ਦਸ ਹਜ਼ਾਰ ਲਿਟਰ ਲਾਹਣ ਸਮੇਤ ਸੱਤ ਮੁਲਜ਼ਮ ਕਾਬੂ

ਮਾਨਸਾ ਪੁਲੀਸ ਦੀ ਹਿਰਾਸਤ ਵਿੱਚ ਮੁਲਜ਼ਮ ਅਤੇ ਵੱਡੀ ਪੱਧਰ ’ਤੇ ਬਰਾਮਦ ਲਾਹਣ।

ਜੋਗਿੰਦਰ ਸਿੰਘ ਮਾਨ
ਮਾਨਸਾ, 22 ਅਕਤੂਬਰ
ਮਾਨਸਾ ਪੁਲੀਸ ਨੇ ਅਦਾਲਤ ਤੋਂ ਸਰਚ ਵਾਰੰਟ ਹਾਸਲ ਕਰਕੇ ਹਰਿਆਣਾ ਸੂਬੇ ਦੇ ਪਿੰਡ ਰੰਗਾ ਵਿੱਚ ਛਾਪਾ ਮਾਰ ਕੇ 10 ਹਜ਼ਾਰ ਲਿਟਰ ਲਾਹਣ ਸਮੇਤ ਸੱਤ ਵਿਅਕਤੀਆਂ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਅੱਜ ਇੱਥੇ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਦੱਸਿਆ ਕਿ ਪੁਲੀਸ ਨੂੰ ਮੁਖਬਰੀ ਮਿਲੀ ਸੀ ਕਿ ਗੁਰਮੇਜ ਸਿੰਘ ਵਾਸੀ ਝੰਡਾਂ ਕਲਾਂ, ਜੋ ਹਰਿਆਣਾ ਪ੍ਰਾਂਤ ਵਿੱਚੋਂ ਨਾਜਾਇਜ਼ ਸ਼ਰਾਬ ਲਿਆ ਕੇ ਵੇਚਣ ਦਾ ਆਦੀ ਹੈ। ਪੁਲੀਸ ਪਾਰਟੀ ਨੇ ਢੁਕਵੀ ਜਗ੍ਹਾਂ ’ਤੇ ਨਾਕਾ ਲਾ ਕੇ ਗੁਰਮੇਜ ਸਿੰਘ ਨੂੰ ਕਾਬੂ ਕਰਕੇ ਉਸ ਕੋਲੋਂ 18 ਬੋਤਲਾਂ ਸ਼ਰਾਬ ਨਾਜਾਇਜ਼ ਬਰਾਮਦ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਕਸ਼ਮੀਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਇਹ ਨਾਜਾਇਜ਼ ਸ਼ਰਾਬ ਹਰਿਆਣਾ ਪ੍ਰਾਂਤ ਦੇ ਪਿੰਡ ਰੰਗਾ ਦੀ ਢਾਣੀ ਤੋਂ ਲਿਆਉਂਦਾ ਹੈ, ਜਿੱਥੇ ਵੱਡੇ ਪੱਧਰ ’ਤੇ ਨਾਜਾਇਜ਼ ਸ਼ਰਾਬ ਕਸੀਦ ਕੀਤੀ ਜਾਂਦੀ ਹੈ ਅਤੇ ਇਸ ਦੀ ਜ਼ਿਆਦਾਤਰ ਸਪਲਾਈ ਪੰਜਾਬ ਦੇ ਪਿੰਡਾਂ ਨੂੰ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲੀਸ ਨੇ ਅਦਾਲਤ ਤੋਂ ਆਗਿਆ ਲੈ ਕੇ ਛਾਪਾ ਮਾਰਿਆ ਜਿਸ ਤਹਿਤ 7 ਵਿਅਕਤੀਆਂ ਸੋਨਾ ਸਿੰਘ, ਚਾਨਣ ਸਿੰਘ, ਕਸ਼ਮੀਰ ਸਿੰਘ, ਓਮ ਪ੍ਰਕਾਸ, ਮਲਕੀਤ ਸਿੰਘ, ਦਰਸ਼ਨ ਸਿੰਘ, ਗੁਰਦੀਪ ਸਿੰਘ ਚੱਕ ਥਰਾਜ ਢਾਣੀ ਪਿੰਡ ਰੰਗਾਂ (ਹਰਿਆਣਾ) ਨੂੰ ਕਾਬੂ ਕੀਤਾ ਗਿਆ ਅਤੇ 10,000 ਲਿਟਰ ਲਾਹਣ (50 ਢੋਲ 200 ਲੀਟਰ ਵਾਲੇ), 150 ਲੀਟਰ ਸ਼ਰਾਬ ਨਾਜਾਇਜ਼ ਅਤੇ ਨਾਜਾਇਜ਼ ਸ਼ਰਾਬ ਕਸੀਦ ਕਰਨ ਵਾਲਾ ਸਾਮਾਨ (4 ਗੈਸ ਸਿਲੰਡਰ, 2 ਭੱਠੀਆ, 2 ਵੱਡੇ ਪਤੀਲੇ, 2 ਵੱਡੇ ਟੱਬ) ਮੌਕੇ ਤੇਂ ਬਰਾਮਦ ਕੀਤਾ ਗਿਆ ਹੈ।

Tags :