ਦਰਜਾ ਚਾਰ ਮੁਲਾਜ਼ਮਾਂ ਵੱਲੋਂ ਸਰਕਾਰ ਖਿ਼ਲਾਫ਼ ਮੁਜ਼ਾਹਰਾ
ਖੇਤਰੀ ਪ੍ਰਤੀਨਿਧ
ਪਟਿਆਲਾ, 11 ਮਾਰਚ
ਮੁਲਾਜ਼ਮਾਂ ਦੀਆਂ ਮੰਗਾਂ ਮੰਨਵਾਉਣ ਲਈ ‘ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ’ ਵੱਲੋਂ ਅੱਜ ਪਟਿਆਲਾ ਸਮੇਤ ਪੰਜਾਬ ਦੇ ਕਈ ਸਰਕਾਰੀ ਕਾਲਜਾਂ ਮੂਹਰੇ ਧਰਨੇ ਦਿੱਤੇ ਗਏ। ਇਸ ਦੌਰਾਨ ਪੰਜਾਬ ਸਰਕਾਰ ਅਤੇ ਉਚੇਰੀ ਸਿੱਖਿਆ ਅਧਿਕਾਰੀਆਂ ਦੀਆਂ ਅਰਥੀ ਫੂਕੀ ਗਈ। ਪਟਿਆਲਾ ਸਥਿਤ ਸਰਕਾਰੀ ਮਹਿੰਦਰਾ ਅਤੇ ਗੌਰਮਿੰਟ ਵਿਮੈੱਨ ਕਾਲਜਾਂ ਮੂਹਰੇ ਮੁਜ਼ਾਹਰਿਆਂ ਨੂੰ ਯੂਨੀਅਨ ਦੇ ਸੁਬਾਈ ਆਗੂ ਦਰਸ਼ਨ ਸਿੰਘ ਲੁਬਾਣਾ, ਸੁਖਦੇਵ ਸੁਤਰਾਪੁਰੀ, ਰਣਜੀਤ ਰਾਣਵਾਂ, ਜਸਵਿੰਦਰਪਾਲ ਉੱਘੀ, ਬਲਜਿੰਦਰ ਸਿੰਘ, ਮੇਲਾ ਸਿੰਘ ਪੁੰਨਾਂਵਾਲ, ਰਾਮ ਲਾਲ ਰਾਮਾਂ, ਸੁਰਿੰਦਰ ਬੈਂਸ, ਪਰਮਜੀਤ ਹਾਂਡਾ ਅਤੇ ਗੁਰਤੇਜ ਗਿੱਲ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਸੂਬੇ ਦੇ 64 ਸਰਕਾਰੀ ਕਾਲਜਾਂ ਵਿੱਚ ਕਈ ਕਰਮਚਾਰੀ ਲੰਬੇ ਸਮੇਂ ਤੋਂ ਨਾਮਾਤਰ ਤਨਖਾਹਾਂ ’ਤੇ ਹੀ ਕਾਰਜਸ਼ੀਲ ਹਨ ਪਰ ਅੰਤਾ ਦੀ ਮਹਿੰਗਾਈ ਦੇ ਬਾਵਜੂਦ ਸਰਕਾਰ ਇਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਬਾਰੇ ਸੰਜੀਦਾ ਨਹੀਂ ਹੈ। ਦਰਸ਼ਨ ਲੁਬਾਣਾ ਤੇ ਰਣਜੀਤ ਰਾਣਵਾਂ ਨੇ ਕਿਹਾ ਕਿ ਪੰਜਾਬ ਵਿਚਲੇ ਕਾਲਜਾਂ ਦੇ ਚੌਥਾ ਦਰਜਾ ਕਰਮਚਾਰੀਆਂ ਨੂੰ ਰੈਗੂਲਰ ਕਰਵਾਉਣ ਲਈ ਉਚੇਰੀ ਸਿੱਖਿਆ ਮੰਤਰੀ, ਸਕੱਤਰ ਤੇ ਡਾਇਰੈਕਟਰ ਨਾਲ 2016 ਤੋਂ ਮੀਟਿੰਗਾਂ ਚੱਲੀਆਂ ਆ ਰਹੀਆਂ ਹਨ, ਇਸ ਦੇ ਬਾਵਜੂਦ ਅਜੇ ਤੱਕ ਮਾਮਲਾ ਉਥੇ ਦਾ ਉਥੇ ਹੀ ਹੈ ਜਿਸ ਕਰਕੇ ਹੀ ਅੱਜ ਇਹ ਪ੍ਰਦਰਸ਼ਨ ਕੀਤੇ ਜਾਣਗੇ ਜਦਕਿ ਕਈ ਕਾਲਜਾਂ ’ਚ 12 ਮਾਰਚ ਨੂੰ ਵੀ ਧਰਨੇ ਦਿੱਤੇ ਜਾਣਗੇ। ਮੁਲਾਜ਼ਮ ਆਗੂਆਂ ਨੇ ਵਰਕਚਾਰਜ, ਦਿਹਾੜੀਦਾਰ, ਐਡਹਾਕ, ਕੰਟਰੈਕਟ ਅਤੇ ਆਊਟ ਸੋਰਸ ਕਰਮੀਆਂ ਦੀਆਂ ਸੇਵਾਵਾਂ ਵੀ ਨਿਯਮਤ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਸ਼ਿਵ ਚਰਨ, ਸੁਨੀਲ ਦੱਤ, ਹਰਬੰਸ ਵਰਮਾ, ਰਾਮ ਜੋਧਾ, ਲਖਵੀਰ ਸਿੰਘ, ਬੁੱਧ ਰਾਮ, ਗੁਰਪ੍ਰੀਤ ਸਿੰਘ, ਬਬੀਤਾ, ਮਾਇਆ ਤੇ ਸੁਖਦੇਵ ਸਿੰਘ ਆਦਿ ਸ਼ਾਮਲ ਸਨ।