। ਜਦ ਇਨਸਾਨ, ਜੀਵ ਜੰਤੂ, ਰੁੱਖ-ਬੂਟੇ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਬਿਨਾਂ ਕਿਸੇ ਬੋਲਣ ਦੇ ਸਮਝਣ ਲੱਗ ਪੈਂਦੇ ਹਨ ਤਾਂ ਇਹ ਸਿੱਧ ਕਰ ਦਿੰਦਾ ਹੈ ਕਿ ਉਹ ਰਿਸ਼ਤਾ ਸਿਰਫ਼ ਸਰੀਰਕ ਜਾਂ ਮਾਨਸਿਕ ਨਹੀਂ, ਸਗੋਂ ਰੂਹਾਨੀ ਪੱਧਰ ਉੱਤੇ ਬਣਿਆ ਹੋਇਆ ਹੈ। ਇਨਸਾਨੀ ਪੱਧਰ ’ਤੇ ਇਹ ਰਿਸ਼ਤੇ ਮਾਂ-ਬੇਟੇ ਵਿੱਚ, ਦੋਸਤਾਂ ਵਿੱਚ, ਪਤੀ-ਪਤਨੀ ਵਿੱਚ ਅਤੇ ਕਿਸੇ ਅਣਜਾਣ ਵਿਅਕਤੀ ਨਾਲ ਵੀ ਬਣਦੇ ਹਨ।
ਕਈ ਵਾਰੀ ਕੋਈ ਅਜਿਹਾ ਵੀ ਮਿਲਦਾ ਹੈ ਜਿਸ ਨਾਲ ਪਹਿਲੀ ਵਾਰ ਮਿਲਣ ’ਤੇ ਹੀ ਦਿਲ ਦਾ ਰਿਸ਼ਤਾ ਬਣ ਜਾਂਦਾ ਹੈ। ਇਹ ਰਿਸ਼ਤੇ ਕਿਸੇ ਲਾਭ-ਹਾਨੀ ਦੀ ਗਣਨਾ ਨਹੀਂ ਕਰਦੇ, ਨਾ ਹੀ ਇਨ੍ਹਾਂ ਦੀ ਮੂਲ ਧਾਰਨਾ ਸਵਾਰਥ ਜਾਂ ਜ਼ਰੂਰਤ ’ਤੇ ਆਧਾਰਿਤ ਹੁੰਦੀ ਹੈ। ਇਹ ਤਾਂ ਨਿਸ਼ਕਾਮ ਪਿਆਰ ਅਤੇ ਵਿਸ਼ਵਾਸ ਦੇ ਦਰੱਖਤਾਂ ਦੀਆਂ ਸੁਗੰਧੀਆਂ ਵਾਂਗ ਹੁੰਦੇ ਹਨ, ਜਿਨ੍ਹਾਂ ਦੀ ਜੜ ਪਰਮਾਤਮਾ ਦੀ ਰਹਿਮਤ ਵਿੱਚ ਗੁੱਥੀ ਹੋਈ ਹੁੰਦੀ ਹੈ।
ਜਿਸ ਤਰ੍ਹਾਂ ਇੱਕ ਫੁੱਲ ਆਪਣੀ ਖ਼ੁਸ਼ਬੂ ਆਪ ਨਹੀਂ ਰੱਖਦਾ, ਉਹ ਆਪੇ ਹੀ ਦੁਨੀਆ ਵਿੱਚ ਫੈਲ ਜਾਂਦੀ ਹੈ, ਓਸੇ ਤਰ੍ਹਾਂ ਦਿਲਾਂ ਦੇ ਸੱਚੇ ਰਿਸ਼ਤੇ ਵੀ ਆਪਣੀ ਖ਼ੁਸ਼ਬੂ ਨਾਲ ਜੀਵਨ ਨੂੰ ਸੁਗੰਧਿਤ ਕਰ ਦਿੰਦੇ ਹਨ। ਇਹ ਰਿਸ਼ਤੇ ਸਾਡੇ ਅੰਦਰ ਦੀ ਮਿੱਠਤਾ, ਸਹਿਣਸ਼ੀਲਤਾ ਅਤੇ ਅਪਣੱਤ ਦੇ ਪ੍ਰਤੀਬਿੰਬੀ ਹਨ। ਜਦੋਂ ਅਸੀਂ ਕਿਸੇ ਨਾਲ ਸਵਾਰਥ ਦੇ ਬਿਨਾਂ, ਪਿਆਰ ਤੇ ਭਰੋਸੇ ਨਾਲ ਜੁੜਦੇ ਹਾਂ, ਤਾਂ ਇਹ ਸਾਡੇ ਮਨ ਨੂੰ ਵੀ ਇੱਕ ਅਮੁੱਕ ਸਕੂਨ ਦਿੰਦਾ ਹੈ।
ਪਰਮਾਤਮਾ ਨੇ ਮਨੁੱਖੀ ਰੂਹਾਂ ਨੂੰ ਇੱਕ ਅਜਿਹੀ ਸੰਵੇਦਨਾ ਦਿੱਤੀ ਹੈ ਜੋ ਦੁੱਖ-ਸੁੱਖ ਨੂੰ ਸਮਝ ਸਕਣ, ਹੋਰਾਂ ਦੀਆਂ ਭਾਵਨਾਵਾਂ ਨੂੰ ਅਪਣਾ ਸਕਣ। ਇਹੀ ਰਿਸ਼ਤਿਆਂ ਦੀ ਅਸਲ ਜੜ ਹੈ। ਅਸੀਂ ਜਦੋਂ ਕਿਸੇ ਨੂੰ ਆਪਣਾ ਸਮਾਂ ਦਿੰਦੇ ਹਾਂ, ਆਪਣੇ ਦਿਲ ਤੋਂ ਸਾਥ ਦਿੰਦੇ ਹਾਂ ਤਾਂ ਅਸੀਂ ਅਸਲ ਵਿੱਚ ਪਰਮਾਤਮਾ ਦੀ ਇੱਛਾ ਨੂੰ ਪੂਰਾ ਕਰ ਰਹੇ ਹੁੰਦੇ ਹਾਂ। ਰਿਸ਼ਤਿਆਂ ਦੀ ਸਫਲਤਾ ਵਿੱਚ ਸਬਰ ਅਤੇ ਸਮਝੌਤਾ ਸਭ ਤੋਂ ਮਹੱਤਵਪੂਰਨ ਹੈ। ਦਿਲਾਂ ਦੇ ਰਿਸ਼ਤੇ ਹਮੇਸ਼ਾਂ ਆਸਾਨੀ ਨਾਲ ਨਹੀਂ ਨਿਭਦੇ। ਕਈ ਵਾਰ ਗ਼ਲਤਫਹਿਮੀਆਂ, ਅਹੰਕਾਰ ਜਾਂ ਸਵਾਰਥ ਦੀ ਧੁੰਦ ਇਨ੍ਹਾਂ ਰਿਸ਼ਤਿਆਂ ਉੱਤੇ ਛਾ ਜਾਂਦੀ ਹੈ, ਪਰ ਜੇ ਅਸੀਂ ਇਨ੍ਹਾਂ ਨੂੰ ਪਰਮਾਤਮਾ ਦੀ ਬਖ਼ਸ਼ਿਸ਼ ਸਮਝ ਕੇ ਸੰਭਾਲੀਏ, ਤਾਂ ਅਸੀਂ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦੇ ਸਕਦੇ ਹਾਂ। ਮੁਆਫ਼ੀ, ਦਿਲ ਦੀ ਪਵਿੱਤਰਤਾ ਅਤੇ ਨਿਰਲੇਪ ਪਿਆਰ ਨਾਲ ਹਰ ਰਿਸ਼ਤਾ ਦੁਬਾਰਾ ਫੁੱਲ ਸਕਦਾ ਹੈ। ਅਸਲ ਵਿੱਚ ਜੇ ਅਸੀਂ ਹਰ ਰਿਸ਼ਤੇ ਨੂੰ ਇਸ ਦ੍ਰਿਸ਼ਟੀਕੋਣ ਨਾਲ ਦੇਖੀਏ ਕਿ ‘ਇਹ ਮੇਰੇ ਦੁਆਰਾ ਨਹੀਂ ਬਣਿਆ, ਸਗੋਂ ਪਰਮਾਤਮਾ ਨੇ ਮੇਰੇ ਲਈ ਚੁਣਿਆ ਹੈ’ ਤਾਂ ਅਸੀਂ ਕਦੇ ਵੀ ਰਿਸ਼ਤਿਆਂ ਨੂੰ ਹਲਕੇ ਵਿੱਚ ਨਹੀਂ ਲੈਂਦੇ। ਅਸੀਂ ਉਨ੍ਹਾਂ ਦੀ ਇੱਜ਼ਤ ਕਰਦੇ ਹਾਂ, ਉਨ੍ਹਾਂ ਲਈ ਧੀਰਜ ਰੱਖਦੇ ਹਾਂ ਅਤੇ ਉਨ੍ਹਾਂ ਨੂੰ ਨਿਖਾਰਨ ਦੀ ਕੋਸ਼ਿਸ਼ ਕਰਦੇ ਹਾਂ।
ਸੰਤ ਮਹਾਪੁਰਖ ਵੀ ਸਾਨੂੰ ਸਿਖਾਉਂਦੇ ਹਨ ਕਿ ਹਰ ਰਿਸ਼ਤੇ ਵਿੱਚ ਪਰਮਾਤਮਾ ਨੂੰ ਵੇਖੋ। ਮਾਂ ਦੀ ਮਮਤਾ ਵਿੱਚ ਪਰਮਾਤਮਾ ਦੀ ਦਇਆ, ਪਿਤਾ ਦੀ ਸਰਪ੍ਰਸਤੀ ਵਿੱਚ ਪਰਮਾਤਮਾ ਦੀ ਰੱਖਿਆ, ਦੋਸਤ ਦੀ ਸੱਚੀ ਯਾਰੀ ਵਿੱਚ ਪਰਮਾਤਮਾ ਦੀ ਨਿਸ਼ਕਾਮਤਾ ਅਤੇ ਪਤੀ-ਪਤਨੀ ਦੇ ਪਿਆਰ ਵਿੱਚ ਪਰਮਾਤਮਾ ਦੀ ਰਚਨਾ ਨੂੰ ਸਮਝੋ। ਜਦੋਂ ਅਸੀਂ ਹਰ ਰਿਸ਼ਤੇ ਵਿੱਚ ਪਰਮਾਤਮਾ ਦੀ ਝਲਕ ਵੇਖਣ ਲੱਗ ਪੈਂਦੇ ਹਾਂ ਤਾਂ ਦੁੱਖ ਅਤੇ ਨਿਰਾਸ਼ਾ ਆਪਣੇ ਆਪ ਪਾਸੇ ਹੋ ਜਾਂਦੇ ਹਨ।
ਦਿਲ ਦੇ ਰਿਸ਼ਤੇ ਸਾਡੇ ਆਤਮਿਕ ਵਿਕਾਸ ਦਾ ਮੂਲ ਆਧਾਰ ਹਨ। ਇਹੀ ਸਿਖਾਉਂਦੇ ਹਨ ਕਿਵੇਂ ਅਹੰਕਾਰ ਨੂੰ ਛੱਡੀਏ, ਕਿਵੇਂ ਮੁਆਫ਼ ਕਰੀਏ, ਕਿਵੇਂ ਦਿਲ ਦੀ ਖ਼ੁਸ਼ੀ ਵਿੱਚ ਹੋਰ ਦੀ ਖ਼ੁਸ਼ੀ ਲੱਭੀਏ। ਰਿਸ਼ਤਿਆਂ ਦੀ ਸੰਭਾਲ ਕਰਨਾ ਇੱਕ ਤਪੱਸਿਆ ਵਰਗਾ ਹੈ, ਨਾ ਦਿਖਾਵਾ, ਨਾ ਹੀ ਬਦਲੇ ਦੀ ਆਸ, ਸਿਰਫ਼ ਨਿਰਲੋਭ ਪਿਆਰ।
ਦਿਲਾਂ ਦੇ ਰਿਸ਼ਤੇ ਸਾਨੂੰ ਯਾਦ ਦਿਵਾਉਂਦੇ ਹਨ ਕਿ ਅਸੀਂ ਸਿਰਫ਼ ਇਕੱਲੇ ਜੀਵ ਨਹੀਂ ਹਾਂ। ਸਾਡਾ ਜੀਵਨ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ। ਜਿਵੇਂ ਧਰਤੀ ’ਤੇ ਹਰੇਕ ਫੁੱਲ ਨੂੰ ਮਿੱਟੀ, ਪਾਣੀ, ਹਵਾ ਅਤੇ ਸੂਰਜ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਸਾਡੇ ਦਿਲ ਨੂੰ ਪਿਆਰ, ਸਮਝ, ਕਰੁਣਾ ਅਤੇ ਵਿਸ਼ਵਾਸ ਦੀ ਲੋੜ ਹੁੰਦੀ ਹੈ। ਦਿਲਾਂ ਦੇ ਰਿਸ਼ਤਿਆਂ ਰਾਹੀਂ ਜੀਵਨ ਦੇ ਅਸਲੀ ਸੁੱਖ ਦਾ ਅਰਥ ਸਮਝ ਆਉਂਦਾ ਹੈ।
ਜੇਕਰ ਪੂਰੀ ਦੁਨੀਆ ਦੇ ਇਨਸਾਨ ਆਪਸ ਵਿੱਚ ਦਿਲਾਂ ਦੇ ਰਿਸ਼ਤੇ ਜੋੜ ਲੈਣ ਤਾਂ ਧਰਮ ਦੇ ਨਾਮ ’ਤੇ ਦਿਲ ਕੰਬਾਊ ਘਟਨਾਵਾਂ ਕਦੇ ਨਾ ਵਾਪਰਨ। ਕਦੇ ਕੋਈ ਇਨਸਾਨ ਕਿਸੇ ਦੇ ਸਿਰ ’ਤੇ ਬੰਦੂਕ ਨਾ ਤਾਣੇ। ਕੁਦਰਤ ਦੀਆਂ ਬਣਾਈਆਂ ਖ਼ੂਬਸੂਰਤ ਵਾਦੀਆਂ ਕਦੇ ਵੀਰਾਨ ਨਾ ਹੋਣ। ਹਥਿਆਰਾਂ ਦੀ ਲੋੜ ਖ਼ਤਮ ਹੋ ਜਾਵੇ। ਹੱਦਾਂ ਤੇ ਸਰਹੱਦਾਂ ਦਾ ਝਗੜਾ ਨਿੱਬੜ ਜਾਵੇ। ਸਭ ਦਾ ਜੀਵਨ ਬੇਖੌਫ਼ ਹੋ ਜਾਵੇ। ਕਦੇ ਕਦੇ ਆਪਣੇ ਆਪ ਨੂੰ ਇਹ ਸਵਾਲ ਕਰਕੇ ਠਠੰਬਰ ਜਾਂਦੀ ਹਾਂ ਕਿ ਕਿਉਂ ਇਨਸਾਨਾਂ ਵਿੱਚ ਪਿਆਰ ਤੋਂ ਵੱਡੀ ਨਫ਼ਰਤ ਹੋ ਗਈ ਹੈ? ਕਿਵੇਂ ਉਹ ਪਲ ਵਿੱਚ ਦੂਸਰਿਆਂ ਦੀ ਜ਼ਿੰਦਗੀ ਖੋਹ ਲੈਂਦੇ ਹਨ? ਕਿਵੇਂ ਕਿਸੇ ਦੇ ਖ਼ੂਬਸੂਰਤ ਪਲਾਂ ਨੂੰ ਦੁਖਦਾਇਕ ਬਣਾ ਦਿੰਦੇ ਹਨ?
ਇਨਸਾਨੀ ਰਿਸ਼ਤਾ ਅਜਿਹਾ ਹੋਵੇ ਜੋ ਖੁਦਗਰਜ਼ੀ ਤੋਂ ਉੱਪਰ ਉੱਠ ਕੇ ਜੀਵਨ ਦੀਆਂ ਔਖੀਆਂ ਘੜੀਆਂ ਨੂੰ ਆਸਾਨ ਬਣਾ ਦੇਵੇ। ਜਦੋਂ ਜੀਵਨ ਵਿੱਚ ਹੌਸਲਾ ਟੁੱਟ ਰਿਹਾ ਹੋਵੇ, ਤਦ ਇਹ ਰਿਸ਼ਤਾ ਇੱਕ ਆਸ ਦੀ ਕਿਰਨ ਬਣ ਕੇ ਸਾਡੇ ਮਨ ਨੂੰ ਹੌਸਲਾ ਦੇਵੇ। ਆਓ, ਹਰ ਰਿਸ਼ਤੇ ਨੂੰ ਪਰਮਾਤਮਾ ਦੀ ਅਨਮੋਲ ਬਖ਼ਸ਼ਿਸ਼ ਸਮਝ ਕੇ ਸੰਭਾਲੀਏ। ਦਿਲਾਂ ਵਿੱਚ ਪਿਆਰ ਦੀ ਜੋਤ ਜਗਾਈਏ, ਵਿਸ਼ਵਾਸ ਦੀ ਖੇਤੀ ਵਧਾਈਏ ਅਤੇ ਰੂਹਾਨੀ ਪਿਆਰ ਦੀ ਵਹਾਈ ਕਰੀਏ ਕਿਉਂਕਿ ਦਿਲ ਦੇ ਰਿਸ਼ਤੇ ਪਰਮਾਤਮਾ ਦੀ ਰਹਿਮਤ ਨਾਲ ਬਣਦੇ ਹਨ, ਉਹੀ ਸਾਡੀ ਰੂਹ ਨੂੰ ਅਸਲੀ ਆਨੰਦ ਦਿੰਦੇ ਹਨ।
ਸੰਪਰਕ: 98769-26873

Advertisement

Advertisement
Advertisement
Advertisement
Author Image

Balwinder Kaur

View all posts

Advertisement