ਦਿਲ ਟੁੰਬਵੇਂ ਗੀਤਾਂ ਦਾ ਰਚੇਤਾ ਹਰਜਾਗ ਟਿਵਾਣਾ
ਸੁਰਜੀਤ ਜੱਸਲ
ਤਵਿਆਂ ਦੇ ਯੁੱਗ ਦੀ ਗਾਇਕੀ ਵਿੱਚ ਅਨੇਕਾਂ ਚਰਚਿਤ ਦੋਗਾਣੇ ਲਿਖ ਕੇ ਗੀਤਕਾਰ ਹਰਜਾਗ ਟਿਵਾਣਾ ਨੇ ਵੱਖਰਾ ਮੁਕਾਮ ਹਾਸਲ ਕੀਤਾ ਹੈ। ਉਸ ਦੇ ਲਿਖੇ ਗੀਤਾਂ ਨੂੰ ਉਸ ਵੇਲੇ ਦੇ ਕਈ ਨਾਮੀਂ ਗਾਇਕਾਂ ਨੇ ਰਿਕਾਰਡ ਕਰਵਾਇਆ, ਪਰ ਦੀਦਾਰ ਸੰਧੂ ਦੀ ਆਵਾਜ਼ ਵਿੱਚ ਆਏ ਗੀਤਾਂ ਨੇ ਜ਼ਿਆਦਾ ਮਕਬੂਲੀਅਤ ਹਾਸਲ ਕੀਤੀ।
ਦੀਦਾਰ ਸੰਧੂ ਜਿੰਨਾ ਵਧੀਆ ਗਾਇਕ ਸੀ, ਉਸ ਤੋਂ ਕਿਤੇ ਵਧੀਆ ਗੀਤਕਾਰ। ਉਹ ਜ਼ਿਆਦਾਤਰ ਆਪਣੇ ਲਿਖੇ ਹੀ ਗੀਤ ਗਾਉਂਦਾ ਸੀ, ਪਰ ਉਸ ਨੇ ਕੁੱਝ ਕੁ ਗੀਤ ਆਪਣੇ ਲਾਡਲੇ ਸ਼ਾਗਿਰਦ ਹਰਜਾਗ ਟਿਵਾਣਾ ਦੇ ਵੀ ਰਿਕਾਰਡ ਕਰਵਾਏ। ਸੁਰਿੰਦਰ ਕੌਰ ਨਾਲ ਦੀਦਾਰ ਦੇ ਰਿਕਾਰਡ ਗੀਤਾਂ ‘ਹੱਥੀਂ ਬੂਟਾ ਲਾ ਕੇ ਚੋਬਰਾ’, ‘ਪੰਜੇ ਦਿਓਰ ਕੁਆਰੇ ਭਾਬੀ’ ਅਤੇ ‘ਪਊਗਾ ਘੜੇ ਤੋਂ ਹੁਣ ਕੌਲ ਚੁੱਕਣਾ...’ ਦਾ ਲੇਖਕ ਹਰਜਾਗ ਟਿਵਾਣਾ ਇੱਕ ਉਹ ਗੀਤਕਾਰ ਹੈ ਜਿਸ ਦੇ ਲਿਖੇ ਪਹਿਲੇ ਗੀਤਾਂ ਦੀ ਰਿਕਾਡਿੰਗ ਦੀਦਾਰ ਨੇ ਸੁਰਿੰਦਰ ਕੌਰ ਨਾਲ ਕਰਵਾਈ। ਇਨ੍ਹਾਂ ਗੀਤਾਂ ਵਿੱਚ ਉਸ ਦਾ ਤੇ ਦੀਦਾਰ ਸੰਧੂ ਦਾ ਨਾਂ ਇੰਝ ਬੋਲਦਾ ਹੈ;
ਕਹਿੰਦਾ ਹਰਜਾਗ ਟਿਵਾਣਾ, ਮਾਪਿਆਂ ਨੇ ਤੂੰ ਨਾ ਚੰਡੀ।
ਰਹਿੰਦੇ ਕਈ ‘ਸੰਧੂ’ ਵਰਗੇ, ਪਿੰਡ ਦੇ ਵਿੱਚ ਕਰਦੇ ਭੰਡੀ।
‘ਪੰਜੇ ਦਿਓਰ ਕੁਆਰੇ ਭਾਬੀ’ ਦੋਗਾਣੇ ਵਿੱਚ ਦੀਦਾਰ ਨੇ ਹਰਜਾਗ ਦੇ ਪਿੰਡ ਦਾ ਜ਼ਿਕਰ ਵੀ ਕੀਤਾ ਹੈ;
ਵੇ ਤੂੰ ਕੀ ਸਾਰ ਦਿਲਾਂ ਦੀ ਜਾਣੇ,
ਸੌਂ ਜਾ ਬਾਂਹ ਨੂੰ ਰੱਖ ਸਿਰਹਾਣੇ
ਗੱਲ ਸਮਝਾਉਣਗੇ ਲੋਕ ਸਿਆਣੇ ‘ਜੱਟ ਜਿੰਦਲਪੁਰ ਵਾਲੇ’ ਨੂੰ
ਜ਼ਿਲ੍ਹਾ ਪਟਿਆਲਾ ਦੇ ਪਿੰਡ ਜਿੰਦਲਪੁਰ (ਨੇੜੇ ਭਾਦਸੋਂ) ਵਿਖੇ ਰਹਿ ਰਿਹਾ ਉੱਚੇ-ਲੰਮੇ ਕੱਦ ਵਾਲਾ, ਤਾਂਬੇ ਰੰਗੀ ਭਮਕ ਮਾਰਦਾ ਚਿਹਰਾ, ਛਾਂਟਵੀ ਪਤਲੀ ਦਾੜ੍ਹੀ-ਮੁੱਛ, ਕੰਨਾਂ ’ਚ ਤੁੰਗਲੀਆਂ, ਵੇਖਣ ਨੂੰ ਸ਼ੌਕੀਨ ਜੱਟ ਹਰਜਾਗ ਟਿਵਾਣਾ 70 ਸਾਲਾਂ ਦਾ ਹੋ ਕੇ ਭਰ ਜਵਾਨ ਲੱਗਦਾ ਹੈ। ਉਸ ਦੀ ਕਲਮ ਵਿੱਚ ਅੱਜ ਵੀ ਉਹੀ ਰਵਾਨਗੀ ਹੈ ਜੋ ਦੀਦਾਰ ਸੰਧੂ ਦੇ ਗੀਤਾਂ ਵਿੱਚ ਝਲਕਦੀ ਹੈ।
ਪਿਤਾ ਕਰਨੈਲ ਸਿੰਘ ਤੇ ਮਾਤਾ ਅਮਰ ਕੌਰ ਦੇ ਘਰ ਪਿੰਡ ਜਿੰਦਲਪੁਰ ਵਿਖੇ ਪੈਦਾ ਹੋਏ ਇਸ ਗੀਤਕਾਰ ਨੇ ਦੱਸਿਆ ਕਿ ਉਸ ਨੂੰ ਜਵਾਨੀ ਪਹਿਰ ਗੀਤ ਸੁਣਨ ਦਾ ਬਹੁਤ ਚਸਕਾ ਸੀ। ਪੜ੍ਹਾਈ ’ਚ ਚਿੱਤ ਨਾ ਲੱਗਦਾ ਵੇਖ ਕੇ ਹਰਜਾਗ ਪੰਜ-ਛੇ ਜਮਾਤਾਂ ਕਰ ਕੇ, ਖੇਤੀ ਦੇ ਕੰਮਾਂ ਵੱਲ ਜੁਟ ਗਿਆ। ਬਹੁਤੇ ਗੀਤ ਸੁਣਨ ਕਰਕੇ ਉਹ ਗੀਤ ਜੋੜਨ ਲੱਗ ਪਿਆ। ਉਹ ਨਾਟਕਾਂ ਦੀਆਂ ਸਟੇਜਾਂ ਅਤੇ ਭੰਗੜਾ ਪਾਰਟੀਆਂ ਵਿੱਚ ਆਪਣੇ ਗੀਤ ਬੋਲਦਾ ਤਾਂ ਉਸ ਦੇ ਹਾਣੀ ਉਸ ਦੀ ਕਲਮ ਦੀ ਦਾਦ ਦਿੰਦੇ ਤੇ ਕਿਸੇ ਚੰਗੇ ਗਵੱਈਏ ਨੂੰ ਦੇਣ ਦੀ ਸਲਾਹ ਦਿੰਦੇ।
ਇੱਕ ਵਾਰੀ ਪਿੰਡ ਨੇੜੇ ਅਖਾੜਾ ਲਾਉਣ ਆਏ ਮੁਹੰਮਦ ਸਦੀਕ ਨੂੰ ਉਸ ਨੇ ਆਪਣੇ ਗੀਤਾਂ ਬਾਰੇ ਦੱਸਿਆ, ਜਿਸ ਨੇ ਪਹਿਲਾਂ ਕੋਈ ਉਸਤਾਦ ਧਾਰਨ ਦੀ ਸਲਾਹ ਦਿੱਤੀ। ਫਿਰ ਇੱਕ ਦਿਨ ਉਹ ਸੁਵਖਤੇ ਹੀ ਲੁਧਿਆਣੇ ਦੀਦਾਰ ਸੰਧੂ ਦੇ ਦਫ਼ਤਰ ਜਾ ਪੁੱਜਾ ਜਿੱਥੋਂ ਉਹ ਦੀਦਾਰ ਬਾਰੇ ਪਤਾ ਕਰਕੇ ਸਿੱਧਾ ਉਸ ਦੇ ਪਿੰਡ ਦੇ ਘਰ ਜਾ ਪੁੱਜਾ। ਉਸ ਨੇ ਆਪਣੇ ਗੀਤ ਵਿਖਾਉਂਦਿਆਂ ਸਾਰੀ ਗੱਲ ਦੱਸੀ। ਦੀਦਾਰ ਨੇ ਉਸ ਦੇ ਗੀਤ ਵੇਖੇ ਤਾਂ ਉਸ ਨੂੰ ‘ਦਮ’ ਵਾਲੀ ਗੱਲ ਲੱਗੀ। ਉਸ ਨੇ ਲੋੜ ਮੁਤਾਬਕ ਸੋਧ ਕਰਕੇ ਇਹ ਰਿਕਾਰਡ ਕਰਵਾ ਦਿੱਤੇ। ਬਸ ਫਿਰ, ਉਸ ਨਾਲ ਹਰਜਾਗ ਟਿਵਾਣਾ ਦੀ ਨੇੜਤਾ ਬਣ ਗਈ।
ਹਰਜਾਗ ਟਿਵਾਣਾ ਦੱਸਦਾ ਹੈ, ‘‘ਮੇਰੇ ਗੀਤਾਂ ਨੂੰ ਰਿਕਾਰਡ ਕਰਨ ਵਾਲਾ ਤੇ ਕਲਮ ਦੀਆਂ ਬਾਰੀਕੀਆਂ ਦੱਸਣ ਵਾਲਾ ਦੀਦਾਰ ਬਹੁਤ ਵਧੀਆ ਤੇ ਸੱਚਾ-ਸੁੱਚਾ, ਦਿਲਦਾਰ ਇਨਸਾਨ ਸੀ। ਮੈਂ ਉਸ ਦੇ ਬਹੁਤ ਨੇੜੇ ਰਿਹਾ ਹਾਂ ਤੇ ਉਸਤਾਦ ਮੰਨਦਿਆਂ ਦਿਲੋਂ ਸਤਿਕਾਰ ਦਿੰਦਾ ਰਿਹਾ ਹਾਂ।’’ ਹਰਜਾਗ ਅੱਜ ਵੀ ਗੀਤ ਲਿਖਦਾ ਹੈ। ਉਸ ਨੇ ਪਰਿਵਾਰਕ ਨੋਕ-ਝੋਕ ਵਾਲੇ ਗੀਤ ਵੱਧ ਲਿਖੇ ਹਨ। ਕਈ ਲੋਕ ਗਥਾਵਾਂ ਲਿਖ ਕੇ ਉਸ ਨੇ ਸੁੱਚੇ ਸੂਰਮੇ, ਮਿਰਜ਼ੇ ਜੱਟ ਨੂੰ ਨਵੇਂ ਰੂਪ ’ਚ ਪੇਸ਼ ਕੀਤਾ ਹੈ।
ਅਵਤਾਰ ਫੱਕਰ ਤੇ ਬਲਜੀਤ ਬੇਦੀ ਦੀ ਆਵਾਜ਼ ਵਿੱਚ ਰਿਕਾਰਡ ਦੋਗਾਣਿਆਂ ਨੇ ਉਸ ਦੀ ਕਲਮ ਅਤੇ ਸੋਚ ਵਿੱਚ ਤਬਦੀਲੀ ਲਿਆਂਦੀ ਹੈ। ਮਨਜੀਤ ਰਾਹੀ ਦੀ ਆਵਾਜ਼ ਵਿੱਚ ਵੀ ਉਸ ਦੇ ਕਈ ਗੀਤ ਰਿਕਾਰਡ ਹੋਏ, ਪਰ ਜੋ ਸਫਲਤਾ ਦੀਦਾਰ ਵਾਲੇ ਗੀਤਾਂ ਹਿੱਸੇ ਆਈ, ਉਸ ਪੱਖੋਂ ਇਹ ਸੱਖਣੇ ਰਹੇ। ਦੀਦਾਰ ਸੰਧੂ ਤੋਂ ਬਾਅਦ ਮਨਜੀਤ ਰਾਹੀ-ਦਲਜੀਤ ਕੌਰ, ਅਵਤਾਰ ਫੱਕਰ-ਬਲਜੀਤ ਬੇਦੀ, ਪਰਮ ਪੰਮਾ-ਅਨੀਤਾ ਸਮਾਣਾ, ਕਰਨੈਲ ਸੋਢੀ ਨਾਂ ਦੇ ਕਈ ਕਲਾਕਾਰਾਂ ਨੇ ਹਰਜਾਗ ਦੇ ਗੀਤਾਂ ਨੂੰ ਗਾਇਆ ਹੈ। ਉਸ ਨੇ ਹੁਣ ਤੱਕ 500 ਦੇ ਕਰੀਬ ਗੀਤ ਲਿਖੇ ਹਨ ਜਿਨ੍ਹਾਂ ’ਚੋਂ 22 ਕੁ ਗੀਤ ਰਿਕਾਰਡ ਹੋਏ। ਉਸ ਦਾ ਕਹਿਣਾ ਹੈ ਕਿ ਦੀਦਾਰ ਨਾਲ ਉਸ ਦਾ ਦਿਲੋਂ ਸਨੇਹ ਸੀ। ਦੀਦਾਰ ਦੀ ਆਵਾਜ਼ ’ਚ ਰਿਕਾਰਡ ਹੋਣ ਮਗਰੋਂ ਉਹ ਹੋਰ ਗਾਇਕਾਂ ਕੋਲ ਗੀਤ ਲੈ ਕੇ ਨਹੀਂ ਗਿਆ। ਅਵਤਾਰ ਫੱਕਰ ਦੀ ਰਿਕਾਡਿੰਗ ਕਰਵਾਉਣ ਸਮੇਂ ਉਹ ਖ਼ੁਦ ਨਾਲ ਗਿਆ ਸੀ। ਉਸ ਸਮੇਂ ਉਸ ਦੇ ਚਾਰ ਗੀਤ ਰਿਕਾਰਡ ਹੋਏ, ਪਰ ਕੁਝ ਸਮੇਂ ਬਾਅਦ ਉਸ ਦੀ ਆਵਾਜ਼ ਦੱਬ ਗਈ ਤੇ ਬਾਕੀ ਗੀਤਾਂ ਦੀ ਰਿਕਾਡਿੰਗ ਨਾ ਹੋ ਸਕੀ। ਗਾਇਕੀ ਦੇ ਖੇਤਰ ਵਿੱਚ ਹਰਜਾਗ ਮੁੜ ਸਰਗਰਮ ਹੋਇਆ ਹੈ। ਕਈ ਵਧੀਆ ਗਾਉਣ ਵਾਲੇ ਗਾਇਕ ਉਸ ਦੇ ਗੀਤ ਗਾ ਰਹੇ ਹਨ।
ਹਰਜਾਗ ਟਿਵਾਣਾ ਦੇ ਲਿਖੇ ਗੀਤਾਂ ਵਿੱਚੋਂ ਕੁੱਝ ਚਰਚਿਤ ਗੀਤ ਹਨ;
-ਹੱਥੀਂ ਬੂਟਾ ਲਾਕੇ ਚੋਬਰਾ ਮਾਣੇ ਉਸ ਦੀ ਛਾਂ
-ਹਾਰੀ ਮੈਂ ਕਹਿ ਕਹਿ ਹਾਰੀ
-ਪੰਜੇ ਦਿਓਰ ਕੁਆਰੇ ਭਾਬੀ
(ਸਾਰੇ ਦੀਦਾਰ ਸੰਧੁ-ਸੁਰਿੰਦਰ ਕੌਰ)
-ਗੱਡੀ ਤੇ ਨੋਟ ਰਹੀ ਚੱਟਦਾ
(ਅਵਤਾਰ ਫੱਕਰ-ਬਲਜੀਤ ਬੇਦੀ)
-ਕਿਹੜਾ ਮੰਤਰ ਮਾਰ ਕੇ ਹੁਣ ਮੇਰੀ ਭੈਣ...
-ਮੇਰਾ ਬੱਲੀਏ ਸਾਹਿਬ ਕੁਆਰਾ ਹੈ
-ਕੁੜੀਆਂ ਦੇ ਵਿੱਚ ਰਲ ਗਈ
-ਠੇਕਿਆਂ ’ਤੇ ਨਿੱਤ ਘੁੰਮਦਾ
(ਮਨਜੀਤ ਰਾਹੀ-ਦਲਜੀਤ ਕੌਰ)
ਹਰਜਾਗ ਟਿਵਾਣਾ ਦੱਸਦਾ ਹੈ ਕਿ ਗੀਤ ਲਿਖਣ ਵਾਲਾ ਸ਼ੌਕ ਪੂਰੇ ਖਾਨਦਾਨ ਵਿੱਚ ਉਸ ਨੂੰ ’ਕੱਲੇ ਨੂੰ ਹੀ ਸੀ। ਉਸ ਦਾ ਪਿਤਾ ਉਸ ਨੂੰ ਏਸ ਅਵੱਲੇ ਸ਼ੌਕ ਤੋਂ ਵਰਜਦਾ ਰਹਿੰਦਾ ਸੀ। ਹਰਜਾਗ ਦਾ ਇੱਕ ਮੁੰਡਾ ਹੈ ਤਰਸੇਮ ਜੋ ਪਿਤਾ-ਪੁਰਖੀ ਕਿੱਤੇ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ।
ਸੰਪਰਕ: 98146-07737