ਦਸਹਿਰਾ: ਵੱਖ ਵੱਖ ਥਾਈਂ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਫੂਕੇ

ਚੰਡੀਗੜ੍ਹ ਦੇ ਸੈਕਟਰ-46 ਵਿਚ ਰਾਵਣ ਦਾ ਪੁਤਲਾ ਫੂਕਣ ਦੀ ਝਲਕ। -ਫੋਟੋ: ਮਨੋਜ ਮਹਾਜਨ

ਪੱਤਰ ਪ੍ਰੇਰਕ
ਕੁਰਾਲੀ, 8 ਅਕਤੂਬਰ
ਇਲਾਕੇ ’ਚ ਦਸਹਿਰਾ ਅੱਜ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਮੁੱਖ ਸਮਾਗਮ ਸਥਾਨਕ ਦੁਸਹਿਰਾ ਮੈਦਾਨ ਵਿਚ ਕਰਵਾਇਆ ਗਿਆ। ਸਥਾਨਕ ਮੇਲਾ ਮੈਦਾਨ ਕਮੇਟੀ ਵਲੋਂ ਪ੍ਰਾਚੀਨ ਡੇਰਾ ਗੁਸਾਈਂਆਣਾ ਦੇ ਮੁਖੀ ਬਾਬਾ ਧਨਰਾਜ ਗਿਰ ਦੀ ਸਰਪ੍ਰਸਤੀ ਹੇਠ ਮਨਾਏ ਇਸ ਤਿਉਹਾਰ ਮੌਕੇ ਬੁਲਾਰਿਆਂ ਨੇ ਸੰਗਤਾਂ ਨੂੰ ਨੇਕ ਕਰਨ ਲਈ ਪ੍ਰੇਰਿਤ ਕੀਤਾ। ਇਸੇ ਦੌਰਾਨ ਬਾਬਾ ਧਨਰਾਜ ਗਿਰ ਨੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਨੂੰ ਅੱਗ ਲਗਾਈ। ਇਸ ਮੌਕੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਅਕਾਲੀ ਦਲ ਦੇ ਹਲਕਾ ਇੰਚਾਰਜ਼ ਰਣਜੀਤ ਸਿੰਘ ਗਿੱਲ, ਆਮ ਆਦਮੀ ਪਾਰਟੀ ਦੇ ਆਗੂ ਨਰਿੰਦਰ ਸਿੰਘ ਸ਼ੇਰਗਿੱਲ, ਕੌਂਸਲ ਦੀ ਪ੍ਰਧਾਨ ਕ੍ਰਿਸ਼ਨਾ ਦੇਵੀ, ਕੌਂਸਲਰ ਬਹਾਦਰ ਸਿੰਘ ਓਕੇ ਨੇ ਹਾਜ਼ਰੀ ਲਵਾਈ। ਪਿੰਡ ਖਿਜ਼ਰਾਬਾਦ ’ਚ ਵੀ ਦਸਹਿਰਾ ਮਨਾਇਆ ਗਿਆ।
ਲਾਲੜੂ (ਪੱਤਰ ਪ੍ਰੇਰਕ): ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬੱਲੋਪੁਰ ਵੱਲੋਂ ਦਸਹਿਰੇ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ। ਇਸ ਦੌਰਾਨ ਕਾਲਜ ’ਚ ਰਾਵਣ ਦਾ ਪੁਤਲਾ ਸਾੜਿਆ ਗਿਆ।
ਰੂਪਨਗਰ (ਪੱਤਰ ਪ੍ਰੇਰਕ): ਇਥੋਂ ਦੇ ਰਾਮ ਲੀਲਾ ਮੈਦਾਨ ਰੂਪਨਗਰ, ਗਿਆਨੀ ਜ਼ੈਲ ਸਿੰਘ ਨਗਰ ਤੇ ਪਾਵਰ ਕਾਲੋਨੀ ਮੈਦਾਨ ’ਚ ਰਾਵਣ ਦੇ ਪੁਤਲੇ ਫੂਕੇ ਗਏ। ਗਿਆਨੀ ਜ਼ੈਲ ਸਿੰਘ ਨਗਰ ’ਚ ਦਸਹਿਰੇ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਰਾਮਲੀਲਾ ਮੈਦਾਨ ’ਚ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸੇ ਤਰ੍ਹਾਂ ਪਾਵਰ ਕਾਲੋਨੀ ’ਚ ਰਾਮਲੀਲਾ ਕਮੇਟੀ ਵਲੋਂ ਰਾਵਣ, ਮੇਘਨਾਦ ਤੇ ਕੁੰਭਕਰਣ ਦੇ ਪੁਤਲੇ ਫੂਕੇ ਗਏ। ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਚੀਮਾ, ਡਾ. ਅਮਰਿੰਦਰ ਸਿੰਘ ਗਿੱਲ ਨੇ ਪੁਤਲੇ ਨੂੰ ਅੱਗ ਲਾਉਣ ਦੀ ਰਸਮ ਨਿਭਾਈ।
ਖਰੜ (ਪੱਤਰ ਪ੍ਰੇਰਕ): ਇੱਥੇ ਅੱਜ ਭਗਵਾਨ ਰਾਮ ਦੇ ਪੁਰਖਾਂ ਨਾਲ ਸਬੰਧਤ ਮਹਾਰਾਜਾ ਸਰੋਵਰ ਦੇ ਮੈਦਾਨ ਵਿਚ ਰਾਵਨ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਸਾੜੇ ਗਏ। ਇਸ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਸ੍ਰੀ ਮਨੀਸ਼ ਤਿਵਾੜੀ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਤੋਂ ਪਹਿਲਾਂ ਦਸਹਿਰਾ ਕਮੇਟੀ ਖਰੜ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਐੱਮਸੀ ਦੀ ਦੇਖਰੇਖ ਵਿਚ ਸ਼ੋਭਾ ਯਾਤਰਾ ਕੱਢੀ ਗਈ।
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਮੁੱਲਾਂਪੁਰ ਗਰੀਬਦਾਸ ਅਤੇ ਨਵਾਂ ਗਾਉਂ ਵਿਚ ਰਾਮਲੀਲਾ ਕਮੇਟੀਆਂ ਵੱਲੋਂ ਦਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਦੇਰ ਸ਼ਾਮ ਨੂੰ ਰਾਵਣ, ਮੇਘਨਾਦ ਤੇ ਕੁੰਂਭਕਰਨ ਦੇ ਪੁਤਲੇ ਅਗਨ ਭੇਟ ਕੀਤੇ ਗਏ। ਮੁੱਲਾਂਪੁਰ ਗਰੀਬਦਾਸ ਵਿਚ ਗਾਇਕ ਇੰਦਰਜੀਤ ਸਿੰਘ ਗੋਰਖਾ ਅਤੇ ਬੀਬੀ ਸੋਨੀਆ ਦੇ ਗਰੁੱਪ ਨੇ ਸੰਗੀਤਕ ਪ੍ਰੋਗਰਾਮ ਪੇਸ਼ ਕੀਤਾ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ, ਜ਼ਿਲ੍ਹਾ ਪਰਿਸ਼ਦ ਮੈਂਬਰ ਯਾਦਵਿੰਦਰ ਸਿੰਘ ਬੰਨੀ ਕੰਗ, ਅਕਾਲੀ ਦਲ ਵੱਲੋਂ ਹਲਕਾ ਖਰੜ ਦੇ ਇੰਚਾਰਜ ਰਾਣਾ ਰਣਜੀਤ ਸਿੰਘ ਗਿੱਲ ਨੇ ਵਿਸ਼ੇਸ਼ ਸ਼ਿਰਕਤ ਕੀਤੀ।
ਫ਼ਤਹਿਗੜ੍ਹ ਸਾਹਿਬ (ਪੱਤਰ ਪ੍ਰੇਰਕ): ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਡਾ. ਸਿਕੰਦਰ ਸਿੰਘ , ਮੀਤ ਪ੍ਰਧਾਨ ਸਾਧੂ ਰਾਮ ਭੱਟਮਾਜਰਾ, ਕੌਂਸਲਰ ਤਰਲੋਕ ਬਾਜਵਾ ਅਤੇ ਸਰਬਜੀਤ ਸਿੰਘ ਮੱਖਣ ਨੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਅਗਨ ਭੇਟ ਕੀਤੇ।
ਬਨੂੜ (ਪੱਤਰ ਪ੍ਰੇਰਕ): ਬਨੂੜ ਵਿਚ ਗੁੱਗਾ ਮਾੜੀ ਚੌਕ ਤੇ ਸਬਜ਼ੀ ਮੰਡੀ ’ਚ ਹੋਏ ਸਮਾਗਮਾਂ ਦੌਰਾਨ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਦੋਵੇਂ ਥਾਵਾਂ ’ਤੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਮੁੱਖ ਮਹਿਮਾਨ ਅਤੇ ਪੰਜਾਬ ਇਨਫ਼ੋਟੈੱਕ ਦੇ ਚੇਅਰਮੈਨ ਐੱਸਐੱਮਐੱਸ ਸੰਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਦਿਲਬਾਗ ਸਿੰਘ ਬਾਗਾ ਤੇ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਜਸਵੰਤ ਸਿੰਘ ਖਟੜਾ, ਨਿਰਭੈ ਸਿੰਘ ਮਿਲਟੀ ਵੀ ਮੌਜੂਦ ਸਨ। ਇਹ ਸਮਾਗਮ ਰਾਮ ਕ੍ਰਿਸ਼ਨ ਸੇਵਾ ਦਲ ਤੇ ਮਾਂ ਦੁਰਗਾ ਡਰਾਮਾਟਿਕ ਕਲੱਬ ਵੱਲੋਂ ਕਰਵਾਏ ਗਏ। ਦੋਵੇਂ ਸਮਾਗਮਾਂ ’ਚ ਪੰਜਾਬੀ ਗਾਇਕਾਂ ਜੈਮਨ ਚਮਕੀਲਾ-ਰੀਆ ਸੰਧੂ ਤੇ ਪਾਲੀ ਦੇਤਵਾਲੀਆ ਤੇ ਬਿਲ ਸਿੰਘ ਨੇ ਮੰਨੋਰੰਜਨ ਕੀਤਾ।
ਜ਼ੀਰਕਪੁਰ (ਪੱਤਰ ਪ੍ਰੇਰਕ): ਦਸਹਿਰੇ ਮੌਕੇ ਲੋਹਗੜ੍ਹ ’ਚ ਰੰਗਲਾ ਪੰਜਾਬ ਸਭਿਆਚਾਰਕ ਕਲੱਬ ਵਲੋਂ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਗਾਇਕ ਹਰਜੀਤ ਸਿੰਘ, ਪ੍ਰਵੀਨ ਦਰਦੀ, ਕਵਿਤਾ ਭੱਲਾ ਤੇ ਭੋਟੂ ਸ਼ਾਹ ਨੇ ਪੇਸ਼ਕਾਰੀ ਦਿੱਤੀ। ਵਿਧਾਇਕ ਐੱਨ.ਕੇ ਸ਼ਰਮਾ ਨੇ ਰਾਵਣ ਨੂੰ ਅੱਗ ਲਾਉਣ ਦੀ ਰਸਮ ਅਦਾ ਕੀਤੀ। ਪਿੰਡ ਭਬਾਤ ਵਿੱਚ ਸਨਾਤਨ ਧਰਮ ਸਭਾ ਤੇ ਸ਼ਿਵਾਲਿਕ ਵਿਹਾਰ ਵਿਚ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਨੇ ਦਸਹਿਰਾ ਮਨਾਇਆ। ਇਸ ਤੋਂ ਇਲਾਵਾ ਪੰਚਕੂਲਾ ਸੜਕ ’ਤੇ ਕਲਗੀਧਰ ਮਾਰਕੀਟ ਵਿਚ ਸ਼ਹੀਦ ਊਧਮ ਸਿੰਘ ਵੈਲਫੇਅਰ ਕਲੱਬ ਨੇ ਯੂਥ ਕਾਂਗਰਸੀ ਆਗੂ ਹਰਜੀਤ ਸਿੰਘ ਮਿੰਟਾ ਦੀ ਅਗਵਾਈ ’ਚ ਸਮਾਗਮ ਕੀਤਾ। ਗਿਆ। ਇਸ ਦੌਰਾਨ ਮੁਹਾਲੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਦੀਪਇੰਦਰ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਗਾਇਕ ਰੁਪਿੰਦਰ ਹਾਂਡਾ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਸੇ ਤਰਾਂ ਬਲਟਾਨਾ ਦੇ ਦਸਹਿਰਾ ਗਰਾਉਂਡ ਵਿਚ ਯੂਥ ਵੈਲਫੇਅਰ ਕਲੱਬ ਬਲਟਾਨਾ ਨੇ ਸਮਾਗਮ ਕਰਵਾਇਆ, ਜਿੱਥੇ ਗਾਇਕ ਆਰ ਨੇਤ ਅਤੇ ਕੁਲਵਿੰਦਰ ਬਿੱਲਾ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਡੇਰਾਬੱਸੀ ਵਿਚ ਸਬ ਡਿਵੀਜ਼ਨ ਪੱਧਰ ’ਤੇ ਮੇਲਾ ਕਰਵਾਇਆ ਗਿਆ। ਇਸ ਤੋਂ ਇਲਾਵਾ ਸ੍ਰੀ ਰਾਮ ਲੀਲਾ ਕਲੱਬ ਵਲੋਂ ਗੁਲਾਬਗੜ੍ਹ ਰੋਡ ਅਤੇ ਮੁਬਾਰਿਕਪੁਰ ਅਤੇ ਤ੍ਰਿਵੇਦੀ ਕੈਂਪ ’ਚ ਦਸਹਿਰਾ ਮਨਾਇਆ ਗਿਆ।

ਪੰਚਕੂਲਾ ਦੇ ਸੈਕਟਰ-5 ’ਚ ਰਾਵਣ ਦੇ ਪੁਤਲੇ ਨੂੰ ਲਾਈ ਗਈ ਅੱਗ। -ਫੋਟੋ: ਨਿਤਿਨ ਮਿੱਤਲ

ਗੁਰਦੁਆਰਾ ਲਖਨੌਰ ਸਾਹਿਬ ’ਚ ਦਸਹਿਰੇ ਮੌਕੇ ਮੇਲਾ ਭਰਿਆ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ):ਪਿੰਡ ਲਖਨੌਰ ਸਾਹਿਬ ਵਿੱਚ ਅੱਜ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ। ਅੱਜ ਸਵੇਰੇ ਅਖੰਡ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ ਜਿਸ ਵਿਚ ਭਾਈ ਮਲਕੀਤ ਸਿੰਘ ਅਤੇ ਅਮਰ ਸਿੰਘ ਨੂਰ ਦੇ ਢਾਡੀ ਜਥਿਆਂ ਨੇ ਸੰਗਤ ਨੂੰ ਨਿਹਾਲ ਕੀਤਾ। ਬਾਬਾ ਰਾਮ ਸਿੰਘ ਸੀਂਘੜਾ (ਕਰਨਾਲ), ਬਾਬਾ ਅਮਰਜੀਤ ਸਿੰਘ ਭੱਲਾ ਅਤੇ ਹੈਦਰ ਕਾਦਰੀ (ਮਲੇਰਕੋਟਲਾ) ਨੇ ਕਥਾ ਕਰਕੇ ਸੰਗਤ ਨੂੰ ਇਤਿਹਾਸ ਨਾਲ ਜੋੜਿਆ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨਿਰੰਜਨ ਸਿੰਘ ਭਾਨੋਖੇੜੀ ਅਤੇ ਮੈਨੇਜਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਅੱਜ 12 ਹਜ਼ਾਰ ਤੋਂ ਵੱਧ ਸੰਗਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈ। ਚੋਣਾਂ ਦੇ ਚਲਦਿਆਂ ਆਜ਼ਾਦ ਉਮੀਦਵਾਰ ਨਿਰਮਲ ਸਿੰਘ, ਭਾਜਪਾ ਉਮੀਦਵਾਰ ਅਸੀਮ ਗੋਇਲ ਅਤੇ ਜਜਪਾ ਉਮੀਦਵਾਰ ਹਰਪਾਲ ਸਿੰਘ ਕੰਬੋਜ ਵੀ ਮੱਥਾ ਟੇਕਣ ਲਈ ਪਹੁੰਚੇ। ਇਸ ਮੌਕੇ ਸਾਬਕਾ ਸੰਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੰਨਦਾ ਹੈ ਕਿ ਧਰਮ ਤੇ ਰਾਜਨੀਤੀ ਇਕੱਠੇ ਚਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਸ਼੍ਰੀ ਗੁਰੂ ਹਰਿਗੋਬਿੰਦ ਜੀ ਨੇ ਸਿਧਾਂਤਕ ਤਬਦੀਲੀ ਲਿਆਂਦੀ। ਉਨ੍ਹਾਂ ਨੇ ਅਕਾਲ ਤਖ਼ਤ, ਮੀਰੀ-ਪੀਰੀ ਅਤੇ ਧਰਮ ਤੇ ਰਾਜਨੀਤੀ ਦਾ ਸਿਧਾਂਤ ਲਿਆਂਦਾ ਜਿਸ ’ਤੇ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਚੱਲ ਰਿਹਾ ਹੈ। ਇਸ ਮੌਕੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਗੁਰਦੀਪ ਸਿੰਘ ਭਾਨੋਖੇੜੀ, ਜਥੇਦਾਰ ਸੁਖਦੇਵ ਸਿੰਘ ਗੋਬਿੰਦਗੜ੍ਹ, ਇੰਜ. ਬਲਬੀਰ ਸਿੰਘ, ਚਰਨਜੀਤ ਸਿੰਘ ਟੱਕਰ, ਸੁਰਿੰਦਰ ਸਿੰਘ ਛਿੰਦਾ ਅਤੇ ਹੋਰ ਆਗੂਆਂ ਨੇ ਪ੍ਰੋ. ਚੰਦੂਮਾਜਰਾ ਨੂੰ ਸਨਮਾਨਿਤ ਕੀਤਾ। ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਦੀ ਹਰਿਆਣਾ ਇਕਾਈ ਨੂੰ ਖੁੱਲ੍ਹ ਹੈ ਕਿ ਸਥਾਨਕ ਪੱਧਰ ’ਤੇ ਉਹ ਜਿਸ ਨੂੰ ਚਾਹੁਣ ਸਮਰਥਨ ਦੇ ਸਕਦੇ ਹਨ।

ਚੰਨੀ ਵੱਲੋਂ 88 ਲੱਖ ਦੀ ਗ੍ਰਾਂਟ ਦੇਣ ਦਾ ਵਾਅਦਾ
ਮੋਰਿੰਡਾ (ਪੱਤਰ ਪ੍ਰੇਰਕ): ਇੱਥੇ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦਸਹਿਰੇ ਨੂੰ ਸਮਰਪਿਤ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਸਮਾਪਤ ਹੋ ਗਿਆ। ਸ੍ਰੀ ਰਾਮ ਲੀਲਾ ਕਮੇਟੀ ਮੋਰਿੰਡਾ ਦੇ ਪ੍ਰਧਾਨ ਵਿਜੇ ਸ਼ਰਮਾ ਟਿੰਕੂ ਨੇ ਦੱਸਿਆ ਕਿ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਵੱਲੋਂ ਖੇਡਾਂ ਵਿਚ ਅੱਵਲ ਆਉਣ ਵਾਲੀ ਟੀਮ ਦਾ ਸਨਮਾਨ ਕੀਤਾ ਤੇ ਸ੍ਰੀ ਰਾਮ ਲੀਲਾ ਕਮੇਟੀ ਨੂੰ ਪੰਜ ਲੱਖ ਰੁਪਏ ਗ੍ਰਾਂਟ ਦੇਣ ਦਾ ਵਾਅਦਾ ਵੀ ਕੀਤਾ। ਦਸਹਿਰੇ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਸ਼ਹਿਰ ਦੇ ਵਿਕਾਸ ਲਈ 88 ਲੱਖ ਦੀ ਗ੍ਰਾਂਟ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਲੋਕਾਂ ਦੇ ਮਨੋਰੰਜਨ ਲਈ ਪੰਜਾਬੀ ਕਲਾਕਾਰ ਭੁਪਿੰਦਰ ਗਿੱਲ ਤੇ ਜਸਵਿੰਦਰ ਜੀਤੂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।

Tags :