For the best experience, open
https://m.punjabitribuneonline.com
on your mobile browser.
Advertisement

ਦਵਾਈ ਤੇ ਦੁਆ

04:00 AM Mar 31, 2025 IST
ਦਵਾਈ ਤੇ ਦੁਆ
Advertisement

ਮੋਹਨ ਸ਼ਰਮਾ

Advertisement

ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਵਜੋਂ ਕੰਮ ਕਰਦਿਆਂ ਤਰ੍ਹਾਂ-ਤਰ੍ਹਾਂ ਦੇ ਨਸ਼ੱਈਆਂ ਨਾਲ ਵਾਹ ਪਿਆ। ਦਾਖ਼ਲ ਮਰੀਜ਼ ਅੰਦਾਜ਼ਨ ਦਸ ਕੁ ਦਿਨਾਂ ਵਿੱਚ ਦਵਾਈ ਤੇ ਦੁਆ ਦੇ ਸੁਮੇਲ ਨਾਲ ਨਸ਼ੇ ਦੀ ਤੋੜ ਵਾਲੀ ਹਾਲਤ ਵਿੱਚੋਂ ਕਾਫੀ ਹੱਦ ਤੱਕ ਬਾਹਰ ਆ ਜਾਂਦੇ; ਦਾਖ਼ਲ ਹੋਏ ਦੂਜੇ ਸਾਥੀਆਂ ਨਾਲ ਉਹ ਆਪਣੇ ‘ਕਾਰਨਾਮੇ’ ਸਾਂਝੇ ਕਰ ਲੈਂਦੇ। ਉਨ੍ਹਾਂ ਦੇ ਦੋਸਤ, ਭਰਾ ਤੇ ਨੇੜਤਾ ਦੇ ਹੋਰ ਰਿਸ਼ਤੇ ਸਿਰਜਣ ਤੋਂ ਬਾਅਦ ਉਹ ਮੇਰੇ ਨਾਲ ਵੀ ਦਿਲ ਹੌਲਾ ਕਰ ਲੈਂਦੇ।
ਅੰਮ੍ਰਿਤਸਰ ਜ਼ਿਲ੍ਹੇ ਦੇ ਦੋ ਨੌਜਵਾਨ ਨਸ਼ਾ ਛੱਡਣ ਲਈ ਦਾਖ਼ਲ ਹੋਏ। ਉਹ ਚਚੇਰੇ ਭਰਾ ਸਨ। ਉਨ੍ਹਾਂ ਤੋਂ ਪੁੱਛਿਆ ਕਿ ਨਸ਼ਾ ਕਰਨ ਲਈ ਪੈਸੇ ਦਾ ਜੁਗਾੜ ਕਿਸ ਤਰ੍ਹਾਂ ਕਰਦੇ ਰਹੇ, ਇਕ ਦੋ ਵਾਰ ਜ਼ੋਰ ਦੇ ਕੇ ਪੁੱਛਣ ’ਤੇ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ, “ਬਸ ਜੀ, ਝੱਸ ਪੂਰਾ ਕਰਨ ਲਈ ਕੋਈ ਨਾ ਕੋਈ ਤਾਂ ਬੰਨ੍ਹ-ਸੁੱਬ ਕਰਨਾ ਹੀ ਪੈਂਦਾ। ਘਰਵਾਲਿਆਂ ਨੇ ਤਾਂ ਪੈਸਿਆਂ ਲਈ ਕੋਰਾ ਜਵਾਬ ਦੇ ਦਿੱਤਾ ਸੀ, ਕਈ ਵਾਰੀ ਅਸੀਂ ਮੋਟਰਸਾਈਕਲ ’ਤੇ ਬਾਜ਼ਾਰ ਨਿਕਲ ਜਾਂਦੇ। ਜਿੱਥੇ ਕਿਤੇ ਇਕੱਲੀ ਕੁੜੀ ਨੂੰ ਮੋਬਾਈਲ ’ਤੇ ਗੱਲਾਂ ਕਰਦਿਆਂ ਦੇਖ ਲੈਂਦੇ, ਉੱਥੇ ਹੀ ਮੋਟਰਸਾਈਕਲ ਰੋਕ ਕੇ ਜਾਣ ਸਾਰ ਕੁੜੀ ਦੇ ਦੋ ਤਿੰਨ ਕਰਾਰੇ ਥੱਪੜ ਲਾ ਕੇ ਉੱਚੀ ਆਵਾਜ਼ ਵਿੱਚ ਕਹਿਣਾ, “ਤੂੰ ਇੱਥੇ ਫਿਰਦੀ ਏਂ, ਘਰੇ ਪਾਪਾ ਜੀ ਉਡੀਕੀ ਜਾਂਦੇ।” ਕੁੜੀ ਬੌਂਦਲ ਜਾਂਦੀ। ਅਸੀਂ ਉਹਦਾ ਮੋਬਾਈਲ ਖੋਹ ਕੇ ਮੋਟਰਸਾਈਕਲ ’ਤੇ ਦੌੜ ਜਾਂਦੇ। ਆਲੇ ਦੁਆਲੇ ਵਾਲਿਆਂ ਨੂੰ ਇਹ ਪ੍ਰਭਾਵ ਪੈਂਦਾ ਕਿ ਕੁੜੀ ਦੇ ਭਰਾ ਨੇ, ਇਸ ਕਰ ਕੇ ਕੋਈ ਨਾ ਬੋਲਦਾ। ਜਦੋਂ ਤੱਕ ਕੁੜੀ ਬੋਲਣ ਦੀ ਹਾਲਤ ਵਿੱਚ ਆਉਂਦੀ, ਅਸੀਂ ਖਿਸਕ ਚੁੱਕੇ ਹੁੰਦੇ। ਮੋਬਾਈਲ ਵੇਚ ਕੇ ਨਸ਼ਾ ਖਰੀਦ ਲੈਂਦੇ। ਬੱਸ ਜੀ, ਇਸ ਤਰ੍ਹਾਂ ਹੀ ਡੰਗ ਟਪਾਈ ਕਰੀ ਜਾਂਦੇ।”
ਨਸ਼ੇ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਧਸ ਚੁੱਕੇ ਇੱਕ ਹੋਰ ਨੌਜਵਾਨ ਨੂੰ ਨਸ਼ਾ ਮੁਕਤ ਕਰਨ ਪਿੱਛੋਂ ਜਦੋਂ ਉਹਦੇ ਅਤੀਤ ਦੇ ਪੰਨੇ ਫਰੋਲੇ ਤਾਂ ਉਹਦਾ ਗੱਚ ਭਰ ਆਇਆ, “ਨਸ਼ਿਆਂ ਕਾਰਨ ਬਹੁਤ ਕੁਝ ਬਰਬਾਦ ਕਰ ਚੁੱਕਿਆ ਹਾਂ। ਨਸ਼ੇ ਦੀ ਪੂਰਤੀ ਲਈ ਨੀਗਰੋ ਤੋਂ ਦਿੱਲੀ ਜਾ ਕੇ ਚਿੱਟਾ ਲਿਆਉਂਦਾ ਅਤੇ ਇਧਰ ਮਹਿੰਗੇ ਭਾਅ ਵੇਚ ਕੇ ਨਸ਼ੇ ਦੀ ਪੂਰਤੀ ਕਰਦਾ ਰਿਹਾ। ਕਈ ਵਾਰ ਬੇਹੋਸ਼ ਵੀ ਹੋਇਆ। ਪੁਲੀਸ ਦੇ ਧੱਕੇ ਵੀ ਚੜ੍ਹਿਆ।... ਮਾਂ-ਬਾਪ ਦਾ ਇਕਲੌਤਾ ਪੁੱਤ ਹਾਂ।... ਮਾਂ ਤਾਂ ਮੇਰੀ ਇਹ ਹਾਲਤ ਦੇਖ ਕੇ ਹੀ ਦਮ ਤੋੜ ਗਈ। ਰਿਸ਼ਤੇਦਾਰ ਘਰ ਅਫ਼ਸੋਸ ਕਰਨ ਆਉਂਦੇ, ਪਰ ਮੈਂ ਉਨ੍ਹਾਂ ਨੂੰ ਨਸ਼ੇ ਵਿੱਚ ਟੱਲੀ ਮਿਲਦਾ। ਥੋੜ੍ਹੇ ਚਿਰ ਬਾਅਦ ਬਾਪੂ ਵੀ ਮੇਰੇ ਗ਼ਮ ਕਾਰਨ ਮੰਜੇ ’ਤੇ ਪੈ ਗਿਆ।” ਥੋੜ੍ਹਾ ਰੁਕ ਨੇ ਫਿਰ ਬੋਲਿਆ, “ਇੱਕ ਵਾਰ ਹਸਪਤਾਲ ਵਿੱਚ ਬਾਪ ਵੈਂਟੀਲੇਟਰ ’ਤੇ ਪਿਆ ਸੀ, ਤੇ ਮੈਂ ਬਾਹਰ ਕਾਰ ਦਾ ਸ਼ੀਸ਼ਾ ਤੋੜ ਕੇ ਅੰਦਰ ਬੈਠਾ ਚਿੱਟੇ ਦਾ ਟੀਕਾ ਲਾ ਰਿਹਾ ਸੀ।... ਮਾਂ ਬਾਪ ਦੀ ਮੌਤ ਤੋਂ ਬਾਅਦ ਭੈਣਾਂ ਨੇ ਜ਼ਿੱਦ ਕਰ ਕੇ ਮੈਨੂੰ ਤੁਹਾਡੇ ਲੜ ਲਾਇਆ।... ਹੁਣ ਬਹੁਤ ਪਛਤਾ ਰਿਹਾਂ।”
ਇੱਕ ਜਣੇ ਨੂੰ ਨਸ਼ਾ ਮੁਕਤ ਕਰਵਾਉਣ ਲਈ ਉਸ ਦੀ ਪਤਨੀ ਲੈ ਕੇ ਆ ਗਈ। ਨਸ਼ੱਈ ਦੀ ਬਜ਼ੁਰਗ ਮਾਂ ਵੀ ਨਾਲ ਸੀ। ਦੋਹਾਂ ਦੇ ਚਿਹਰਿਆਂ ’ਤੇ ਚਿੰਤਾ ਦੀਆਂ ਲਕੀਰਾਂ ਸਨ। ਉਨ੍ਹਾਂ ਦੀਆਂ ਖੁਸ਼ਕ ਅਤੇ ਵੀਰਾਨ ਅੱਖਾਂ ਤੋਂ ਘਰ ਦੀ ਬਰਬਾਦੀ ਦਾ ਪਤਾ ਲੱਗਦਾ ਸੀ। ਉਨ੍ਹਾਂ ਨੂੰ ਕੁਰਸੀਆਂ ’ਤੇ ਬੈਠਣ ਦਾ ਇਸ਼ਾਰਾ ਕਰਦਿਆਂ ਨਸ਼ੱਈ ਵੱਲ ਨਜ਼ਰ ਮਾਰੀ। ਨਸ਼ੇ ਕਾਰਨ ਉਹ ਤੁਰਦੀ ਫਿਰਦੀ ਲਾਸ਼ ਵਾਂਗ ਲੱਗ ਰਿਹਾ ਸੀ। ਔਰਤ ਨੇ ਖੂਨ ਦੇ ਹੰਝੂ ਕੇਰਦਿਆਂ ਦੱਸਿਆ, “ਇਹਨੂੰ ਤਾਂ ਜੀ ਕੋਈ ਲਹੀ-ਚੜ੍ਹੀ ਦੀ ਨਹੀਂ। ਪੰਜ ਕਿੱਲਿਆਂ ਵਿੱਚੋਂ ਤਿੰਨ ਇਹਨੇ ਨਸ਼ਿਆਂ ਦੇ ਲੇਖੇ ਲਾ ਦਿੱਤੇ, ਹੁਣ ਬਾਕੀ ਰਹਿੰਦੇ ਦੋ ਕਿੱਲਿਆਂ ’ਤੇ ਵੀ ਇਹਦੀ ਅੱਖ ਸੀ। ਮੈਂ ਰਿਸ਼ਤੇਦਾਰਾਂ ਨੂੰ ਇਕੱਠੇ ਕਰ ਕੇ ਦੋ ਕਿੱਲਿਆਂ ’ਤੇ ਅਦਾਲਤ ਦੀ ਸਟੇਅ ਲੈ ਲਈ। ਘਰੇ ਦੋ ਮੱਝਾਂ ਰੱਖੀਆਂ ਹੋਈਆਂ, ਉਨ੍ਹਾਂ ਦਾ ਦੁੱਧ ਵੇਚ ਕੇ ਅਸੀਂ ਘਰ ਦਾ ਗੁਜ਼ਾਰਾ ਕਰਦੇ ਆਂ। ਪਰਸੋਂ ਕਿਸੇ ਜ਼ਰੂਰੀ ਕੰਮ ਪੇਕੀਂ ਜਾਣਾ ਪੈ ਗਿਆ, ਆਉਂਦਿਆਂ ਨੂੰ ਸੁੰਨੇ ਕੀਲੇ ਦੇਖ ਕੇ ਭੁੱਬ ਨਿਕਲ ਗਈ। ਇਹਨੇ ਜੀ ਉਹ ਵੀ ਕੌਡੀਆਂ ਦੇ ਭਾਅ ਵੇਚ ਕੇ ਜਵਾਕਾਂ ਦੇ ਮੂੰਹੋਂ ਰੋਟੀ ਖੋਹ ਲਈ...।” ਉਹ ਅਜੇ ਹੋਰ ਦੁੱਖ ਦੱਸ ਕੇ ਆਪਣਾ ਮਨ ਹੌਲਾ ਕਰਨਾ ਚਾਹੁੰਦੀ ਸੀ। ਉਹਨੂੰ ਤੁਰੰਤ ਦਾਖਲ ਕਰਨ ਦੇ ਫੈਸਲੇ ਪਿੱਛੋਂ ਮੈਂ ਜਦੋਂ ਨੂੰਹ-ਸੱਸ ਨੂੰ ਸੰਸਥਾ ਦੇ ਨਿਯਮਾਂ ਬਾਰੇ ਦੱਸਣ ਲੱਗਿਆ ਤਾਂ ਪੋਟਾ-ਪੋਟਾ ਦੁਖੀ ਔਰਤ ਨੇ ਮੇਰੀ ਗੱਲ ਕੱਟਦਿਆਂ ਰੋਣ-ਹਾਕੀ ਆਵਾਜ਼ ਵਿੱਚ ਕਿਹਾ, “ਤੁਸੀਂ ਜੀ ਇਹਨੂੰ ਦਾਖਲ ਕਰੋ। ਸਾਡਾ ਜਿੱਥੇ ਮਰਜ਼ੀ ਅੰਗੂਠਾ ਲਵਾ ਲਵੋ। ਇਲਾਜ ਦਰਮਿਆਨ ਜੇ ਇਹ ਮਰ ਵੀ ਜਾਂਵੇ ਤਾਂ ਸਾਨੂੰ ਦੱਸਣ ਦੀ ਲੋੜ ਨਹੀਂ। ਤੁਸੀਂ ਹੀ ਫੂਕ ਦਿਓ। ਲੱਕੜਾਂ ਦੇ ਪੈਸੇ ਅਸੀਂ ਦੇ ਦੇਵਾਂਗੇ।” ਨੂੰਹ-ਸੱਸ ਦੇ ਹੰਝੂ ਪਰਲ-ਪਰਲ ਵਹਿ ਰਹੇ ਸਨ।
20-22 ਸਾਲਾਂ ਦੇ ਨੌਜਵਾਨ ਨੂੰ ਉਹਦਾ ਬਾਪ ਇਲਾਜ ਲਈ ਲੈ ਕੇ ਆਇਆ। ਨੌਜਵਾਨ ਦੀ ਜਵਾਨੀ ਨਸ਼ਿਆਂ ਨੇ ਨਿਗਲ ਲਈ ਸੀ। ਇਸ ਉਮਰ ਵਿੱਚ ਹੀ ਝੁਰੜੀਆਂ ਪੈ ਗਈਆਂ ਸਨ। ਬਾਪ ਨੇ ਆਉਂਦਿਆਂ ਹੀ ਦੱਸਿਆ, “ਮੈਂ ਜੀ ਵਿਦਿਆ ਵਿਭਾਗ ਵਿੱਚ ਸਕੂਲ ਹੈੱਡਮਾਸਟਰ ਹਾਂ। ਲੋਕ ਬੜੀ ਇੱਜ਼ਤ ਕਰਦੇ ਪਰ ਇਹਦੇ ਕਾਰਨ ਸਾਨੂੰ ਲੋਕਾਂ ਸਾਹਮਣੇ ਨੀਵੀਂ ਪਾ ਕੇ ਚੱਲਣਾ ਪੈਂਦੈ। ਨਿੱਤ ਦੇ ਉਲਾਂਭੇ, ਚੋਰੀਆਂ, ਠੱਗੀਆਂ, ਲੜਾਈ ਝਗੜੇ ਇਹਦਾ ਰੋਜ਼ ਦਾ ਕੰਮ ਐ। ਨਸ਼ੇ ਵਿੱਚ ਟੱਲੀ ਰਹਿੰਦੈ। ਡੱਕਾ ਦੂਹਰਾ ਨਹੀਂ ਕਰਦਾ। ਘਰ ਦੀ ਜਿਹੜੀ ਚੀਜ਼ ਹੱਥ ਲੱਗੇ, ਉਹੀ ਵੇਚ ਦਿੰਦੈ। ਬਾਹਰ ਵੀ ਲੋਕਾਂ ਨੂੰ ਇਹਦੀਆਂ ਹਰਕਤਾਂ ਦਾ ਪਤੈ, ਇਸ ਕਰ ਕੇ ਇਹਨੂੰ ਕੋਈ ਮੂੰਹ ਨਹੀਂ ਲਾਉਂਦਾ। ਘਰ ਵੀ ਪੂਰੀ ਚੌਕਸੀ ਰੱਖਦੇ ਹਾਂ, ਫਿਰ ਵੀ ਇਹ ਸਾਨੂੰ ਥੁੱਕ ਲਾ ਜਾਂਦੈ।” ਇਹ ਕਹਿੰਦਿਆਂ ਉਹ ਰੋ ਪਿਆ, “ਹਫਤਾ ਕੁ ਪਹਿਲਾਂ ਸਾਰਾ ਪਰਿਵਾਰ ਸੁੱਤਾ ਪਿਆ ਸੀ। ਸਾਨੂੰ ਨਹੀਂ ਪਤਾ ਕਦੋਂ ਤੇ ਕਿਵੇਂ ਇਹਨੇ ਪਾਣੀ ਵਾਲੀ ਮੋਟਰ ਖੋਲ੍ਹ ਲਈ ਅਤੇ ਕੰਧ ਟੱਪ ਕੇ ਭੱਜ ਗਿਆ। ਸਾਨੂੰ ਤਾਂ ਸਵੇਰੇ ਪਤਾ ਲੱਗਿਆ। ਖੜ੍ਹੇ ਪੈਰ ਨਵੀਂ ਮੋਟਰ ਲਵਾਉਣੀ ਪਈ।... ਬੜਾ ਦੁਖੀ ਕੀਤੈ ਇਹਨੇ। ਪੰਜ ਦਿਨਾਂ ਪਿੱਛੋਂ ਕੱਲ੍ਹ ਵੜਿਐ। ਘਰ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਹੋ ਗਈ।”
ਅਜਿਹੇ ਨੌਜਵਾਨਾਂ ਨੇ ਘਰਾਂ ਦੇ ਚੁੱਲ੍ਹੇ ਠੰਢੇ ਕਰਨ ਦੇ ਨਾਲ-ਨਾਲ ਘਰਾਂ ਦੀ ਬਰਕਤ ਗੁੰਮ ਕਰ ਦਿੱਤੀ। ਉਂਝ, ਇਹ ਨਸ਼ੱਈਆਂ ਦਾ ਅਤੀਤ ਹੈ। ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰ ਕੇ ਇਨ੍ਹਾਂ ਨੂੰ ਦੁਆ ਤੇ ਦਵਾਈ ਦੇ ਸੁਮੇਲ ਨਾਲ ਨਸ਼ਾ ਮੁਕਤ ਕੀਤਾ ਗਿਆ; ਹੁਣ ਇਹ ਨੌਜਵਾਨ ਹੋਰਾਂ ਨੂੰ ਵੀ ਨਸ਼ਾ ਮੁਕਤ ਕਰਨ ਦੀ ਪ੍ਰੇਰਨਾ ਦੇ ਰਹੇ ਹਨ।
ਸੰਪਰਕ: 94171-48866

Advertisement
Advertisement

Advertisement
Author Image

Jasvir Samar

View all posts

Advertisement