ਦਲਿਤ ਭਾਈਚਾਰੇ ਵੱਲੋਂ ਕੌਮੀ ਮਾਰਗ ’ਤੇ ਜਾਮ

ਗੁਰਨਾਮ ਸਿੰਘ ਚੌਹਾਨ
ਪਾਤੜਾਂ, 12 ਅਗਸਤ

ਸ਼ੇਰਪੁਰ ਦੇ ਕਾਤਰੋਂ ਚੌਕ ’ਚ ਦਲਿਤ ਭਾਈਚਾਰੇ ਵੱਲੋਂ ਲਗਾਏ ਗਏ ਧਰਨੇ ਦਾ ਦ੍ਰਿਸ਼।

ਦਿੱਲੀ ਦੇ ਤੁਗ਼ਲਕਾਬਾਦ ‘ਚ ਗੁਰੂ ਰਵਿਦਾਸ ਮੰਦਰ ਨੂੰ ਤੋੜੇ ਜਾਣ ਦੇ ਵਿਰੋਧ ਵਿੱਚ ਗੁਰੂ ਰਵਿਦਾਸ ਸਭਾਵਾਂ ਅਤੇ ਹੋਰ ਜਥੇਬੰਦੀਆਂ ਨੇ ਰੋਸ ਮਾਰਚ ਕੀਤਾ। ਵੱਡੀ ਗਿਣਤੀ ਵਿੱਚ ਪੁਰਸ਼ਾਂ ਅਤੇ ਔਰਤਾਂ ਨੇ ਕਾਲੀਆਂ ਝੰਡੀਆਂ ਲੈ ਕੇ ਕੇਂਦਰ ਦੀ ਮੋਦੀ ਅਤੇ ਕੇਜਰੀਵਾਲ ਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਾਸ਼ਨਕਾਰੀਆਂ ਨੇ ਸ਼ਹਿਰ ਵਿਚ ਰੋਸ ਮਾਰਚ ਕਰਨ ਮਗਰੋਂ ਸ਼ਹੀਦ ਭਗਤ ਸਿੰਘ ਚੌਕ ਵਿੱਚ ਕੌਮੀ ਮੁੱਖ ਮਾਰਗ ਉੱਤੇ ਆਵਾਜਾਈ ਬੰਦ ਕਰਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਇਸ ਦੌਰਾਨ ਡੀਐੱਸਪੀ ਪਾਤੜਾਂ ਸੁਖਅੰਮ੍ਰਿਤ ਸਿੰਘ ਰੰਧਾਵਾ ਦੇ ਭਰੋਸੇ ਮਗਰੋਂ ਧਰਨਾ ਖਤਮ ਕੀਤਾ।
ਬਲਾਕ ਸੰਮਤੀ ਮੈਂਬਰ ਭਜਨ ਰਾਮ ਸ਼ੁਤਰਾਣਾ, ਰਘਵੀਰ ਸਿੰਘ ਘੱਗਾ, ਮਹਿੰਦਰਪਾਲ ਸਿੰਘ, ਬਲਦੇਵ ਸਿੰਘ ਮਹਿਰਾ ਜਰਨਲ ਸਕੱਤਰ ਬਸਪਾ, ਕੇਸਰ ਸਿੰਘ ਬਖਸ਼ੀਵਾਲਾ, ਜਗਜੀਤ ਸਿੰਘ ਜੱਗੀ ਆਦਿ ਆਗੂਆਂ ਨੇ ਕਿਹਾ ਹੈ ਕਿ ਦਲਿਤ ਜਥੇਬੰਦੀਆਂ ਨੇ 13 ਅਗਸਤ ਨੂੰ ਭਾਰਤ ਬੰਦ ਕੀਤੇ ਜਾਣ ਦਾ ਜੋ ਐਲਾਨ ਕੀਤਾ ਹੈ ਉਸ ਨੂੰ ਹਰ ਹਾਲਤ ਵਿੱਚ ਸਫ਼ਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਹੈ ਕਿ ਜੇਕਰ ਮੋਦੀ ਸਰਕਾਰ ਨੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਮੁੜ ਤੋਂ ਮੰਦਰ ਦੀ ਉਸਾਰੀ ਦਾ ਐਲਾਨ ਨਾ ਕੀਤਾ ਤਾਂ ਦਲਿਤ ਜਥੇਬੰਦੀਆਂ ਦੇ ਫ਼ੈਸਲੇ ਮੁਤਾਬਕ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਇਆ ਜਾ ਸਕਦਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਦਿੱਲੀ ਵਿਕਾਸ ਅਥਾਰਿਟੀ ਨੂੰ ਹੁਕਮ ਦੇਣ ਕਿ ਢਾਹੇ ਗਏ ਮੰਦਰ ਨੂੰ ਬਿਨਾਂ ਦੇਰੀ ਦੇ ਮੁੜ ਉਸਾਰਿਆ ਜਾਵੇ ਤੇ ਰਾਮਦਾਸੀਆ ਭਾਈਚਾਰੇ ਦੇ ਮਨਾਂ ਨੂੰ ਜੋ ਠੇਸ ਪੁੱਜੀ ਹੈ ਉਸ ਲਈ ਮੁਆਫ਼ੀ ਮੰਗੀ ਜਾਵੇ।
ਨਾਭਾ (ਹਰਵਿੰਦਰ ਕੌਰ ਨੌਹਰਾ): ਤੁਗਲਕਾਬਾਦ ਦਿੱਲੀ ਵਿੱਚ ਗੁਰੂ ਰਵਿਦਾਸ ਦਾ ਮੰਦਰ ਤੋੜੇ ਜਾਣ ਵਿਰੁੱਧ ਅੱਜ ਇੱਥੇ ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਨਾਭਾ ਅਤੇ ਜਬਰ ਜ਼ੁਲਮ ਵਿਰੋਧੀ ਫਰੰਟ ਪੰਜਾਬ ਦੀ ਅਗਵਾਈ ਵਿੱਚ ਦਲਿਤ ਸਮਾਜ ਦੀਆਂ ਭਰਾਤਰੀ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਬੁਲਾਰਿਆਂ ਰਾਜ ਸਿੰਘ ਟੋਡਰਵਾਲ, ਮੰਗਤ ਸਿੰਘ ਮੰਗਾ, ਅਮਰ ਸਿੰਘ ਟੋਡਰਵਾਲ, ਸੁਰਜੀਤ ਸਿੰਘ ਗੁਰਦਿੱਤਪੁਰਾ, ਜੋਰਾ ਸਿੰਘ ਚੀਮਾ, ਇੰਦਰਜੀਤ ਸਿੰਘ ਐਡਵੋਕੇਟ, ਕਰਮਜੀਤ ਸਿੰਘ, ਗਲਵੱਟੀ, ਜਸਵੀਰ ਸਿੰਘ, ਗੁਰਦੇਵ ਸਿੰਘ ਦੇਵ ਮਾਨ, ਜੋਤੀ ਨੰਗਲ, ਜਗਤਾਰ ਸਿੰਘ ਰੋੜੇਵਾਲ, ਜੱਸੀ ਸੋਹੀਆਂਵਾਲਾ, ਗੁਰਚਰਨ ਸਿੰਘ ਚੌਧਰੀ ਮਾਜਰਾ ਤੇ ਮਾਸਟਰ ਜਗਤਾਰ ਸਿੰਘ ਨੇ ਆਪਣੇ ਸਬੰਧਨ ਵਿੱਚ ਕਿਹਾ ਕਿ ਮੋਦੀ ਸਰਕਾਰ ਵੱਲੋਂ ਮੰਦਰ ਢਾਹੁਣਾ ਦਲਿਤ ਵਿਰੋਧੀ ਹੋਣ ਦਾ ਸਬੂਤ ਹੈ। ਅੱਜ ਇਸ ਸਬੰਧੀ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਨਾਭਾ ਤੋਂ ਤਹਿਸੀਲਦਾਰ ਸੁਖਵਿੰਦਰ ਸਿੰਘ ਨੂੰ ਦਿੱਤਾ ਅਤੇ ਇਹ ਮੰਗ ਪੱਤਰ ਕੇਂਦਰ ਸਰਕਾਰ ਨੂੰ ਭੇਜਣ ਦਾ ਭਰੋਸਾ ਦੇਣ ’ਤੇ ਧਰਨਾ ਚੁੱਕਿਆ ਗਿਆ।
ਸ਼ੇਰਪੁਰ (ਬੀਰਬਲ ਰਿਸ਼ੀ): ਦਿੱਲੀ ਦੇ ਤੁਗਲਕਾਵਾਦ ਇਲਾਕੇ ’ਚ ਗੁਰੂ ਰਵਿਦਾਸ ਦੇ ਮੰਦਰ ਦੀ ਭੰਨਤੋੜ ਖ਼ਿਲਾਫ਼ ਅੱਜ ਦੂਜੇ ਦਿਨ ਵੀ ਦਲਿਤ ਭਾਈਚਾਰੇ ਨੇ ਕੇਂਦਰ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕਰਦਿਆਂ ਨਾਅਰੇਬਾਜ਼ੀ ਕੀਤੀ ਅਤੇ ਮੰਦਿਰ ਦਾ ਪੁਨਰ-ਨਿਰਮਾਣ ਕਰਵਾਏ ਜਾਣ ਦੀ ਵੀ ਮੰਗ ਕੀਤੀ ਗਈ। ਜਾਣਕਾਰੀ ਅਨੁਸਾਰ ਭਾਵੇਂ ਦਲਿਤ ਆਗੂਆਂ ਵੱਲੋਂ 12 ਨੂੰ ਸ਼ੇਰਪੁਰ ਬੰਦ ਦਾ ਸੱਦਾ ਦਿੱਤਾ ਗਿਆ ਸੀ ਪਰ 13 ਨੂੰ ਪੰਜਾਬ ਬੰਦ ਦੇ ਮੱਦੇਨਜ਼ਰ ਅੱਜ ਦੇ ਬੰਦ ਦਾ ਸੱਦਾ ਵਾਪਸ ਲੈ ਲਿਆ।

‘ਪੰਜਾਬ ਬੰਦ’ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਐਕਸ਼ਨ ਕਮੇਟੀ ਬਣਾਈ
ਪਟਿਆਲਾ (ਰਵੇਲ ਸਿੰਘ ਭਿੰਡਰ): ਦਿੱਲੀ ਦੇ ਤੁਗਲਕਾਬਾਦ ’ਚ ਸਥਿਤ ਗੁਰੂ ਰਵਿਦਾਸ ਦੇ ਮੰਦਰ ਨੂੰ ਢਾਹੁਣ ਦੇ ਸੁਪਰੀਮ ਕੋਰਟ ਦੇ ਹੁਕਮ ਦੇ ਰੋਸ ਵਜੋਂ 13 ਅਗਸਤ ਦੀ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਅੱਜ ਅੰਬੇਡਕਰ ਊਰਜਾ ਭਵਨ ’ਚ ਦਲਿਤ ਸਮਾਜ ਦੀਆਂ ਮੁਲਾਜ਼ਮ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ। ਮੀਟਿੰਗ ਵਿਚ ਦਰਜਨਾਂ ਦਲਿਤ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਹੋਈ ਇਸ ਕਾਰਵਾਈ ਦੀ ਨਿੰਦਾ ਕੀਤੀ। ਇਸ ਮੌਕੇ ਨੁਮਾਇੰਦਿਆਂ ਨੇ ਸਰਬਸੰਮਤੀ ਨਾਲ 11 ਮੈਂਬਰੀ ਟੀਮ ਅਤੇ ਬੰਦ ਨੂੰ ਸਫਲ ਬਣਾਉਣ ਲਈ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਅਤੇ ਇੰਜਨੀਅਰ ਐਫ.ਸੀ. ਜੱਸਲ ਨੂੰ ਪੰਜਾਬ ਬੰਦ ਐਕਸ਼ਨ ਕਮੇਟੀ ਪਟਿਆਲਾ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। ਪੰਜਾਬ ਬੰਦ ਦੇ ਕੋਆਰਡੀਨੇਟਰ ਡਾ. ਜਤਿੰਦਰ ਸਿੰਘ ਮੱਟੂ ਅਤੇ ਇੰਜ: ਐਫਸੀ ਜੱਸਲ ਨੇ ਕਿਹਾ ਕਿ ਸੰਤਾਂ ਦੇ ਪਾਵਨ ਅਸਥਾਨਾਂ ਨੂੰ ਤਹਿਸ-ਨਹਿਸ ਕਰਨਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਘਟਨਾ ਦੇ ਰੋਸ ਵਜੋਂ ਮੰਗਲਵਾਰ ਸਵੇਰੇ ਡਾ. ਬੀ.ਆਰ.ਅੰਬੇਡਕਰ ਦੀ ਪ੍ਰਤੀਮਾ ਨਜ਼ਦੀਕ ਇਕੱਠੇ ਹੋ ਕੇ ਬੱਸ ਸਟੈਂਡ ਪਟਿਆਲਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਤੋਂ ਬਾਅਦ ਸ਼ਾਂਤਮਈ ਢੰਗ ਨਾਲ ਡੀ.ਸੀ ਦਫਤਰ ਪਟਿਆਲਾ ਮਾਰਚ ਕਰ ਕੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜਿਆ ਜਾਵੇਗਾ।