ਦਸ ਦਿਨਾਂ ਵਿੱਚ ਯਮੁਨਾ ਵਿੱਚੋਂ 1,300 ਟਨ ਕੂੜਾ ਕੱਢਿਆ: ਪ੍ਰਵੇਸ਼ ਵਰਮਾ
ਨਵੀਂ ਦਿੱਲੀ, 5 ਮਾਰਚ
ਦਿੱਲੀ ਦੇ ਸਿੰਜਾਈ ਮੰਤਰੀ ਪ੍ਰਵੇਸ਼ ਵਰਮਾ ਨੇ ਅੱਜ ਕਿਸ਼ਤੀ ਵਿੱਚ ਯਮੁਨਾ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੇ ਦਸ ਦਿਨਾਂ ਵਿੱਚ ਨਦੀ ਵਿੱਚੋਂ 1,300 ਮੀਟ੍ਰਿਕ ਟਨ ਕੂੜਾ ਬਾਹਰ ਕੱਢਿਆ ਗਿਆ ਹੈ। ਇਸ ਮਗਰੋਂ ਉਨ੍ਹਾਂ ਸਫ਼ਾਈ ਕੰਮਾਂ ਅਤੇ ਪ੍ਰਗਿਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਆਖਿਆ ਕਿ ਦਿੱਲੀ ਦੇ ਸਾਰੇ ਨਾਲਿਆਂ ਨੂੰ ਸੀਵਰੇਜ ਸਿਸਟਮ ਨਾਲ ਜੋੜਿਆ ਜਾਵੇਗਾ ਅਤੇ ਉਨ੍ਹਾਂ ਦੀ ਸਮਰਥਾ ਪਹਿਲਾਂ ਨਾਲੋਂ ਵਧਾਈ ਜਾਵੇਗੀ। ਇਸ ਕਾਰਨ ਦੂਸ਼ਿਤ ਪਾਣੀ ਨੂੰ ਯਮੁਨਾ ਵਿੱਚ ਸੁੱਟਣ ਤੋਂ ਰੋਕਿਆ ਜਾਵੇਗਾ। ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਯਮੁਨਾ ਦੀ ਸਫ਼ਾਈ ਦਾ ਵਾਅਦਾ ਕੀਤਾ ਸੀ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੀਵਰੇਜ ਸਿਸਟਮ ਬਾਰੇ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 2023 ਵਿੱਚ ਦਿੱਲੀ ਨੂੰ ਹੜ੍ਹ ਦਾ ਸਾਹਮਣਾ ਕਰਨਾ ਪਿਆ ਸੀ। ਪਹਿਲਾਂ ਸਾਰੇ ਜਲ ਨਿਕਾਸੀ ਦੇ ਦੁਆਰ ਬੰਦ ਕਰ ਦਿੱਤੇ ਗਏ ਸਨ ਪਰ ਹੁਣ ਹੜ੍ਹਾਂ ਨੂੰ ਰੋਕਣ ਲਈ ਉਨ੍ਹਾਂ ਦੀ ਮੁਰੰਮਤ ਕਰ ਦਿੱਤੀ ਗਈ ਹੈ। ਉਨ੍ਹਾਂ ਨੂੰ ਪਹਿਲਾਂ ਨਾਲੋਂ ਉੱਚਾ ਕਰ ਦਿੱਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਉਦੇਸ਼ ਯਮੁਨਾ ਨੂੰ ਪੂਰੀ ਤਰ੍ਹਾਂ ਸਾਫ਼ ਕਰਨ ਦਾ ਹੈ। ਪਿਛਲੇ ਦਸ ਦਿਨਾਂ ਵਿੱਚ ਇੱਥੋਂ 1,300 ਮੀਟ੍ਰਿਕ ਟਨ ਕੂੜਾ ਬਾਹਰ ਕੱਢਿਆ ਗਿਆ ਹੈ। ਇਸ ਦੇ ਨਾਲ ਨਦੀ ਦੇ ਕੰਢਿਆਂ ਨੇੜੇ ਵੀ ਸਫਾਈ ਕਰਵਾਈ ਗਈ ਹੈ ਤਾਂ ਜੋ ਨਦੀ ਦਾ ਪਾਣੀ ਦੂਸ਼ਿਤ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹੜ੍ਹ ਨੂੰ ਰੋਕਣ ਲਈ ਆਈਟੀਓ ਬੈਰਾਜ ਦੁਆਰਾਂ ’ਤੇ ਸੁਰੱਖਿਆ ਕੰਧਾਂ ਦੀ ਮੁਰੰਮਤ ਅਤੇ ਇਨ੍ਹਾਂ ਦੀ ਉਚਾਈ ਵਧਾਉਣ ਲਈ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਨਦੀ ਦੇ ਕੰਢਿਆਂ ਦੀ ਸਫਾਈ ਅਤੇ ਹਰਿਆਲੀ ਖੇਤਰ ਨੂੰ ਵਿਕਸਿਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਦਹਾਕੇ ਦੌਰਾਨ ਨਦੀ ਦੀ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇੱਥੋਂ ਤੱਕ ਕਿ ਕਾਗਜ਼ਾਂ ਵਿੱਚ ਵੀ ਇਸ ਸਬੰਧੀ ਕੋਈ ਕੰਮ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੂੰ ਯਮੁਨਾ ਲਈ ਕੰਮ ਕਰਨ ਦਾ ਖ਼ਿਆਲ ਵੀ ਨਹੀਂ ਆਇਆ ਪਰ ਹੁਣ ਨਾ ਕੇਵਲ ਦਿੱਲੀ ਸਰਕਾਰ ਸਗੋਂ ਖੁਦ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਵੀ ਇਸ ਵਿੱਚ ਸ਼ਾਮਲ ਹੈ। -ਪੀਟੀਆਈ