ਦਿਲਜੀਤ ਨੂੰ ਸਿੱਖ ਹੋਣ ਕਾਰਨ ਬਣਾਇਆ ਜਾ ਰਿਹੈ ਨਿਸ਼ਾਨਾ: ਯੂਥ ਆਫ ਪੰਜਾਬ
ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ(ਮੁਹਾਲੀ), 3 ਜੁਲਾਈ
ਯੂਥ ਆਫ਼ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਣ ਨੇ ਕਿਹਾ ਹੈ ਕਿ ਭਾਰਤ ਵਿੱਚ ਰਹਿੰਦੇ ਕੁਝ ਕੁ ਧਾਰਮਿਕ ਕੱਟੜਤਾ ਦਾ ਸ਼ਿਕਾਰ ਨਫ਼ਰਤੀ ਟੋਲੇ ਦਿਲਜੀਤ ਦੋਸਾਂਝ ਨੂੰ ਬਾਲੀਵੁੱਡ ਵਿਚ ਸਿੱਖ ਕਲਾਕਾਰ ਦੀ ਲਗਾਤਾਰ ਵਧ ਰਹੀ ਲੋਕਪ੍ਰਿਅਤਾ ਕਾਰਨ ਟਾਰਗੇਟ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸਾਰੀ ਦੁਨੀਆਂ ਜਾਣਦੀ ਹੈ ਦਿਲਜੀਤ ਦੋਸਾਂਝ ਦੀ ਫ਼ਿਲਮ ਦੀ ਸ਼ੂਟਿੰਗ ਪਹਿਲਗਾਮ ਹਮਲੇ ਅਤੇ ਭਾਰਤ ਪਾਕਿਸਤਾਨ ਵਿੱਚ ਬਣੇ ਤਣਾਅ ਤੋਂ ਪਹਿਲਾਂ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਫ਼ਿਲਮ ਦੇ ਪ੍ਰੋਡਿਊਸਰਾਂ ਦੇ ਕਰੋੜਾਂ ਰੁਪਏ ਲੱਗੇ ਹੋਏ ਨੇ ਅਤੇ ਕਿੰਨੇ ਨਵੇਂ-ਪੁਰਾਣੇ ਅਦਾਕਾਰਾਂ ਦੀ ਮਿਹਨਤ ਲੱਗੀ ਹੋਈ ਹੈ ਪਰ ਇਸ ਦੇ ਬਾਵਜੂਦ ਦਿਲਜੀਤ ਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾਇਆਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਿਸਾਨੀ ਧਰਨੇ ਦੌਰਾਨ ਦਿਲਜੀਤ ਦੋਸਾਂਝ ਦੇਸ਼ ਦੇ ਕਿਸਾਨਾਂ ਨਾਲ ਤਨ-ਮਨ-ਧਨ ਨਾਲ ਖੜ੍ਹਿਆ ਹੈ ਤਾਂ ਸਮੁੱਚਾ ਪੰਜਾਬ ਵੀ ਉਸ ਦੇ ਹੱਕ ਵਿੱਚ ਡਟ ਕੇ ਖੜ੍ਹੇਗਾ। ਉਨ੍ਹਾਂ ਕਿਹਾ ਕਿ ਪੱਗ ਕਾਰਨ ਪਹਿਲਾਂ ਸਿੱਧੂ ਮੂਸੇਵਾਲਾ ਨੂੰ ਟਾਰਗੇਟ ਕੀਤਾ ਗਿਆ ਅਤੇ ਹੁਣ ਬਾਲੀਵੁੱਡ ਸਮੇਤ ਹਾਲੀਵੁੱਡ ਤੱਕ ਨਾਮਣਾ ਖੱਟ ਚੁੱਕੇ ਦਿਲਜੀਤ ਦੋਸਾਂਝ ਨੂੰ ਤਕਲੀਫ ਵਿੱਚੋਂ ਨਿਕਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਧਾਰਮਿਕ ਕੱਟੜਤਾ ਦਾ ਸ਼ਿਕਾਰ ਲੋਕਾਂ ਨੂੰ ਨੱਥ ਪਾਉਣੀ ਚਾਹੀਦੀ ਹੈ, ਜਿਹੜੇ ਬਿਨਾਂ ਕਿਸੇ ਕਾਰਨ ਧਰਮਾਂ ਨੂੰ ਹਥਿਆਰ ਬਣਾ ਕੇ ਨਫਰਤ ਫੈਲਾ ਰਹੇ ਨੇ ਅਤੇ ਦੇਸ਼ ਦੇ ਸਮਾਜਿਕ ਮਾਹੌਲ ਨੂੰ ਖਰਾਬ ਕਰ ਰਹੇ ਹਨ।