ਦਸੌਂਧਾ ਸਿੰਘ ਵਾਲਾ ’ਚ ਦੋ ਘਰਾਂ ’ਤੇ ਗੋਲੀਆਂ ਚਲਾਈਆਂ

ਪੱਤਰ ਪ੍ਰੇਰਕ
ਸੰਦੌੜ, 12 ਅਗਸਤ

ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਪੁਲੀਸ ਮੁਲਾਜ਼ਮ।

ਨੇੜਲੇ ਪਿੰਡ ਦਸੌਂਧਾ ਸਿੰਘ ਵਾਲਾ ਵਿੱਚ ਲੰਘੀ ਰਾਤ ਅਣਪਛਾਤੇ ਵਿਅਕਤੀਆਂ ਨੇ ਦੋ ਘਰਾਂ ‘ਤੇ ਗੋਲੀਆਂ ਚਲਾਈਆਂ। ਇਨ੍ਹਾਂ ਵਿੱਚੋਂ ਇਕ ਗੋਲੀ ਗੁਰਜੰਟ ਸਿੰਘ ਅਤੇ ਦੂਜੀ ਗੋਲੀ ਜੀਤ ਕੁਮਾਰ ਦੇ ਘਰ ਉੱਪਰ ਚਲਾਈ ਗਈ। ਦੋਵੇਂ ਗੋਲੀਆਂ ਘਰਾਂ ਦੇ ਮੇਨ ਗੇਟਾਂ ’ਤੇ ਲੱਗੀਆਂ ਜਦਕਿ ਪਿੰਡ ਦੇ ਲੋਕਾਂ ਦੇ ਦੱਸਣ ਮੁਤਾਬਿਕ ਕੁੱਲ 4 ਫਾਇਰ ਹੋਏ ਸਨ।
ਉਧਰ ਸੰਦੌੜ ਪੁਲੀਸ ਨੇ ਘਟਨਾ ਦਾ ਪਤਾ ਲਗਦਿਆਂ ਸਵੇਰੇ ਪਿੰਡ ਦਸੌੰਧਾ ਸਿੰਘ ਵਾਲਾ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ। ਥਾਣਾ ਸੰਦੌੜ ਦੇ ਮੁਖੀ ਸੁਖਦੀਪ ਸਿੰਘ ਨੇ ਘਟਨਾ ਸਬੰਧੀ ਵਿਚ ਕਈ ਲੋਕਾਂ ਤੋਂ ਜਾਣਕਾਰੀ ਲਈ ਅਤੇ ਸਬੰਧਿਤ ਘਰਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ। ਥਾਣਾ ਮੁਖੀ ਨੇ ਕਿਹਾ ਕਿ ਪੁਲੀਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੇ ਬਿਆਨ ਵੀ ਕਲਮਬੰਦ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।