ਦਾਊਦਪੁਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਵਾਈ
ਪੱਤਰ ਪ੍ਰੇਰਕ
ਸਮਰਾਲਾ, 8 ਜੂਨ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸਮਰਾਲਾ ਵੱਲੋਂ ਖੇਤੀਬਾੜੀ ਅਫਸਰ ਸਮਰਾਲਾ ਡਾ. ਗੌਰਵ ਧੀਰ ਦੀ ਅਗਵਾਈ ਹੇਠ ਅੱਜ ਪਿੰਡ ਦਾਉਦਪੁਰ ’ਚ ਪਰਮਿੰਦਰ ਸਿੰਘ ਦੇ ਖੇਤ ’ਚ ਝੋਨੇ ਦੀ ਸਿੱਧੀ ਬਜਾਈ ਕਰਵਾਈ ਗਈ। ਖੇਤੀਬਾੜੀ ਵਿਭਾਗ ਵੱਲੋਂ ਪ੍ਰੋਤਸਾਹਿਤ ਕਰਨ ’ਤੇ ਕਿਸਾਨ ਨੇ ਪਹਿਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਕੀਤੀ। ਇਸ ਮੌਕੇ ਏਡੀਓ ਸਮਰਾਲਾ ਸਨਦੀਪ ਸਿੰਘ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਦੇ ਖੇਤੀ ਖਰਚੇ ਘਟਾਉਣ ਵਿੱਚ ਸਾਰਥਕ ਹੋਵੇਗੀ। ਉਨ੍ਹਾਂ ਕਿਹਾ ਕਿ ਕੁਦਰਤੀ ਸੋਮਿਆਂ ਦੀ ਸੰਭਾਲ ਕਰਨ ਲਈ ਹਰ ਵਰਗ ਨੂੰ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਨਾਲ ਨਾ ਸਿਰਫ਼ ਪਾਣੀ ਦੀ ਬੱਚਤ ਹੋਵੇਗੀ ਤੇ ਕਿਸਾਨਾਂ ਦੇ ਖੇਤੀ ਖਰਚੇ ਵੀ ਘਟਣਗੇ।
ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਫਸਲੀ ਵਿਭੰਨਤਾ ਸਕੀਮ ਤੋਂ ਜਾਣੂ ਕਰਵਾਇਆ ਅਤੇ ਕੁਝ ਨਾ ਕੁਝ ਰਕਬਾ ਮੱਕੀ ਦੇ ਹੇਠ ਲਿਆਉਣ ਦੇ ਲਈ ਅਪੀਲ ਵੀ ਕੀਤੀ। ਉਨ੍ਹਾਂ ਕਿਸਾਨਾਂ ਨੂੰ ਬਾਸਮਤੀ ਦੇ ਵਿੱਚ ਝੰਡਾ ਰੋਗ ਤੋਂ ਬਚਣ ਦੇ ਲਈ ਟਾਈਕੋਗਰਾਮਾ ਐਸਪੈਰਲਮ ਨਾਲ ਬਾਸਮਤੀ ਦੀਆਂ ਜੜਾਂ ਨੂੰ ਛੇ ਘੰਟੇ ਵਿੱਚ ਡਬੋ ਕੇ ਰੱਖਣ ਦੇ ਲਈ ਵੀ ਸਲਾਹ ਦਿੱਤੀ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਜੀਵਾਣੂ ਖਾਦ ਦੀ ਵਰਤੋਂ ਅਤੇ ਇਸ ਦੀ ਮਹੱਤਤਾ ਬਾਰੇ ਵਿਸਥਾਰ ਦੇ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਅਜੀਤ ਸਿੰਘ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਇੰਦਰਜੀਤ ਸਿੰਘ, ਮਨਜੋਤ ਸਿੰਘ, ਗੁਰਨਾਮ ਸਿੰਘ, ਹਰਮਨ ਸਿੰਘ, ਪਰਮ ਸਿੰਘ ਹਾਜ਼ਰ ਸਨ।