ਦਿਲ ਦਾ ਮਾਮਲਾ ਹੈ, ਪੰਜਾਬੀਓ...
ਡਾ. ਸ਼ਿਆਮ ਸੁੰਦਰ ਦੀਪਤੀ
ਇਹ ਸਿਰਲੇਖ ਪੰਜਾਬੀਆਂ ਨੂੰ ਹੀ ਕਿਉਂ ਮੁਖ਼ਾਤਿਬ ਹੈ? ਦਰਅਸਲ, ਹਾਲਤ ਹੀ ਅਜਿਹੀ ਹੈ; ਦਿਲ ਦੀਆਂ ਸਮੱਸਿਆਵਾਂ ਪੰਜਾਬੀਆਂ ਵਿਚ ਬਾਕੀ ਰਾਜਾਂ ਨਾਲੋਂ ਵੱਧ ਹਨ। ਪਿਛਲੇ ਕੁਝ ਸਮੇਂ ਤੋਂ ਦਿਲ ਨੂੰ ਲੈ ਕੇ ਉਸ ਦੇ ਵਿਗਾੜ ਬਾਰੇ ਕਈ ਸੂਚਨਾਵਾਂ ਆ ਰਹੀਆਂ ਹਨ। ਪੰਜਾਬੀਆਂ ਬਾਰੇ ਇਹ ਖ਼ਬਰਾਂ ਸੱਚਮੁੱਚ ਚਿੰਤਾ ਦਾ ਵਿਸ਼ਾ ਹਨ।
ਦਿਲ ਦੀਆਂ ਬਿਮਾਰੀਆਂ ਬਾਰੇ ਕਿਸੇ ਡਾਕਟਰ ਨਾਲ ਗੱਲ ਕਰ ਕੇ ਦੇਖੋ, ਉਹ ਇਸ ਦੇ ਕਾਰਨਾਂ ਵਿਚ ਬਲੱਡ ਪ੍ਰੈਸ਼ਰ, ਖਾਣ-ਪੀਣ ਦੀਆਂ ਮਾੜੀਆਂ ਆਦਤਾਂ, ਘਿਉ ਜਾਂ ਤਲੀਆਂ ਚੀਜ਼ਾਂ ਵੱਲ ਵੱਧ ਰੁਝਾਨ, ਮੋਟਾਪਾ ਅਤੇ ਚਿਕਨ ਤੇ ਸ਼ਰਾਬ। ਖਾਣ-ਪੀਣ ਪੱਖੋਂ ਪੰਜਾਬੀਆਂ ਦੀ ਆਪਣੀ ਖਾਸੀਅਤ ਹੈ। ਪਰੌਂਠਿਆਂ ਦਾ ਨਾਸ਼ਤਾ, ਦਾਲ-ਮਖਣੀ, ਮੱਕੀ ਦੀ ਰੋਟੀ ਤੇ ਮੱਖਣ ਵਾਲਾ ਸਾਗ ਪੰਜਾਬੀਆਂ ਦੇ ਮਨ-ਭਾਉਂਦੇ ਪਦਾਰਥ ਹਨ। ਸ਼ਰਾਬ ਵੀ ਸਾਡੇ ਸਮਾਜ ਵਿਚ ਪ੍ਰਾਹੁਣਾਚਾਰੀ ਦਾ ਪ੍ਰਤੀਕ ਹੈ। ਖੇਤੀਬਾੜੀ ਅਤੇ ਜ਼ਮੀਨ ’ਤੇ ਕੰਮ ਕਰ ਕੇ ਸਭ ਅੰਦਰ ਕਿਰਤ ਕਰਨਾ ਲਾਜ਼ਮੀ ਪੱਖ ਹੈ। ਕਿਰਤ ਕੀਤਿਆਂ ਖਾਧਾ-ਪੀਤਾ ਵੀ ਸਰੀਰ ਨੂੰ ਲੱਗ ਜਾਂਦਾ ਹੈ ਤੇ ਇਕ ਤਰ੍ਹਾਂ ਸਰੀਰ ਦੀ ਵਰਜਿ਼ਸ਼ ਹੁੰਦੀ ਰਹਿੰਦੀ ਹੈ। ਇਹ ਸਾਰੇ ਪੱਖ ਮਿਲ ਕੇ ਨਰੋਏ ਸਰੀਰ ਅਤੇ ਦਿਲ ਵੱਲ ਇਸ਼ਾਰਾ ਕਰਦੇ ਹਨ।
ਇਕ ਹਜ਼ਾਰ ਵਿਚ 30 ਲੋਕ ਵਧੇਰੇ ਬਲੱਡ ਪ੍ਰੈਸ਼ਰ ਨਾਲ ਪੀੜਤ ਹਨ ਅਤੇ ਤਕਰੀਬਨ ਇਕ ਸਾਲ ਵਿੱਚੋਂ 17 ਦਿਨ ਦਿਲ ਦੀਆਂ ਬਿਮਾਰੀਆਂ ਕਰ ਕੇ ਬਰਬਾਦ ਹੁੰਦੇ ਹਨ ਜੋ ਬਾਕੀ ਦੇਸ਼ਾਂ ਦੇ ਲੋਕਾਂ ਨਾਲੋਂ ਕਾਫ਼ੀ ਵੱਧ ਹਨ। ਅੱਜ ਤੋਂ ਪੰਜਾਹ-ਸੱਠ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਕਿਸੇ-ਕਿਸੇ ਨੂੰ ਦਿਲ ਦੀ ਬਿਮਾਰੀ ਜਾਂ ਬਲੱਡ ਪ੍ਰੈਸ਼ਰ ਵਧ ਹੋਣ ਦੀ ਸ਼ਿਕਾਇਤ ਹੁੰਦੀ ਸੀ; ਅੱਜ ਕੋਈ ਘਰ ਹੁੰਦਾ ਹੋਵੇਗਾ ਜਿਥੇ ਕਿਸੇ ਨੂੰ ਦਿਲ ਦੀ ਬਿਮਾਰੀ ਨਾ ਹੋਵੇ। ਜਿਥੋਂ ਤੱਕ ਦਿਲ ਨਾਲ ਜੁੜੀਆਂ ਹੋਰ ਗੱਲਾਂ ਜਿਵੇਂ ਵੱਧ ਘਿਉ ਵਾਲੀਆਂ ਚੀਜ਼ਾਂ, ਮੋਟਾਪਾ ਅਤੇ ਬਲੱਡ ਕਲੈੱਸਟ੍ਰੋਲ ਦਾ ਵੱਧ ਹੋਣਾ ਸਾਰੇ ਹੀ ਖਾਣ-ਪੀਣ ਨਾਲ ਜੁੜੇ ਪੱਖ ਹਨ।
ਅਜੋਕੇ ਮਨੁੱਖ ਦੀ ਜੀਵਨ ਸ਼ੈਲੀ ਵਿਚ ਆਈ ਤਬਦੀਲੀ ਨੂੰ ਸਮਝਣ ਲਈ ਪੰਜਾਹ-ਸੱਠ ਸਾਲ ਪਿੱਛੇ ਜਾਣਾ ਪਵੇਗਾ। ਇਸ ਨੂੰ ਹਰੀ ਕ੍ਰਾਂਤੀ ਨਾਲ ਜੋੜ ਕੇ ਵੀ ਦੇਖਿਆ ਜਾ ਸਕਦਾ ਹੈ। ਹਰੀ ਕ੍ਰਾਂਤੀ ਨੇ ਫਸਲੀ ਚੱਕਰ ਵਿਚ ਤਬਦੀਲੀ ਲਿਆਂਦੀ। ਮਾਲਵੇ ਵਰਗੇ ਇਲਾਕੇ ਵਿਚ ਰੇਤਲੀ ਜ਼ਮੀਨ ’ਤੇ ਪਾਣੀ ਵਿਚ ਡੁੱਬੀ ਰਹਿਣ ਵਾਲੀ ਫਸਲ ਝੋਨਾ ਉਗਾਇਆ। ਕਣਕ ਦੀਆਂ ਨਵੀਆਂ ਕਿਸਮਾਂ ਬੀਜ ਕੇ ਕਿਸਾਨਾਂ ਦੇ ਘਰ ਜਿਥੇ ਕਣਕ ਤੇ ਝੋਨੇ ਨਾਲ ਭਰ ਜਾਂਦੇ ਸੀ, ਉਹ ਰਾਤੋ-ਰਾਤ ਰੁਪਈਆਂ ਨਾਲ ਵੀ ਭਰ ਗਏ। ਇਨ੍ਹਾਂ ਪੈਸਿਆਂ ਨੇ ਉਸ ਇਲਾਕੇ ਦੀ ਰਹਿਣੀ-ਸਹਿਣੀ ਨੂੰ ਨਵਾਂ ਰੂਪ ਦਿੱਤਾ। ਇਕ ਗੱਲ ਜੋ ਦਿਲ ਦੀਆਂ ਬਿਮਾਰੀਆਂ ਨਾਲ ਉਭਾਰੀ ਜਾ ਰਹੀ ਹੈ, ਉਹ ਖਾਣ-ਪੀਣ ਬਾਰੇ ਹੈ। ਇਸ ਵਿਚ ਵੱਡੇ ਪੱਧਰ ’ਤੇ ਤਬਦੀਲੀ ਆਈ। ਖਾਣ-ਪੀਣ ਵਿਚ ਮਾਸ, ਮੁਰਗਾ, ਮੱਛੀ ਅਤੇ ਚੰਗੀ ਸ਼ਰਾਬ ਦੀ ਵਰਤੋਂ ਦਾ ਰੁਝਾਨ ਵਧਿਆ। ਪੈਸੇ ਦੀ ਬਹੁਤਾਤ ਹੋਣ ਕਰ ਕੇ ਦਿਖਾਵਾ ਕਾਫ਼ੀ ਵਧ ਗਿਆ, ਨਾਲ ਹੀ ਖੇਤੀ ਦੇ ਕੰਮ ਤੋਂ ਖਾਸ ਕਰ ਨੌਜਵਾਨ ਪੀੜ੍ਹੀ ਨੇ ਕਿਨਾਰਾ ਕਰ ਲਿਆ। ਇਨ੍ਹਾਂ ਦੋਹਾਂ ਪੱਖਾਂ ਨੇ ਮੋਟਾਪੇ ਦਾ ਰੁਝਾਨ ਵਧਾਇਆ। ਖਾਣੇ ਵਿਚ ਫ਼ਲ ਸਬਜ਼ੀਆਂ ਨੂੰ ਥਾਂ ਨਹੀਂ ਮਿਲੀ। ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਆਪਣਾ ਭਾਰ ਨਿਰਧਾਰਤ ਸੀਮਾ ਵਿਚ ਰੱਖਿਆ ਜਾਵੇ; ਆਪਣੇ ਕੱਦ ਮੁਤਾਬਿਕ, ਇਕ ਇੰਚ ਲੰਬਾਈ ਪਿਛੇ ਇਕ ਕਿਲੋ ਭਾਰ। ਠੀਕ ਹੈ ਕਿ ਨੌਜਵਾਨ ਪੀੜ੍ਹੀ ਜਿੰਮ ਵਗੈਰਾ ਜਾਣ ਲੱਗੀ ਹੈ ਪਰ ਜੋ ਫਾਇਦਾ ਸੈਰ ਤੇ ਕਸਰਤ ਦਾ ਹੈ, ਉਹ ਸ਼ਾਇਦ ਜਿੰਮ ਦਾ ਨਹੀਂ।
ਜਦੋਂ ਦਿਲ ਦੀਆਂ ਬਿਮਾਰੀਆਂ ਲਈ ਖੂਨ ਵਿਚ ਵਧੀ ਚਰਬੀ (ਕਲੈੱਸਟ੍ਰੋਲ) ਦੀ ਗੱਲ ਆਉਂਦੀ ਹੈ ਤਾਂ ਇਸ ਨੂੰ ਦੇਸੀ ਘਿਉ ਜਾਂ ਘਿਉ ਨਾਲ ਜੁੜੇ ਹੋਰ ਪਦਾਰਥ ਬੰਦ ਕਰਨ ਲਈ ਹਦਾਇਤ ਕੀਤੀ ਜਾਂਦੀ ਹੈ; ਉਹ ਵੀ ਖਾਸ ਕਰ ਕੇ ਦੇਸੀ ਘਿਉ। ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਕਿਸੇ ਵੀ ਬਨਸਪਤੀ ਘਿਉ ਜਾਂ ਤੇਲ ਨਾਲ ਕਲੈੱਸਟ੍ਰੋਲ ਨਹੀਂ ਹੁੰਦਾ, ਇਹ ਸਰੀਰ ਦੀ ਆਪਣੀ ਲੋੜ ਹੈ ਤੇ ਸਰੀਰ ਵਿਚ ਜਿਗਰ ਇਸ ਨੂੰ ਆਪਣੀ ਲੋੜ ਮੁਤਾਬਿਕ ਬਣਾਉਂਦਾ ਹੈ। ਜੇ ਕੋਈ ਖੁਰਾਕ ਜਾਂ ਘਿਉ ਨਹੀਂ ਵੀ ਖਾਂਦਾ ਤੇ ਸਾਕਾਹਾਰੀ ਹੈ, ਉਸ ਦੇ ਸਰੀਰ ਵਿਚ ਵੀ ਕਲੈੱਸਟ੍ਰੋਲ ਬਣਦਾ ਹੈ। ਇਉਂ ਜ਼ੀਰੋ ਕਲੈੱਸਟ੍ਰੋਲ ਵਾਲਾ ਕੋਈ ਤੇਲ ਨਹੀਂ ਹੁੰਦਾ।
ਜਦੋਂ ਮੋਟਾਪੇ ਦੀ ਗੱਲ ਹੁੰਦੀ ਹੈ ਤਾਂ ਫਿਰ ਬਲੱਡ ਪ੍ਰੈਸ਼ਰ ਦੇ ਵਧ ਹੋਣ ਦੀ ਗੱਲ ਵੀ ਹੁੰਦੀ ਹੈ। ਬਲੱਡ ਪ੍ਰੈਸ਼ਰ ਦੀਆਂ ਕਈ ਹੋਰ ਅਲਾਮਤਾਂ ਹਨ ਜਿਵੇਂ ਦਿਲ ਦਾ ਦੌਰਾ, ਦਿਮਾਗ ਦਾ ਅਟੈਕ ਜਾਂ ਲੱਤਾਂ ਦੀਆਂ ਨਾੜਾਂ ਦਾ ਫੁੱਲਣਾ। ਇਸੇ ਤਰ੍ਹਾਂ ਮੋਟਾਪੇ ਦੀਆਂ ਵੀ ਕਈ ਅਲਾਮਤਾਂ ਹਨ ਜਿਵੇਂ ਬੱਲਡ ਪ੍ਰੈਸ਼ਰ ਵਧਣਾ, ਸ਼ੂਗਰ ਰੋਗ ਹੋਣਾ, ਪਿੱਤੇ ਦੀ ਪੱਥਰੀ ਆਦਿ। ਖਾਣ-ਪੀਣ ਅਤੇ ਹੱਥੀਂ ਕੰਮ ਨਾ ਕਰਨ ਦਾ ਆਪਸੀ ਗੂੜ੍ਹਾ ਸਬੰਧ ਹੈ। ਅਸੀਂ ਜੋ ਕੁਝ ਖਾਂਦੇ ਹਾਂ, ਉਹ ਕੰਮ ਦੀ ਊਰਜਾ ਵਿਚ ਬਦਲ ਜਾਂਦਾ ਹੈ; ਜੇ ਕੰਮ ਨਹੀਂ ਕਰਾਂਗੇ ਤਾਂ ਇਹ ਊਰਜਾ ਚਰਬੀ ਬਣ ਕੇ ਸਾਡੇ ਸਰੀਰ ਵਿਚ ਜੰਮ ਜਾਵੇਗੀ ਜੋ ਮੋਟਾਪੇ ਦੇ ਰੂਪ ਵਿਚ ਨਜ਼ਰ ਆਵੇਗੀ। ਕੰਮ ਕਰਨ ਅਤੇ ਊਰਜਾ ਦਾ ਖੁਰਾਕ ਨਾਲ ਸਿੱਧਾ ਸਬੰਧ ਹੈ। ਘਿਉ ਦੇ ਇਕ ਗ੍ਰਾਮ ਵਿਚ 9 ਊਰਜਾ ਇਕਾਈਆਂ ਹੁੰਦੀਆਂ। ਸਾਨੂੰ ਆਪਣਾ ਕੰਮ ਆਪਣੇ ਵੱਲੋਂ ਵਰਤੀਆਂ ਊਰਜਾ ਇਕਾਈਆਂ ਮੁਤਾਬਿਕ ਤੈਅ ਕਰਨਾ ਚਾਹੀਦਾ ਹੈ; ਭਾਵ, ਭਾਰ ਨਿਰਧਾਰਤ ਭਾਰ ਤੋਂ ਅੱਧਾ ਕਿਲੋ ਤੋਂ ਵੀ ਵੱਧ ਹੋਣ ਲੱਗੇ ਤਾਂ ਸਾਨੂੰ ਆਪਣੇ ਕੰਮ ਦੀ ਰਫ਼ਤਾਰ ਊਰਜਾ ਇਕਾਈਆਂ ਮੁਤਾਬਿਕ ਕਰ ਲੈਣੀ ਚਾਹੀਦੀ ਹੈ। ਅਸੀਂ ਆਪਣੇ ਰੋਜ਼ਾਨਾ ਕੀਤੇ ਕੰਮ ਦਾ ਹਵਾਲਾ ਦੇ ਕੇ ਅਵੇਸਲੇ ਹੋ ਜਾਂਦੇ ਹਾਂ ਪਰ ਭਾਰ ਨੂੰ ਕਾਬੂ ਹੇਠ ਰੱਖਣਾ ਉਚੇਚਾ ਕੰਮ ਹੈ।
ਪੰਜਾਬ ਵਿੱਚ ਸ਼ਰਾਬ ਦਾ ਰੁਝਾਨ ਵਧ ਰਿਹਾ ਹੈ। ਡਾਕਟਰ ਵੀ ਸ਼ਰਾਬ ਸੇਵਨ ਬਾਰੇ ਸਪਸ਼ਟ ਜਵਾਬ ਨਹੀਂ ਦਿੰਦੇ। ਵੈਸੇ ਡਾਕਟਰਾਂ ਮੁਤਾਬਿਕ, ਮਹੀਨੇ ਵਿਚ ਸੱਤ ਪੈੱਗ, ਤਕਰੀਬਨ 150 ਮਿਲੀਲਿਟਰ ਸ਼ਰਾਬ ਬਣਦੀ ਹੈ ਪਰ ਸ਼ਰਾਬ ਪੀਣ ਵਾਲੇ ਦਾ ਪੈਮਾਨਾ ਤਾਂ ਦਿਮਾਗ ਨੂੰ ਹੁਲਾਰਾ ਦੇਣਾ ਹੁੰਦਾ ਹੈ। ਇਸ ਕਰ ਕੇ ਕੋਈ ਨਿਰਧਾਰਤ ਮਾਤਰਾ ਜਾਂ ਡਾਕਟਰੀ ਪੈਮਾਨੇ ’ਤੇ ਨਹੀਂ ਰਹਿੰਦਾ। ਵਧ ਰਹੇ ਤਣਾਅ ਕਰ ਕੇ ਬਲੱਡ ਪ੍ਰੈਸ਼ਰ ਵਧਣ ਦੀ ਤਦਾਦ ਦਿਨੋ-ਦਿਨ ਵਧ ਰਹੀ ਹੈ ਪਰ ਸ਼ਰਾਬ ਉਸ ਦਾ ਕੋਈ ਜਵਾਬ ਨਹੀਂ ਹੈ।
ਯੋਗ, ਕਸਰਤ, ਇਕਾਗਰਤਾ/ਸਮਾਧੀ (ਮੈਡੀਟੇਸ਼ਨ) ਬਾਰੇ ਵੀ ਕਿਹਾ ਜਾਂਦਾ ਹੈ ਕਿ ਇਸ ਤਰ੍ਹਾਂ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ ਪਰ ਅਜੋਕੇ ਮਨੁੱਖ ਨੇ ਅਜਿਹੇ ਸੁਫਨੇ ਸਜੋ ਲਏ ਹਨ ਕਿ ਇਨ੍ਹਾਂ ਸੁਫਨਿਆਂ ਦਾ ਤਣਾਅ ਯੋਗ ਦੇ ਮੇਚ ਨਹੀਂ ਆਉਂਦਾ ਕਿਉਂਕਿ ਬੰਦਾ ਮੈਡੀਟੇਸ਼ਨ ਵਿਚ ਵੀ ਦੌੜ ਰਿਹਾ ਹੁੰਦਾ ਹੈ ਤੇ ਸ਼ਾਂਤ-ਚਿੱਤ ਹੋ ਕੇ ਯੋਗ ਕਰਨ ਤੋਂ ਲਾਂਭੇ ਚਲਾ ਜਾਂਦਾ ਹੈ। ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਲਈ ਇਕ ਹੋਰ ਕਾਰਨ ਜੋ ਅਕਸਰ ਡਾਕਟਰਾਂ ਦੇ ਜ਼ਿਕਰ ਵਿੱਚੋਂ ਮਨਫ਼ੀ ਰਹਿੰਦਾ ਹੈ, ਉਹ ਹੈ ਤਣਾਅ। ਤਣਾਅ ਕਰ ਕੇ ਕਈ ਇਨ੍ਹਾਂ ਬਿਮਾਰੀਆਂ ਨੂੰ ਅਮੀਰਾਂ ਦੀ ਬਿਮਾਰੀ ਵੱਧ ਕਹਿੰਦੇ ਹਨ ਪਰ ਅੰਕੜੇ ਦੱਸਦੇ ਹਨ ਕਿ ਇਨ੍ਹਾਂ ਬਿਮਾਰੀਆਂ ਬਾਰੇ ਅਮੀਰ-ਗਰੀਬ ਦਾ ਕੋਈ ਫ਼ਰਕ ਨਹੀਂ। ਸਾਰਿਆਂ ਦੇ ਵੱਖੋ-ਵੱਖਰੇ ਤਣਾਅ ਹਨ। ਅਮੀਰਾਂ ਦਾ ਹੋਰ ਅਮੀਰ ਹੋਣਾ, ਮੱਧ ਵਰਗ ਦੀ ਆਪਣੀ ਲੋੜ ਹੈ ਤੇ ਗਰੀਬ ਜ਼ਿੰਦਗੀ ਜਿਊਣ ਦੇ ਤਣਾਅ ’ਚੋਂ ਲੰਘ ਰਿਹਾ ਹੈ।
ਕਹਿਣ, ਸਮਝਾਉਣ ਜਾਂ ਦੱਸਣ ਨੂੰ ਦਿਲ ਦੇ ਰੋਗਾਂ ਦੇ ਕਿੰਨੇ ਹੀ ਕਾਰਨ ਗਿਣੇ ਜਾ ਸਕਦੇ ਹਨ ਪਰ ਅਸਲ ਵਿਚ ਖਾਣ-ਪੀਣ ਵਿਚ ਵਿਗਾੜ, ਹੱਥੀਂ ਕੰਮ ਨਾ ਕਰਨਾ ਅਤੇ ਤਣਾਅ ਮੁੱਖ ਕਾਰਨ ਹਨ। ਅੱਜ ਤਣਾਅ ਸਰਬਵਿਆਪਕ ਹੈ ਅਤੇ ਦਿਲ ਦੇ ਵਧ ਰਹੇ ਰੋਗਾਂ ਦਾ ਇਹੀ ਸਭ ਤੋਂ ਵੱਡਾ ਕਾਰਨ ਹੈ। ਇਸ ਲਈ ਹਰ ਵਰਗ ਨੂੰ ਆਪਣੀ ਜੀਵਨ ਸ਼ੈਲੀ ਵਿਚ ਤਬਦੀਲੀ ਲਿਆਉਣ ਦੀ ਜ਼ਰੂਰਤ ਹੈ।
ਗੁਰਬਾਣੀ ਆਪਣੇ ਗੁਰੂ ਨਾਨਕ ਜੀ ਦਾ ਸੰਦੇਸ਼ ਹੈ- ਕਿਰਤ ਕਰੋ, ਵੰਡ ਛਕੋ, ਨਾਮ ਜਪੋ। ਜੇ ਪੰਜਾਬ ਦੇ ਲੋਕ ਇਸ ਸੁਨੇਹੇ ਨੂੰ ਅਪਣਾ ਲੈਣ ਤਾਂ ਦਿਲ ਦੀਆਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹਨ। ਇਸ ਸੁਨੇਹੇ ਵਿਚ ਕਿਰਤ ਰਾਹੀਂ ਸਰੀਰਕ ਸਿਹਤ ਬਣੀ ਰਹੀ ਸਕਦੀ ਹੈ, ਵੰਡ ਕੇ ਛਕਣ ਨਾਲ ਪਿਆਰ, ਮਿਲਵਰਤਨ ਤੇ ਭਾਈਚਾਰਾ ਵਧਦਾ ਹੈ ਅਤੇ ਨਾਮ ਜਪਣ ਨਾਲ ਆਦਮੀ ਤਣਾਅ ਮੁਕਤ ਹੋ ਸਕਦਾ ਹੈ। ਇਉਂ ਅਸੀਂ ਇਕੱਲੇ ਦਿਲ ਦੇ ਰੋਗਾਂ ਹੀ ਨਹੀਂ, ਸਰੀਰਕ, ਮਾਨਸਿਕ ਤੇ ਆਪਸੀ ਮੇਲ ਮਿਲਾਪ, ਸਮਾਜਿਕ ਆਦਿ ਸਾਰੇ ਪੱਖਾਂ ਤੋਂ ਨਰੋਏ ਰਹਿ ਸਕਦੇ ਹਨ। ਜੀਵਨ ਸ਼ੈਲੀ ਬਹੁਤ ਵਿਆਪਕ ਹੈ ਪਰ ਜੇ ਸਮਝ ਕੇ ਦੇਖੋ ਤਾਂ ਇਹ ਇਕੱਲਾ ਅਜਿਹਾ ਪੱਖ ਹੈ ਜੋ ਸਾਡੀ ਜੀਵਨ ਦੀ ਚਾਲ ਨਾਲ ਜੁੜਿਆ ਹੋਇਆ ਹੈ। ਕਿਸੇ ਇਕ ਪੱਖ ਨੂੰ ਫੜ ਲਓ, ਆਪਣੇ ਜੀਵਨ ਦੇ ਰੰਗ-ਢੰਗ ਨੂੰ ਮਾਮੂਲੀ ਜਿਹਾ ਬਦਲ ਲਉ, ਸਾਰੇ ਪੱਖ ਆਪਣੇ-ਆਪ ਇਸ ਅੰਦਰ ਆ ਜਾਣਗੇ। ਜਿਹੜਾ ਜੀਵਨ ਅਸੀਂ ਕਿੱਲ੍ਹ-ਕਿੱਲ੍ਹ ਕੇ ਲੰਘਾ ਰਹੇ ਹਾਂ, ਸੁਖਾਵਾਂ ਹੋ ਜਾਵੇਗਾ। ਠੀਕ ਹੈ, ਸੁੱਖ-ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਉਸ ਦੇ ਲਈ ਪੈਸੇ ਦੀ ਵੀ ਲੋੜ ਹੁੰਦੀ ਹੈ ਪਰ ਇਹੀ ਪੈਸਾ ਹੀ ਤਾਂ ਦਿਲ ਅਤੇ ਹੋਰ ਸਰੀਰਕ ਪੱਖਾਂ ਦੀ ਦੁਰਗਤੀ ਕਰ ਰਿਹਾ ਹੈ। ਮਾਮੂਲੀ ਜਿਹੀ ਤਬਦੀਲੀ ਹੈ ਕਿ ਆਪਣੇ ਖਾਣ ਪਦਾਰਥ ਸ਼ਰਾਬ, ਮੀਟ, ਮੁਰਗੇ, ਮੱਛੀ ਤੋਂ ਬਦਲ ਕੇ ਫਲਾਂ ਅਤੇ ਹਰੀਆਂ ਸਬਜ਼ੀਆਂ ਕਰ ਲਈਏ ਤਾਂ ਸਿਹਤ ਵਿਚ ਆਪੇ ਹੀ ਤਬਦੀਲੀ ਦਿਸਣ ਲੱਗੇਗੀ। ਨਿੱਕੀ-ਨਿੱਕੀ ਤਬਦੀਲੀ ਜੀਵਨ ਦੀ ਲੋੜ ਹੈ।
ਸੰਪਰਕ: 98156-08506