For the best experience, open
https://m.punjabitribuneonline.com
on your mobile browser.
Advertisement

ਦਮਦਾਰ ਅਦਾਕਾਰੀ ਦਾ ਮਾਲਕ ਰਾਣਾ ਜੰਗ ਬਹਾਦਰ

04:06 AM Jun 14, 2025 IST
ਦਮਦਾਰ ਅਦਾਕਾਰੀ ਦਾ ਮਾਲਕ ਰਾਣਾ ਜੰਗ ਬਹਾਦਰ
Advertisement

ਸੁਖਪਾਲ ਸਿੰਘ ਬਰਨ
ਵਿਲੱਖਣ ਪ੍ਰਤਿਭਾ ਵਾਲਾ ਅਦਾਕਾਰ ਹੈ ਰਾਣਾ ਜੰਗ ਬਹਾਦਰ। ਉਸ ਨੇ ਬੌਲੀਵੁੱਡ, ਪੌਲੀਵੁੱਡ ਅਤੇ ਟੀਵੀ ’ਤੇ ਆਪਣੇ ਅਹਿਮ ਕਿਰਦਾਰਾਂ ਅਤੇ ਦਮਦਾਰ ਅਦਾਕਾਰੀ ਨਾਲ ਵਿਸ਼ੇਸ਼ ਸਥਾਨ ਹਾਸਿਲ ਕੀਤਾ ਹੈ। ਲਗਭਗ 500 ਦੇ ਕਰੀਬ ਹਿੰਦੀ, ਪੰਜਾਬੀ ਫਿਲਮਾਂ ਵਿੱਚ ਦਮਦਾਰ ਅਦਾਕਾਰੀ ਕਰਨ ਵਾਲੇ ਰਾਣਾ ਜੰਗ ਬਹਾਦਰ ਦਾ ਜੀਵਨ ਸੰਘਰਸ਼ ਅਤੇ ਚੁਣੌਤੀਆਂ ਭਰਪੂਰ ਰਿਹਾ ਹੈ।
ਉਸ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਅਮਰਗੜ੍ਹ ਦਾ ਹੈ। ਪਿਤਾ ਗਿਆਨੀ ਰਵੇਲ ਸਿੰਘ ਗੁਰੂ ਘਰ ਦੇ ਗ੍ਰੰਥੀ ਸਨ। ਜਦ ਪਿਤਾ ਜੀ ਧਾਰਮਿਕ ਪ੍ਰੋਗਰਾਮਾਂ ਵਿੱਚ ਕੀਰਤਨ ਕਰਿਆ ਕਰਦੇ ਤਾਂ ਰਾਣਾ ਜੰਗ ਬਹਾਦਰ ਨੇ ਉਨ੍ਹਾਂ ਨਾਲ ਤਬਲਾ ਵਾਦਕ ਦੀ ਸੇਵਾ ਨਿਭਾਉਣੀ ਸ਼ੁਰੂ ਕੀਤੀ। ਇੱਥੋਂ ਹੀ ਉਸ ਦਾ ਸੰਗੀਤ ਨਾਲ ਲਗਾਅ ਹੋ ਗਿਆ ਅਤੇ ਇਸ ਲਗਾਅ ਦੇ ਕਾਰਨ ਹੀ ਉਹ ਬਾਅਦ ਵਿੱਚ ਗਾਇਕੀ ਦੇ ਨਾਲ ਵੀ ਜੁੜਿਆ। ਫਿਰ ਇਹੀ ਉਸ ਨੂੰ ਬੌਲੀਵੁੱਡ ਤੱਕ ਲੈ ਗਏ। ਉਸ ਨੇ ਆਪਣੀ ਮੁੱਢਲੀ ਪੜ੍ਹਾਈ ਅਮਰਗੜ੍ਹ ਤੋਂ ਪ੍ਰਾਪਤ ਕਰਕੇ ਮਾਲੇਰਕੋਟਲਾ ਤੋਂ ਬੀਏ ਦੀ ਪੜ੍ਹਾਈ ਪੂਰੀ ਕੀਤੀ। ਮਾਲੇਰਕੋਟਲਾ ਪੜ੍ਹਦਿਆਂ ਹੀ ਉਸ ਨੂੰ ਫਿਲਮਾਂ ਦੇਖਣ ਦਾ ਸ਼ੌਕ ਪੈ ਗਿਆ ਤੇ ਉਸ ਨੇ ਐਕਟਰ ਬਣਨ ਦਾ ਸੁਪਨਾ ਲਿਆ। ਅਗਲੇਰੀ ਪੜ੍ਹਾਈ ਲਈ ਯੂਨੀਵਰਸਿਟੀ ਜਾਣ ਦਾ ਮੌਕਾ ਮਿਲਿਆ ਤਾਂ ਫਿਲਮਾਂ ਨਾਲ ਲਗਾਅ ਹੋਣ ਕਾਰਨ ਡਰਾਮੇ ਦੀ ਮਾਸਟਰ ਡਿਗਰੀ ਕੀਤੀ। ਉਸ ਨੇ ਪੰਜ ਸਰਕਾਰੀ ਨੌਕਰੀਆਂ ਵੀ ਕੀਤੀਆਂ, ਪ੍ਰੰਤੂ ਹਰ ਨੌਕਰੀ ਵਿੱਚ ਪੱਕਾ ਹੋਣ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦਿੰਦਾ ਸੀ। ਉਹ ਜਾਣਦਾ ਸੀ ਕਿ ਜੇ ਉਹ ਸਰਕਾਰੀ ਨੌਕਰੀ ਵਿੱਚ ਪੱਕਾ ਹੋ ਗਿਆ ਤਾਂ ਫਿਰ ਉਸ ਦਾ ਅਦਾਕਾਰ ਬਣਨ ਦਾ ਸੁਪਨਾ ਪੂਰਾ ਨਹੀਂ ਹੋਵੇਗਾ।
ਆਪਣੇ ਕਰੀਅਰ ਦੀ ਸ਼ੁਰੂਆਤ ਉਸ ਨੇ ਰੰਗਮੰਚ ਤੋਂ ਕੀਤੀ। ਨਾਮਵਰ ਨਾਟਕ ਨਿਰਦੇਸ਼ਕ ਬਲਵੰਤ ਗਾਰਗੀ ਅਤੇ ਹਰਚਰਨ ਸਿੰਘ ਨਾਲ ਮਿਲ ਕੇ ਉਸ ਨੇ ਬਹੁਤ ਸਾਰੇ ਨਾਟਕ ਖੇਡੇ ਜਿਨ੍ਹਾਂ ਨੂੰ ਦੇਸ਼ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਬਹੁਤ ਪਸੰਦ ਕੀਤਾ ਗਿਆ। ਨਾਟਕ ਖੇਡਣ ਦੇ ਨਾਲ ਨਾਲ ਉਸ ਨੇ ਨਾਟਕ ਲੇਖਨ ਅਤੇ ਨਾਟਕ ਨਿਰਦੇਸ਼ਨ ਦਾ ਕੰਮ ਵੀ ਕੀਤਾ। ਰੰਗਮੰਚ ਤੋਂ ਇਲਾਵਾ ਉਹ ਸਾਹਿਤ ਦੇ ਖੇਤਰ ਨਾਲ ਵੀ ਜੁੜਿਆ। ਉਸ ਨੇ ‘ਬੋਦੀ ਵਾਲਾ ਤਾਰਾ’ ਅਤੇ ‘ਚੰਨ ਦਾਗੀ ਹੈ’ ਵਰਗੇ ਸਫਲ ਨਾਟਕ ਲਿਖੇ। ਇਹ ਸਭ ਕੁਝ ਕਰਦਿਆਂ ਉਸ ਦੇ ਫਿਲਮ ਐਕਟਰ ਬਣਨ ਦਾ ਜਨੂੰਨ ਹਮੇਸ਼ਾਂ ਸਵਾਰ ਰਿਹਾ। ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੇ ਬੌਲੀਵੁੱਡ ਵੱਲ ਰੁਖ ਕੀਤਾ।
ਉਸ ਨੂੰ ਬੌਲੀਵੁੱਡ ਵਿੱਚ ਪ੍ਰਵੇਸ਼ ਕਰਨ ਲਈ ਬਹੁਤ ਸੰਘਰਸ਼ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਜਦ ਉਹ ਫਿਲਮੀ ਅਦਾਕਾਰ ਬਣਨ ਦਾ ਸੁਪਨਾ ਲੈ ਕੇ ਮੁੰਬਈ ਪਹੁੰਚਿਆ ਤਾਂ ਸਭ ਤੋਂ ਵੱਡੀ ਸਮੱਸਿਆ ਉੱਥੇ ਰਹਿਣ ਦੀ ਸੀ। ਰਹਿਣ ਲਈ ਕੋਈ ਟਿਕਾਣਾ ਨਾ ਹੋਣ ਕਾਰਨ ਲੰਬਾ ਸਮਾਂ ਰੇਲਵੇ ਸਟੇਸ਼ਨਾਂ ’ਤੇ ਬੈਠ ਕੇ ਅਤੇ ਟਰੇਨਾਂ ਵਿੱਚ ਸਫ਼ਰ ਕਰਦਿਆਂ ਬਤੀਤ ਕੀਤਾ। ਅਖੀਰ ਵਿੱਚ ਘੁੰਮਦਿਆਂ ਘੁਮਾਉਂਦਿਆਂ ਉਸ ਦਾ ਮੇਲ ਫਿਲਮ ਨਿਰਦੇਸ਼ਕ ਜੇ.ਪੀ. ਦੱਤਾ ਨਾਲ ਹੋਇਆ ਜਿਸ ਨੇ ਉਸ ਨੂੰ ਫਿਲਮਾਂ ਵਿੱਚ ਕੰਮ ਦੇਣ ਦਾ ਵਾਅਦਾ ਕੀਤਾ।
ਉਸ ਨੂੰ ਪੰਜਾਬੀ ਫਿਲਮ ‘ਚੰਨ ਪਰਦੇਸੀ’ ਨਾਲ ਫਿਲਮਾਂ ਵਿੱਚ ਜਾਣ ਦਾ ਮੌਕਾ ਮਿਲਿਆ। ਇਸ ਫਿਲਮ ਨੇ ਨੈਸ਼ਨਲ ਐਵਾਰਡ ਵੀ ਜਿੱਤਿਆ। ਹਿੰਦੀ ਫਿਲਮਾਂ ਵਿੱਚ ਉਸ ਦੀ ਸ਼ੁਰੂਆਤ ਜੇ.ਪੀ ਦੱਤਾ ਦੀ ਫਿਲਮ ‘ਯਤੀਮ’ ਨਾਲ ਹੋਈ। ਇਸ ਫਿਲਮ ਵਿੱਚ ਉਸ ਨੇ ਅਮਰੀਸ਼ ਪੁਰੀ ਦੇ ਭਰਾ ਦਾ ਰੋਲ ਕੀਤਾ। ਉਸ ਤੋਂ ਬਾਅਦ ਰਾਣੇ ਦੀ ਗੁੱਡੀ ਚੜ੍ਹਨੀ ਸ਼ੁਰੂ ਹੋ ਗਈ ਅਤੇ ਉਸ ਨੂੰ ਫਿਲਮਾਂ ਵਿੱਚ ਕੰਮ ਮਿਲਣਾ ਸ਼ੁਰੂ ਹੋ ਗਿਆ। ਉਸ ਨੇ ਆਪਣੀ ਦਮਦਾਰ ਆਵਾਜ਼ ਅਤੇ ਸ਼ਾਨਦਾਰ ਅਦਾਕਾਰੀ ਨਾਲ ਯਾਦਗਾਰੀ ਰੋਲ ਕੀਤੇ। ਹਿੰਦੀ ਫਿਲਮਾਂ ‘ਰੋਟੀ ਕੀ ਕੀਮਤ’, ‘ਫੂਲ ਔਰ ਕਾਂਟੇ’, ‘ਦੀਵਾਨਗੀ’, ‘ਬੇਤਾਜ ਬਾਦਸ਼ਾਹ’, ‘ਦੁਲਹੇ ਰਾਜਾ’ ਆਦਿ ਅਜਿਹੀਆਂ ਫਿਲਮਾਂ ਹਨ ਜਿਸ ਵਿੱਚ ਉਸ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਗਿਆ। ਪੰਜਾਬੀ ਫਿਲਮਾਂ ‘ਜੱਟ ਐਂਡ ਜੂਲੀਅਟ’, ‘ਸਰਦਾਰ ਮੁਹੰਮਦ’, ‘ਅਫ਼ਸਰ’, ‘ਕਪਤਾਨ’, ‘ਮੰਜੇ ਬਿਸਤਰੇ’ ਅਜਿਹੀਆਂ ਫਿਲਮਾਂ ਹਨ ਜਿਸ ਵਿੱਚ ਰਾਣੇ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਅਮਿੱਟ ਛਾਪ ਛੱਡੀ ਹੈ। ਹਿੰਦੀ ਅਤੇ ਪੰਜਾਬੀ ਫਿਲਮਾਂ ਤੋਂ ਇਲਾਵਾ ਬਹੁਤ ਹੀ ਮਸ਼ਹੂਰ ਤੇ ਚਰਚਿਤ ਸੀਰੀਅਲ ‘ਮਹਾਂਭਾਰਤ’ ਵਿੱਚ ਵੀ ਉਸ ਨੇ ਸ਼ਾਨਦਾਰ ਕਿਰਦਾਰ ਨਿਭਾਇਆ ਹੈ। ਭਵਿੱਖ ਵਿੱਚ ਫਿਲਮ ਅਤੇ ਕਲਾ ਜਗਤ ਨੂੰ ਉਸ ਤੋਂ ਬਹੁਤ ਉਮੀਦਾਂ ਹਨ।
ਸੰਪਰਕ: 99726-59588

Advertisement

Advertisement
Advertisement
Advertisement
Author Image

Balwinder Kaur

View all posts

Advertisement