ਦਾਣਾ ਮੰਡੀ ’ਚ ਮੁੜ ਨਿਰਮਾਣ ਲਈ ਢਾਹੇ ਸ਼ੈੱਡ ਕਾਰਨ ਝਗੜਾ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 12 ਅਪਰੈਲ
ਸਥਾਨਕ ਦਾਣਾ ਮੰਡੀ (ਏ-ਬਲਾਕ) ’ਚ ਮੁੜ ਉਸਾਰੀ ਲਈ ਕੰਡਮ ਸ਼ੈੱਡਾਂ ਨੂੰ ਢਾਹੁਣ ਕਰਕੇ ਫਸਲ ਰੱਖਣ ਲਈ ਥਾਂ ਦੀ ਘਾਟ ਕਾਰਨ ਹੋਏ ਝਗੜੇ ਦੌਰਾਨ ਜੋਗੇਵਾਲਾ ਦਾ ਵਸਨੀਕ ਕਿਸਾਨ ਜਸਵਿੰਦਰ ਸਿੰਘ ਬੀਤੀ ਸ਼ਾਮ ਸਿਰ ’ਤੇ ਫਾਉੜੇ ਨਾਲ ਹੋਏ ਹਮਲਾ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਸਿਰਸਾ ਦੇ ਹਸਪਤਾਲ ’ਚ ਜ਼ੇਰੇ ਇਲਾਜ ਜਸਵਿੰਦਰ ਸਿੰਘ ਦੀ ਸਥਿਤੀ ਨਾਜ਼ੁਕ ਹੈ।
ਮੁਲਜ਼ਮ ਧਰਮਪਾਲ, ਦੁਕਾਨ ਨੰਬਰ 210 ਦੇ ਆੜ੍ਹਤੀਏ ਸੁਰੇਸ਼ ਭੋਬੀਆ ਦਾ ਚਾਚਾ ਹੈ। ਸਿਟੀ ਪੁਲੀਸ ਨੇ ਜ਼ਖ਼ਮੀ ਦੇ ਜਵਾਈ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ। ਆੜ੍ਹਤੀਏ ਸੁਰੇਸ਼ ਭੋਬੀਆ ਨੂੰ ਹਿਰਾਸਤ ’ਚ ਲੈ ਲਿਆ।
ਦੇਰ ਸ਼ਾਮ ਕੱਚਾ ਆੜ੍ਹਤੀਆ ਐਸੋਸੀਏਸ਼ਨ ਨੇ ਆੜ੍ਹਤੀਆ ਸੁਰੇਸ਼ ਭੋਬੀਆ ਦੀ ਹਿਰਾਸਤੀ ਖਿਲਾਫ਼ ਬੰਦ ਦਾ ਨੋਟਿਸ ਜਾਰੀ ਕਰ ਦਿੱਤਾ। ਅੱਜ ਆੜ੍ਹਤੀਆ ਐਸੋਸੀਏਸ਼ਨ ਨੇ ਸੁਰੇਸ਼ ਭੋਬੀਆ ਨੂੰ ਥਾਣਿਓਂ ਛੁਡਵਾ ਲਿਆ। ਉਧਰ ਕਿਸਾਨਾਂ ਨੇ ਬੀ-ਬਲਾਕ ਵਿੱਚ ਧਰਨਾ ਲਾ ਦਿੱਤਾ। ਕੌਮੀ ਕਿਸਾਨ ਜਥੇਬੰਦੀ ਦੇ ਆਗੂ ਜਸਵੀਰ ਸਿੰਘ ਭਾਟੀ, ਬੀ.ਕੇ.ਈ ਆਗੂ ਲਖਵਿੰਦਰ ਸਿੰਘ ਔਲਖ, ਗੁਰਪ੍ਰੇਮ ਦੇਸੂਜੋਧਾ, ਮਿੱਠੂ ਕੰਬੋਜ, ਗੁਰਦਾਸ ਸਿੰਘ ਲੱਕੜਾਂਵਾਲੀ, ਦਰਸ਼ਨ ਕੌਰ ਜੌੜਾ, ਮਨਦੀਪ ਦੇਸੂਜੋਧਾ, ਖੁਸ਼ਦੀਪ ਹੈਬੂਆਣਾ ਨੇ ਮੁਲਜਮਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ।
ਜ਼ਖ਼ਮੀ ਕਿਸਾਨ ਦੇ ਜਵਾਈ ਜਸਵੀਰ ਸਿੰਘ ਵਾਸੀ ਮਾਂਗੇਆਣਾ ਨੇ ਦੱਸਿਆ ਕਿ ਧਰਮਪਾਲ ਨੇ ਫਾਉੜਾ ਉਸਦੇ ਸਹੁਰੇ ਜਸਵਿੰਦਰ ਸਿੰਘ ਦੇ ਸਿਰ ’ਤੇ ਮਾਰ ਦਿੱਤਾ। ਕਿਸਾਨਾਂ ਦੇ ਧਰਨੇ ’ਚ ਸਿਟੀ ਥਾਣੇ ਦੇ ਮੁਖੀ ਸ਼ੈਲੇਂਦਰ ਕੁਮਾਰ ਅਤੇ ਜ਼ਿਲ੍ਹਾ ਸੁਰੱਖਿਆ ਵਿੰਗ ਦੇ ਮੁਖੀ ਸੁਭਾਸ਼ ਗਾਂਧੀ ਪੁੱਜੇ। ਉਨ੍ਹਾਂ ਮੁਲਜ਼ਮ ਨੂੰ ਬੁੱਧਵਾਰ ਤੱਕ ਗ੍ਰਿਫ਼ਤਾਰ ਕਰਨ ਭਰੋਸਾ ਦਿੱਤਾ, ਜਿਸ ’ਤੇ ਕਿਸਾਨ ਧਰਨਾ ਮੁਲਤਵੀ ਕਰ ਦਿੱਤਾ ਗਿਆ।
ਥਾਣਾ ਮੁਖੀ ਸ਼ੈਲੇਂਦਰ ਕੁਮਾਰ ਨੇ ਕਿਹਾ ਕਿ ਧਰਮਪਾਲ ਅਤੇ ਇੱਕ ਹੋਰ ਖ਼ਿਲਾਫ਼ ਲੜਾਈ-ਝਗੜੇ ਦਾ ਕੇਸ ਦਰਜ ਕੀਤਾ ਹੈ। ਜ਼ਖਮੀ ਦੇ ਬਿਆਨ ਮਗਰੋਂ ਧਾਰਾਵਾਂ ’ਚ ਵਾਧਾ ਹੋਵੇਗਾ।