ਦਿਲਜੋਈ ਸਭ ਨੂੰ ਲੋੜੀਏ
ਰਾਬਿੰਦਰ ਸਿੰਘ ਰੱਬੀ
ਢਾਰਸ ਦੇਣਾ ਭਾਵ ਕਿਸੇ ਥੱਕੇ-ਟੁੱਟੇ, ਡਿੱਗੇ ਬੰਦੇ ਨੁੂੰ ਹੌਸਲਾ ਦੇਣਾ ਅਤੇ ਉਸ ਦੀ ਪਿੱਠ ਥਪਥਪਾਉਣਾ, ਉਸ ਦੀ ਹਾਂ ’ਚ ਹਾਂ ਭਰ ਕੇ ਉਸ ਨੂੰ ਖੜ੍ਹਨਯੋਗ ਬਣਾਉਣਾ। ਬੰਦਾ ਸਮਾਜਿਕ ਪ੍ਰਾਣੀ ਹੈ ਅਤੇ ਸਮਾਜ ’ਚ ਰਹਿੰਦਿਆਂ ਉਹ ਆਪਣੇ ਘਰ, ਮੁਹੱਲੇ, ਸ਼ਹਿਰ ਅਤੇ ਇਲਾਕੇ ਵਿੱਚ ਰਿਸ਼ਤੇ ਸਿਰਜ ਲੈਂਦਾ ਹੈ। ਕੁਝ ਰਿਸ਼ਤੇ ਪਰਿਵਾਰਕ ਹੁੰਦੇ ਹਨ ਅਤੇ ਕੁਝ ਸਮਾਜਿਕ। ਜੋ ਰਿਸ਼ਤੇ ਉਸ ਦੇ ਖ਼ੂਨ ਦੇ ਹੁੰਦੇ ਹਨ, ਉਨ੍ਹਾਂ ਰਿਸ਼ਤਿਆਂ ਨੂੰ ਉਸ ਨੂੰ ਚਾਹੁੰਦਿਆਂ ਅਤੇ ਨਾ ਚਾਹੁੰਦਿਆਂ ਮਾਨਤਾ ਦੇਣੀ ਪੈਂਦੀ ਹੈ। ਇਨ੍ਹਾਂ ਰਿਸ਼ਤਿਆਂ ਵਿੱਚੋਂ ਹੀ ਕੁਝ ਰਿਸ਼ਤੇ ਉਸ ਲਈ ‘ਜੀ ਦਾ ਜੰਜਾਲ’ ਬਣ ਜਾਂਦੇ ਹਨ। ਨਿੱਕੀਆਂ-ਨਿੱਕੀਆਂ ਗੱਲਾਂ ਦਾ ‘ਬਤੰਗੜ’ ਬਣਿਆ ਆਪਾਂ ਹਰ ਰੋਜ਼ ਦੇਖਦੇ ਹਾਂ। ਫਿਰ ਉਨ੍ਹਾਂ ਰਿਸ਼ਤਿਆਂ ’ਚੋਂ ਹੀ ਕੋਈ ਆ ਕੇ ਜਾਂ ਆਪਣੇ ਨਵੇਂ ਸਿਰਜੇ ਰਿਸ਼ਤਿਆਂ ’ਚੋਂ ਕੋਈ ਬੰਦੇ ਨੂੰ ਢਾਰਸ ਬੰਨ੍ਹਾਉਂਦਾ ਹੈ। ਉਸ ਨੂੰ ਪੈਰਾਂ ਸਿਰ ਖੜ੍ਹੇ ਹੋਣ ਜੋਗੇ ਕਰਦਾ ਹੈ ਤਾਂ ਜੋ ਉਹ ਬੰਦਾ ਸਮਾਜ ’ਚ ਵਿਚਰਨ ਦੇ ਯੋਗ ਹੋ ਸਕੇ।
ਢਾਰਸ ਦੇਣਾ ਵੀ ਇੱਕ ਕਲਾ ਹੈ ਅਤੇ ਇਹ ਕਲਾ ਛੇਤੀ ਕੀਤਿਆਂ ਆਉਂਦੀ ਨਹੀਂ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਜਿਸ ਨੂੰ ਢਾਰਸ ਦਿੱਤਾ ਜਾ ਰਿਹਾ ਹੈ, ਤੁਹਾਨੂੰ ਉਸ ਬਾਰੇ ਪੂਰੀ ਜਾਣਕਾਰੀ ਹੈ। ਉਸ ਦਾ ਕਿੱਤਾ, ਪੜ੍ਹਾਈ, ਲਿਖਾਈ, ਰਿਸ਼ਤੇ-ਨਾਤੇ, ਉਸ ਦੇ ਜਜ਼ਬਾਤ, ਵਿਚਾਰ, ਧਾਰਨਾਵਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ, ਤਾਂ ਹੀ ਉਸ ਨੂੰ ਸਹੀ ਤਰੀਕੇ ਨਾਲ, ਸਹੀ ਮਾਅਨਿਆਂ ’ਚ ਅਤੇ ਚਿਰ ਸਥਾਈ ਢਾਰਸ ਦੇ ਸਕਦੇ ਹੋ। ਹਾਂ, ਪਰ ਕਈ ਵਾਰ ਅਸੀਂ ਅਣਜਾਣ ਬੰਦਿਆਂ ਨੂੰ ਵੀ ਬਿਨਾਂ ਕੁਝ ਜਾਣੇ ਢਾਰਸ ਦੇ ਸਕਦੇ ਹਾਂ, ਪਰ ਇਹ ਵਕਤੀ ਹੁੰਦਾ ਹੈ। ਵਕਤੀ ਢਾਰਸ ਦੇਣ ਦੀ ਵੀ ਆਪਣੀ ਮਹੱਤਤਾ ਹੈ। ਕਈ ਵਾਰ ਉਸ ਵਕਤ ਲਈ ਹੀ ਬੰਦੇ ਨੂੰ ਢਾਰਸ ਲੋੜੀਂਦਾ ਹੈ ਅਤੇ ਅਜਿਹੇ ਸਮੇਂ ਦਿੱਤੇ ਢਾਰਸ ਨਾਲ ਮਿਲੀ ਕਾਮਯਾਬੀ ਉਸ ਨੂੰ ਚਿਰ ਸਥਾਈ ਪ੍ਰਸੰਨਤਾ ਦੇ ਸਕਦੀ ਹੈ। ਅਗਲੀ ਗੱਲ ਇਹ ਵੀ ਹੈ ਕਿ ਵਕਤੀ ਪ੍ਰਸੰਨਤਾ ’ਚ ਵੀ ਕੋਈ ਬੁਰਾਈ ਨਹੀਂ ਹੈ। ਇਸ ਲਈ ਇਹ ਸਮੇਂ ਅਤੇ ਹਾਲਾਤ ਮੁਤਾਬਕ ਨਿਰਭਰ ਕਰਦਾ ਹੈ ਕਿ ਤੁਹਾਡਾ ਦਿੱਤਾ ਹੋਇਆ ਢਾਰਸ ਵਕਤੀ ਹੈ ਜਾਂ ਚਿਰ ਸਥਾਈ। ਚਲੋ ਕੁਝ ਵੀ ਹੋਵੇ, ਫਿਰ ਵੀ ਬੰਦਾ ਅੰਦਰੋਂ ਚਾਹੁੰਦੈ ਕਿ ਲੋੜ ਪੈਣ ’ਤੇ ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਹੋਵੇ। ਕੋਈ ਉਸ ਦੀ ਬਾਂਹ ਬਣੇ।
ਅਗਲੀ ਗੱਲ ਹੋਰ ਵੀ ਹੈ ਕਿ ਜਿਵੇਂ ਢਾਰਸ ਦੇਣਾ ਇੱਕ ਕਲਾ ਹੈ, ਉਵੇਂ ਢਾਰਸ ਲੈਣਾ ਵੀ ਇੱਕ ਕਲਾ ਹੈ। ਕਈ ਬੰਦੇ ਇਸ ਯੋਗ ਹੀ ਨਹੀਂ ਹੁੰਦੇ ਕਿ ਉਨ੍ਹਾਂ ਨੂੰ ਢਾਰਸ ਦਿੱਤਾ ਜਾ ਸਕੇ ਅਤੇ ਕਈ ਜਨਮ-ਜਨਮਾਂਤਰਾਂ ਲਈ ਢਾਰਸ ਦੀ ਉਡੀਕ ’ਚ ਖੜ੍ਹੇ ਰਹਿੰਦੇ ਹਨ। ਕਈ ਸਦਾ ਹੀ ਆਪਣੇ ਆਪ ਨੂੰ ਤਰਸ ਦੇ ਪਾਤਰ ਦੇ ਰੂਪ ’ਚ ਪੇਸ਼ ਕਰਦੇ ਹਨ ਅਤੇ ਇਸ ਤਰ੍ਹਾਂ ਉਹ ਦੋਵੇਂ ਹੱਥੀਂ ਖ਼ੂਬ ‘ਢਾਰਸ ਬਟੋਰਦੇ’ ਹਨ। ਅਜਿਹੇ ਲੋਕਾਂ ਬਾਬਤ ਸਾਡਾ ਪੰਜਾਬੀ ਸ਼ਾਇਰ ਇੰਝ ਵਿਚਾਰ ਰੱਖਦਾ ਹੈ;
ਉਹ ਵੀ ਲੋਕ ਨੇ ਜਿਹੜੇ ਪਾਸਾ ਪਰਤਣ ਤੋਂ ਸ਼ਰਮਾਉਂਦੇ ਨੇੇ।
ਉਹ ਵੀ ਲੋਕ ਨੇ ਏਥੇ ਜਿਹੜੇ ਨਾਗਾਂ ਨੂੰ ਹੱਥ ਪਾਉਂਦੇ ਨੇ।
ਇਹ ਵੀ ਸਹੀ ਹੈ ਕਿ ਅਜਿਹੇ ਲੋਕ ਤਰਸ ਦੇ ਪਾਤਰ ਤਾਂ ਬਣੇ ਰਹਿੰਦੇ ਹਨ, ਪਰ ਆਪਣੀ ਜ਼ਿੰਦਗੀ ’ਚ ਕੋਈ ਮਾਣਮੱਤੀ ਪ੍ਰਾਪਤੀ ਨਹੀਂ ਕਰ ਸਕਦੇ। ਇਹ ਮੰਜ਼ਿਲਾਂ ਦੀਆਂ ਪ੍ਰਾਪਤੀਆਂ ਤੋਂ ਦੂਰ ਹੀ ਰਹਿੰਦੇ ਹਨ ਅਤੇ ਸਮਾਜ ’ਚ ਇੱਕ ਅੰਗਹੀਣ ਪਾਤਰ ਦੇ ਰੂਪ ’ਚ ਸਵੀਕਾਰ ਕਰ ਲਏ ਜਾਂਦੇ ਹਨ, ਪਰ ਢਾਰਸ ਦੇਣ ਵਾਲੇ ਸਾਰੇ ਸਮਾਜ ਨੂੰ ਹੀ ਚਾਹੁੰਦੇ ਹਨ ਕਿ ਇਹ ਸੁਖੀ ਵਸੇ। ਇਸ ’ਚ ਅਜਿਹੇ ਪਾਤਰ ਨਾ ਹੋਣ। ਉਹ ਆਪਣੇ ਸ਼ਬਦਾਂ ਰਾਹੀਂ ਸਾਰੀ ਲੋਕਾਈ ਨੂੰ ਹੀ ਢਾਰਸ ਦਿੰਦੇ ਪ੍ਰਤੀਤ ਹੁੰਦੇ ਹਨ;
ਲੰਘੇ ਝੱਖੜ, ਤੂਫ਼ਾਨ, ਡਿੱਗੇ, ਉੱਠੇ, ਤੁਰੇ, ਹੱਸੇ,
ਦਿਲੋਂ ਨਿਕਲੇ ਦੁਆ, ਸਦਾ ਧਰਤ ਸੁਖੀ ਵੱਸੇ।
ਆਪਾਂ ਆਪਣੇ ਆਲੇ-ਦੁਆਲੇ ਅਜਿਹੇ ਵਰਤਾਰੇ ਦੇਖ ਸਕਦੇ ਹਾਂ। ਇਤਿਹਾਸ, ਮਿਥਿਹਾਸ ’ਚੋਂ ਇਸ ਤਰ੍ਹਾਂ ਦੀਆਂ ਉਦਾਹਰਨਾਂ ਸੁਣੀਆਂ-ਸੁਣਾਈਆਂ ਜਾ ਸਕਦੀਆਂ ਹਨ, ਜਿੱਥੇ ਢਾਰਸ ਦੇਣ ਨਾਲ ਬੰਦੇ ਨੇ ਹੇਠਲੀ ਉੱਤੇ ਕਰ ਦਿੱਤੀ। ਢਾਰਸ ਮੱਲ੍ਹਮ ਹੈ, ਦਵਾ ਹੈ, ਬੂਟੀ, ਤਾਕਤ ਅਤੇ ਸ਼ਕਤੀ ਹੈ। ਇਸ ਲਈ ਜਿਵੇਂ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ ਕਿ ਜੇਕਰ ਗ਼ਲਤ ਬੰਦੇ ਨੂੰ ਢਾਰਸ ਦਿੱਤੀ ਗਈ ਤਾਂ ਹੋ ਸਕਦੈ ਕਿ ਉਹ ਹੋਰ ਵੀ ਬਿਮਾਰ ਹੋ ਜਾਵੇ। ਫਿਰ ਢਾਰਸ ਵਿੱਚ ਵੀ ਫ਼ਰਕ ਹੈ। ਕਿਸੇ ਨੂੰ ਕਿਸੇ ਦੀ ਢਾਰਸ ਰਾਸ ਆਉਂਦੀ ਹੈ, ਕਿਸੇ ਨੂੰ ਕਿਸੇ ਦੀ। ਢਾਰਸ ਜਾਂ ਦਿਲਾਸਾ ਕਈ ਵਾਰ ਉਂਝ ਵੀ ਮਨ ਨੂੰ ਦਿੱਤਾ ਜਾਂਦਾ ਹੈ ਤਾਂ ਜੋ ਮਨ ਨੂੰ ਸੱਚਾ-ਝੂਠਾ ਧਰਵਾਸ ਰਹੇ। ਗ਼ਫ਼ੂਰ ਸ਼ਾਹਿਦ ਇਸੇ ਲਈ ਬਿਆਨਦਾ ਹੈ;
ਦਿਲ ਨੂੰ ਦਿਲਾਸਾ ਦੇਣ ਲਈ, ਝੁੱਗੀਆਂ ਦੇ ਬਾਦਸ਼ਾਹ,
ਪੁੱਤਰ ਨੂੰ ‘ਰਾਜਾ’ ਆਖਦੇ, ਧੀਆਂ ਨੂੰ ‘ਰਾਣੀਆਂ’।
ਉਂਝ ਢਾਰਸ ਅਤੇ ਹੌਸਲੇ ਵਿੱਚ ਵੀ ਮਹੀਨ ਜਿਹਾ ਫਰਕ ਹੁੰਦੈ। ਤੁਸੀਂ ਕਿਸੇ ਨੂੰ ਢਾਰਸ ਬੰਨ੍ਹਾਉਂਦੇ ਹੋ, ਹੌਸਲਾ ਦਿੰਦੇ ਹੋ, ਪਰ ਹੌਸਲਾ ਆਪਣੇ ਆਪ ਵਿੱਚ ਵੀ ਵੱਡੇ ਅਰਥ ਕਲਾਵੇ ’ਚ ਲਈ ਬੈਠਾ ਹੈ। ਢਾਰਸ ਉਸ ਪਰਬਤ ਨੁਮਾਂ ਸ਼ਬਦ ਅੱਗੇ ਬੌਣਾ ਵਿਖਾਈ ਦਿੰਦਾ ਹੈ, ਪਰ ਢਾਰਸ ਸ਼ਬਦ ਨੂੰ ਢਾਰਸ ਦੇਣ ਲਈ ਹੌਸਲਾ ਉਸ ਦੇ ਸਮਾਨਆਰਥਕ ਹੀ ਭੁਗਤਦਾ ਹੈ। ਸ਼ਾਇਰ ਡਾ. ਜਗਤਾਰ ਕਹਿ ਰਿਹਾ ਹੈ;
ਹੌਸਲਾ ਕਰ, ਹੰਝੂਆਂ ਨੂੰ ਖ਼ਾਕ ਨਾ ਕਰ, ਧੀਰ ਧਰ,
ਨਾ ਪਿਘਲਦੇ ਨੇ, ਨਾ ਪੱਥਰ ਪਾਟਦੇ ਆਹਾਂ ਦੇ ਨਾਲ।
ਹੁਣ ਇੱਥੇ ਸ਼ਬਦ ਹੌਸਲਾ ਢਾਰਸ ਦੇ ਰੂਪ ’ਚ ਹੀ ਸਾਡੇ ਸਾਹਮਣੇ ਆਇਆ ਹੈ। ਢਾਰਸ ਹੌਸਲੇ ਨਾਲ ਹੀ ਮਿਲਦਾ ਹੈ, ਹਮਦਰਦੀ ਨਾਲ ਨਹੀਂ। ਹਮਦਰਦੀ ਅਤੇ ਢਾਰਸ ਦਾ ਵੀ ਹੌਸਲੇ ਵਾਂਗ ਬੜਾ ਮਹੀਨ ਜਿਹਾ ਰਿਸ਼ਤਾ ਹੈ। ਹਮਦਰਦੀ ਵਜੋਂ ਵੀ ਕਈ ਬੰਦੇ ਢਾਰਸ ਬੰਨ੍ਹਾ ਸਕਦੇ ਹਨ ਅਤੇ ਕਈ ਬਿਨਾਂ ਹਮਦਰਦੀ ਵੀ। ਇਸ ਲਈ ਅਜਿਹੇ ਸਮੇਂ ਇਹ ਸ਼ਬਦ ਆਪਸ ਵਿੱਚ ਮਿਲਗੋਭਾ ਰੂਪ ਧਾਰਨ ਨਹੀਂ ਕਰਦੇ ਜਿਵੇਂ ਢਾਰਸ ਅਤੇ ਹੌਸਲਾ ਕਰਦੇ ਹਨ। ਆਪਾਂ ਇਸ ਗੱਲ ਨੂੰ ਸਮਝਣ ਲਈ ਇੱਕ ਹੋਰ ਸ਼ਿਅਰ ਨੂੰ ਵੀ ਵੇਖ ਸਕਦੇ ਹਾਂ;
ਕਦੇ ਇਹ ਹੌਸਲਾ ਦਿੰਦੈ, ਕਦੇ ਜੰਜਾਲ ਹੁੰਦਾ ਹੈ,
ਮੈਂ ਭਾਵੇਂ ਸਫ਼ਰ ਵਿੱਚ ਹੋਵਾਂ, ਮੇਰਾ ਘਰ ਨਾਲ ਹੁੰਦਾ ਹੈ।
ਕਈ ਵਾਰ ਆਪਣੇ ਆਪ ਨੂੰ ਵੀ ਢਾਰਸ ਦੇਣਾ ਪੈਂਦੇ। ਹੌਸਲਾ ਦੇਣਾ ਪੈਂਦੈ। ਮਨ ਦਾ ਵੇਗ ਹੁੰਦੈ, ਮਨ ਸਮਝਦੈ, ਪਰ ਫਿਰ ਵੀ ਆਪਣੀ ਜ਼ਮੀਰ ਅੱਗੇ ਸੱਚੇ ਹੋਣ ਲਈ ਮਨ ਨੂੰ ਢਾਰਸ ਦੇਣ ਦਾ ਮੌਕਾ ਕੱਢਿਆ ਜਾਂਦੈ;
ਮੇਰੀ ਬੇਟੀ ਬਰਾਬਰ ਹੁੰਦੀਆਂ ਨਹੀਂ ਉਂਗਲੀਆਂ ਪੰਜੇ
ਉਹਨੂੰ ਸਮਝਾ ਕੇ ਆਪਣੇ ਆਪ ਨੂੰ ਵੀ ਹੌਸਲਾ ਦਿੰਨਾਂ।
ਢਾਰਸ ਦੇ ਰੰਗ ਅਜੀਬ ਅਤੇ ਅਨੰਤ ਨੇ। ਬੱਚੇ ਵੀ ਆਪਣੇ-ਆਪ ਨੁੂੰ ਮੂਕ ਢਾਰਸ ਦਿੰਦੇ ਨੇ;
ਮਾਂ ਹੀ ਵਾਪਸ ਆ ਜਾਵੇ, ਬਸ, ਕੀ ਕਰਨੀ ਹੈ ਚੋਗ
ਵਹਿਸ਼ੀ ਰੁੱਤ ’ਚ ਕੀਤੀ ਕੰਬਦੇ ਬੋਟਾਂ ਨੇ ਅਰਦਾਸ।
ਕੁੱਲ ਮਿਲਾ ਕੇ ਢਾਰਸ ਸਾਡੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਸਾਨੂੰ ਸਾਰਿਆਂ ਨੂੰ ਇਸ ਦੀ ਸੁਯੋਗ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਸਮਾਜ ’ਚ ਪਟੜੀ ਲੀਹ ਤੋਂ ਨਾ ਉਤਰੇ ਅਤੇ ਕੁਝ ਲੋਕ, ਜੋ ਲੀਹ ਦੇ ਖੱਬੇ-ਸੱਜੇ ਹੁੰਦੇ ਹਨ, ਉਹ ਲੀਹ ’ਤੇ ਹੀ ਆਪਣੀਆਂ ਪੈੜਾਂ ਪਾਉਣ। ਬਾਕੀ ਹਿੰਮਤੀ ਬੰਦਿਆਂ ਦੇ ਤਾਂ ਕੀ ਕਹਿਣੇ!
ਸੰਪਰਕ: 89689-46129