ਦਬੜਾ ਦੀ ਪੰਚਾਇਤੀ ਤੇ ਵਕਫ਼ ਬੋਰਡ ਦੀ ਜ਼ਮੀਨ ਉੱਤੇ ਨਾਜਾਇਜ਼ ਕਬਜ਼ਾ

ਮੁਕਤਸਰ ਵਿੱਚ ਡੀਡੀਪੀਓ ਨੂੰ ਮਿਲ ਕੇ ਆਉਂਦਾ ਹੋਇਆ ਮਜ਼ਦੂਰਾਂ ਦਾ ਵਫ਼ਦ।

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ
ਮਲੋਟ ਉਪ ਮੰਡਲ ਵਿੱਚ ਪੈਂਦੇ ਪਿੰਡ ਦਬੜਾ ਦੀ ਕਰੀਬ ਚਾਰ ਏਕੜ ਪੰਚਾਇਤੀ ਅਤੇ ਵਕਫ਼ ਬੋਰਡ ਦੀ ਜ਼ਮੀਨ ਉੱਪਰ ਕੀਤੇ ਨਾਜਾਇਜ਼ ਕਬਜ਼ੇ ਖ਼ਿਲਾਫ਼ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵਫਦ ਨੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਵਫਦ ਵਿੱਚ ਸ਼ਾਮਲ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਨੇ ਦੱਸਿਆ ਕਿ ਪਿੰਡ ਦਬੜਾ ਵਿੱਚ ਪੰਚਾਇਤ ਦੀ ਕਰੀਬ ਚਾਰ ਏਕੜ ਜ਼ਮੀਨ ਉੱਪਰ ਇਸ ਵੇਲੇ ਗੁਰਬਖਸ਼ ਸਿੰਘ ਨਾਮ ਦੇ ਇੱਕ ਵਿਅਕਤੀ ਵੱਲੋਂ ਕਥਿਤ ਤੌਰ ‘ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਹ ਵਿਅਕਤੀ ਨਾ ਤਾਂ ਪੰਚਾਇਤ ਨੂੰ ਕੋਈ ਠੇਕਾ ਦਿੰਦਾ ਹੈ ਅਤੇ ਨਾ ਹੀ ਪੰਚਾਇਤ ਨੇ ਇਸ ਨੂੰ ਜ਼ਮੀਨ ਠੇਕੇ ਉੱਪਰ ਦਿੱਤੀ ਹੈ। ਪਹਿਲਾਂ ਇਹ ਕਬਜ਼ਾ ਗੁਰਵੀਰ ਸਿੰਘ ਕੋਲ ਸੀ ਤੇ ਹੁਣ ਉਸ ਨੇ ਇਸ ਰਕਬੇ ਦੀ ਗਿਰਦਾਵਰੀ ਗੁਰਬਖਸ਼ ਸਿੰਘ ਦੇ ਨਾਮ ਕਰਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਇਸ ਜ਼ਮੀਨ ਉਪਰ ਖੇਤ ਮਜ਼ਦੂਰਾਂ ਦਾ ਵੀ ਹੱਕ ਹੈ। ਇਸ ਲਈ ਜੇਕਰ ਇਹ ਜ਼ਮੀਨ ਪੰਚਾਇਤ ਦੇ ਹੱਥੋਂ ਖੁੱਸਦੀ ਹੈ ਤਾਂ ਇਸ ਦਾ ਖੇਤ ਮਜ਼ਦੂਰਾਂ ਦੇ ਅਧਿਕਾਰਾਂ ਉੱਪਰ ਵੀ ਮਾੜਾ ਅਸਰ ਪੈਂਦਾ ਹੈ। ਇਸ ਲਈ ਯੂਨੀਅਨ ਨੇ ਪਹਿਲਾਂ ਇਹ ਮਸਲਾ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਮਲੋਟ ਕੋਲ ਰੱਖਿਆ ਪਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਾ ਕਰਨ ’ਤੇ ਹੁਣ ਮਾਮਲਾ ਡੀਡੀਪੀਓ ਕੋਲ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਇਸ ਮਾਮਲੇ ਨੂੰ ਲੈ ਕੇ ਕਰੜਾ ਸੰਘਰਸ਼ ਵਿੱਢਣਗੇ।
ਇਸ ਸਬੰਧੀ ਪਿੰਡ ਦਬੜਾ ਦੇ ਸਰਪੰਚ ਗੁਰਬਾਜ਼ ਸਿੰਘ ਦਾ ਕਹਿਣਾ ਸੀ ਕਿ ਉਹ ਮਾਲ ਵਿਭਾਗ ਵਿੱਚ ਇਸ ਰਕਬੇ ਬਾਰੇ ਪੜਤਾਲ ਕਰ ਰਹੇ ਹਨ, ਉਸ ਤੋਂ ਬਾਅਦ ਬਣਦੀ ਕਾਰਵਾਈ ਕਰਨਗੇ। ਬਲਾਕ ਵਿਕਾਸ ਤੇ ਪੰਚਾਇਤ ਅਫਸਰ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸ ਰਕਬੇ ਦੀ ਪੜਤਾਲ ਲਾ ਦਿੱਤੀ ਹੈ ਤੇ ਪੜਤਾਲ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।

Tags :