For the best experience, open
https://m.punjabitribuneonline.com
on your mobile browser.
Advertisement

ਦਲਾਈ ਲਾਮਾ ਦਾ ਰਾਹ

04:42 AM Jul 03, 2025 IST
ਦਲਾਈ ਲਾਮਾ ਦਾ ਰਾਹ
Advertisement

ਤਿੱਬਤੀਆਂ ਅਤੇ ਕੌਮਾਂਤਰੀ ਬਰਾਦਰੀ ਲਈ ਇਹ ਧਰਵਾਸ ਦੀ ਗੱਲ ਹੈ ਕਿ ਸਦੀਆਂ ਪੁਰਾਣੀ ਦਲਾਈ ਲਾਮਾ ਦੀ ਸੰਸਥਾ ਚੱਲਦੀ ਰਹੇਗੀ। ਚੌਦਵੇਂ ਦਲਾਈ ਲਾਮਾ, ਜਿਨ੍ਹਾਂ ਦਾ ਦੁਨੀਆ ਦੇ ਸਭ ਤੋਂ ਪ੍ਰਸਿੱਧ ਧਾਰਮਿਕ ਹਸਤੀਆਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ, ਨੇ ਆਪਣੀ ਜਾਨਸ਼ੀਨੀ ਦੀ ਯੋਜਨਾ ਦਾ ਖ਼ੁਲਾਸਾ ਕਰ ਦਿੱਤਾ ਹੈ ਜੋ ਬਿਨਾਂ ਸ਼ੱਕ ਚੀਨ ਲਈ ਸੁਖਾਵੀਂ ਨਹੀਂ ਹੋਵੇਗੀ। ਅਮਨ ਲਈ ਨੋਬੇਲ ਪੁਰਸਕਾਰ ਜੇਤੂ ਦਲਾਈ ਲਾਮਾ ਜੋ ਅਗਲੇ ਐਤਵਾਰ ਨੂੰ 90 ਸਾਲ ਦੇ ਹੋ ਜਾਣਗੇ, ਨੇ ਆਖਿਆ ਹੈ ਕਿ ਗਾਡੇਨ ਫੌਡਰੈਂਗ ਟਰੱਸਟ ਜੋ ਉਨ੍ਹਾਂ ਵੱਲੋਂ ਕਾਇਮ ਕੀਤਾ ਗਿਆ ਗ਼ੈਰ-ਲਾਭਕਾਰੀ ਅਦਾਰਾ ਹੈ, ਨੂੰ ਤਿੱਬਤੀ ਬੋਧੀ ਮੁਖੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਉਨ੍ਹਾਂ ਦੇ ਵਾਰਸ ਦੀ ਚੋਣ ਕਰਨ ਦਾ ਪੂਰਾ ਹੱਕ ਹਾਸਿਲ ਹੈ। ਉੱਧਰ, ਪੇਈਚਿੰਗ ਇਸ ਗੱਲ ਉੱਪਰ ਅਡਿ਼ਆ ਹੋਇਆ ਹੈ ਕਿ ਨਵੇਂ ਲਾਮਾ ਦੀ ਚੋਣ ਦੀ ਪ੍ਰੋੜਤਾ ਉਸੇ ਵੱਲੋਂ ਕੀਤੀ ਜਾਵੇਗੀ।
ਦਲਾਈ ਲਾਮਾ ਦੀ ਇਹ ਪੇਸ਼ਕਦਮੀ ਇਸ ਮੰਤਵ ਨਾਲ ਕੀਤੀ ਗਈ ਹੈ ਤਾਂ ਕਿ ਚੀਨ ਨੂੰ ਉਨ੍ਹਾਂ ਦੇ ਜਾਨਸ਼ੀਨ ਦੀ ਚੋਣ ਵਿੱਚ ਦਖ਼ਲ ਦੇਣ ਤੋਂ ਰੋਕਿਆ ਜਾ ਸਕੇ। ਸਦੀ ਪੁਰਾਣੀ ਤਿੱਬਤੀ ਪ੍ਰੰਪਰਾ ਮੁਤਾਬਿਕ ਨਵੇਂ ਲਾਮਾ ਦੀ ਤਲਾਸ਼ ਉਦੋਂ ਸ਼ੁਰੂ ਕੀਤੀ ਜਾਂਦੀ ਹੈ ਜਦੋਂ ਵਰਤਮਾਨ ਲਾਮਾ ਦੀ ਮੌਤ ਹੋ ਜਾਂਦੀ ਹੈ। ਬਹਰਹਾਲ ਇਸ ਵਿਧੀ ਵਿੱਚ ਬਦਲਾਅ ਕੀਤਾ ਗਿਆ ਹੈ ਤਾਂ ਕਿ ਜਦੋਂ ਇਹ ਪਦ ਖਾਲੀ ਹੋਵੇ ਤਾਂ ਚੀਨ ਆਪਣੀ ਪਸੰਦ ਦਾ ਦਲਾਈ ਲਾਮਾ ਨਾ ਬਣਾ ਸਕੇ। ਆਲਮੀ ਭਾਵਨਾਵਾਂ ਅਤੇ ਅਮਰੀਕੀ ਦਬਾਅ ਦੇ ਪੇਸ਼ੇਨਜ਼ਰ ਪੇਈਚਿੰਗ ਲਈ ਇਸ ਪੇਸ਼ਕਦਮੀ ਨੂੰ ਠੱਲ੍ਹ ਪਾਉਣਾ ਸੌਖਾ ਨਹੀਂ ਹੋਵੇਗਾ। ਧਰਮਸ਼ਾਲਾ ਵਿੱਚ ਮੌਜੂਦ ਜਲਾਵਤਨ ਤਿੱਬਤੀ ਸਰਕਾਰ ਮੁਤਾਬਿਕ ਡੋਨਲਡ ਟਰੰਪ ਪ੍ਰਸ਼ਾਸਨ ਨੇ ਜਲਾਵਤਨ ਤਿੱਬਤੀਆਂ ਲਈ ਇਮਦਾਦ ਵਿੱਚ ਕਟੌਤੀਆਂ ਚੁੱਕਣ ਅਤੇ ਸਿਹਤ ਅਤੇ ਸਿੱਖਿਆ ਨਾਲ ਜੁੜੇ ਪ੍ਰਾਜੈਕਟਾਂ ਲਈ 70 ਲੱਖ ਡਾਲਰ ਦੀ ਇਮਦਾਦ ਦੇਣ ਦਾ ਫ਼ੈਸਲਾ ਕੀਤਾ ਹੈ। ਪਿਛਲੇ ਸਾਲ ਤਤਕਾਲੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇੱਕ ਬਿਲ ’ਤੇ ਸਹੀ ਪਾਈ ਸੀ ਜਿਸ ਤਹਿਤ ਤਿੱਬਤ ਲਈ ਅਮਰੀਕੀ ਇਮਦਾਦ ਵਿੱਚ ਵਾਧਾ ਕੀਤਾ ਗਿਆ ਸੀ ਅਤੇ ਚੀਨ ਅਤੇ ਦਲਾਈ ਲਾਮਾ ਵਿਚਕਾਰ ਗੱਲਬਾਤ ਨੂੰ ਹੱਲਾਸ਼ੇਰੀ ਦੇਣ ਦੀ ਵਿਵਸਥਾ ਕੀਤੀ ਗਈ ਸੀ ਤਾਂ ਕਿ ਦੋਵੇਂ ਧਿਰਾਂ ਵਿਵਾਦ ਨੂੰ ਸ਼ਾਂਤਮਈ ਢੰਗ ਨਾਲ ਸੁਲਝਾਅ ਸਕਣ।
ਇਸ ਮਾਮਲੇ ’ਚ ਭਾਰਤ ਵੀ ਅਹਿਮ ਧਿਰ ਹੈ ਕਿਉਂਕਿ 1959 ਵਿੱਚ ਦਲਾਈ ਲਾਮਾ ਤਿੱਬਤ ਤੋਂ ਭੱਜ ਕੇ ਇੱਥੇ ਆ ਗਏ ਸਨ ਅਤੇ ਉਦੋਂ ਤੋਂ ਇੱਥੇ ਰਹਿ ਰਹੇ ਹਨ। ਇਸ ਦੇ ਬਾਵਜੂਦ ਨਵੀਂ ਦਿੱਲੀ ਤਿੱਬਤੀਆਂ ਲਈ ‘ਹਕੀਕੀ ਖ਼ੁਦਮੁਖ਼ਤਾਰੀ’ ਦੀ ਮੰਗ ਦੇ ਮੁੱਦੇ ’ਤੇ ਪੇਈਚਿੰਗ ਨਾਲ ਟਾਕਰਾ ਕਰਨ ਤੋਂ ਟਾਲ਼ਾ ਵੱਟਦੀ ਰਹੀ ਹੈ। ਦਲਾਈ ਲਾਮਾ ਵੱਲੋਂ ਆਪਣੇ ਅਗਲੇ ਵਾਰਸ ਬਾਰੇ ਸਪੱਸ਼ਟ ਸਟੈਂਡ ਲੈਣ ਨਾਲ ਭਾਰਤ ਨੂੰ ਚੀਨ ਖ਼ਿਲਾਫ਼ ਆਪਣੀ ਕੂਟਨੀਤਕ ਤਾਕਤ ਦਾ ਮੁਜ਼ਾਹਰਾ ਕਰਨ ਦਾ ਮੌਕਾ ਮਿਲ ਗਿਆ ਹੈ ਜਿਵੇਂ ਇਸ ਨੇ ਸ਼ੰਘਾਈ ਸਹਿਯੋਗ ਸੰਘ ਦੇ ਸੰਮੇਲਨ ’ਚ ਪਹਿਲਗਾਮ ਅਤਿਵਾਦੀ ਹਮਲੇ ਦਾ ਜ਼ਿਕਰ ਨਾ ਕਰਨ ਵਾਲੇ ਸਾਂਝੇ ਬਿਆਨ ਨੂੰ ਰੱਦ ਕਰ ਕੇ ਦਿਖਾਈ ਸੀ।

Advertisement

Advertisement
Advertisement
Advertisement
Author Image

Jasvir Samar

View all posts

Advertisement