ਦਲਿਤ ਪਰਿਵਾਰ ਦੀ ਕੁੜੀ ਦੀ ਕੁੱਟਮਾਰ ਕਰਨ ਦੇ ਦੋਸ਼
ਖੇਤਰੀ ਪ੍ਰਤੀਨਿਧ
ਪਟਿਆਲਾ, 2 ਜੂਨ
ਬਸਪਾ ਨੇ ਪਿੰਡ ਸਿਆਲੂ ਦੇ ਕੁਝ ਵਿਅਕਤੀਆਂ ’ਤੇ ਦਲਿਤ ਪਰਿਵਾਰ ਨਾਲ ਸਬੰਧਤ ਨੌਜਵਾਨ ਲੜਕੀ ਦੀ ਕਥਿਤ ਕੁੱਟਮਾਰ ਕਰਦਿਆਂ ਉਸ ਦਾ ਫੋਨ ਖੋਹਣ ਦੇ ਦੋਸ਼ ਲਾਏ ਹਨ। ਬਸਪਾ ਆਗੂਆਂ ਨੇ ਅੱਜ ਰਾਜਪੁਰਾ ਦੇ ਡੀਐੱਸਪੀ ਦਫਤਰ ਪਹੁੰਚ ਕੇ ਪ੍ਰਦਰਸ਼ਨ ਕਰਦਿਆਂ ਚੇਤਾਵਨੀ ਦਿੱਤੀ ਕਿ ਜੇ ਮੁਲਜ਼ਮਾਂ ਖ਼ਿਲਾਫ਼ ਕੇਸ ਨਾ ਦਰਜ ਕੀਤਾ ਤਾਂ ਬਸਪਾ ਤਿੰਨ ਜੂਨ ਨੂੰ ਨੈਸ਼ਨਲ ਹਾਈਵੇਅ ’ਤੇ ਆਵਜਾਈ ਠੱਪ ਕਰੇਗੀ। ਉਧਰ ਜਿਥੇ ਦੂਜੀ ਧਿਰ ਨੇ ਲੜਕੀ ਦੀ ਕੁੱਟਮਾਰ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ, ਉੱਥੇ ਹੀ ਪੁਲੀਸ ਦੀ ਡਿਊਟੀ ’ਚ ਵਿਘਨ ਪਾਉਣ ਦੇ ਦੋਸ਼ ਲਾਏ ਹਨ।
ਜ਼ਿਕਰਯੋਗ ਹੈ ਕਿ ਇਹ ਮਾਮਲਾ ਸ਼ਮਸ਼ਾਨਘਾਟ ਵਿੱਚੋਂ ਰੁੱਖਾਂ ਦੀ ਕਟਾਈ ਨਾਲ਼ ਸਬੰਧਤ ਹੈ। ਪਿੰਡ ਦੇ ਦਲਿਤ ਭਾਈਚਾਰੇ ਦਾ ਕਹਿਣਾ ਸੀ ਕਿ ਪੰਚਾਇਤ ਵੱਲੋਂ ਰੁੱਖ ਕੱਟੇ ਗਏ ਹਨ, ਉੱਥੇ ਪੰਚਾਇਤ ਦੀ ਸ਼ਿਕਾਇਤ ’ਤੇ ਇਸ ਸਬੰਧੀ ਦਲਿਤ ਭਾਈਚਾਰੇ ਨਾਲ ਸਬੰਧਤ ਚਾਰ ਵਿਅਕਤੀਆਂ ਖ਼ਿਲਾਫ਼ 17 ਅਪਰੈਲ਼ ਨੂੰ ਕੇਸ ਵੀ ਦਰਜ ਕੀਤਾ ਜਾ ਚੁੱਕਾ ਹੈ।
ਬਸਪਾ ਦੇ ਸੂਬਾਈ ਮੀਤ ਪ੍ਰਧਾਨ ਬਲਦੇਵ ਸਿੰੰਘ ਮਹਿਰਾ ਨੇ ਕਿਹਾ ਕਿ ਹੁਣ ਜਦੋਂ ਪੰਚਾਇਤ ਵੱਲੋਂ ਪੁਲੀਸ ਦੀ ਕਥਿਤ ਮਦਦ ਨਾਲ ਇਹ ਕੱਟੇ ਦਰੱਖਤ ਚੁੱੱਕੇ ਜਾ ਰਹੇ ਸਨ ਤਾਂ ਬਸਪਾ/ਦਲਿਤ ਪਰਿਵਾਰ ਨਾਲ ਸਬੰਧਤ ਇੱਕ ਲੜਕੀ ਨੇ ਰੋਕਣਾ ਚਾਹਿਆ ਤੇ ਉਹ ਵੀਡੀਓ ਬਣਾ ਰਹੀ ਸੀ। ਇੱਕ ਪੰਚ ਤੇ ਹੋਰਾਂ ਨੇ ਉਸ ਨੂੰ ਕਥਿਤ ਜਾਤੀ ਸੂਚਕ ਸ਼ਬਦ ਬੋਲਦਿਆਂ ਥੱਪੜ ਮਾਰੇ ਅਤੇ ਫੋਨ ਖੋਹ ਕੇ ਵੀਡੀਓ ਡਿਲੀਟ ਕਰ ਦਿੱਤੀ।
ਉਧਰ, ਪੰਚ ਹਰਿੰਦਰ ਸਿੰਘ ਨੇ ਕੁੱਟਮਾਰ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਅਸਲ ’ਚ ਇਸ ਧਿਰ ’ਤੇ ਪਹਿਲਾਂ ਜੋ ਕੇਸ ਦਰਜ ਹੈ, ਉਸ ਨੂੰ ਕਰਾਸ ਕੇਸ ਬਣਵਾਉਣ ਲਈ ਹੀ ਅਜਿਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਪੁਲੀਸ ਆਪਣੀ ਕਾਰਵਾਈ ਲਈ ਪੁੱਜੀ ਹੋਈ ਸੀ, ਤਾਂ ਇਸ ਲੜਕੀ ਨੇ ਵਿਘਨ ਪਾਉਂਦਿਆਂ ਝਗੜੇ ਵਾਲ਼ਾ ਮਾਹੌਲ ਪੈਦਾ ਕੀਤਾ।