ਤੇਲ ’ਤੇ ਚੱਲਦੇ 95 ਫੀਸਦੀ ਉਦਯੋਗ ਸੀਐੱਨਜੀ ’ਚ ਤਬਦੀਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਸਤੰਬਰ
ਉਦਯੋਗ ਅਧਾਰਤ ਪ੍ਰਦੂਸ਼ਣ ਦੇ ਖਾਤਮੇ ਲਈ ਪਿਛਲੇ ਇੱਕ ਸਾਲ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੁਆਰਾ ਕੀਤੇ ਗਏ ਯਤਨਾਂ ਨੇ ਪ੍ਰਭਾਵ ਦਿਖਾਇਆ ਹੈ। ਪ੍ਰਦੂਸ਼ਣ ਵਾਲੇ ਤੇਲ ਨਾਲ ਕੰਮ ਕਰਨ ਵਾਲੇ 95 ਫੀਸਦੀ ਉਦਯੋਗ ਹੁਣ ਸੀਐੱਨਜੀ ’ਚ ਤਬਦੀਲ ਹੋ ਗਏ ਹਨ। ਇਹ ਜਾਣਕਾਰੀ ਦਿੱਲੀ ਵਿਕਾਸ ਅਤੇ ਸੰਵਾਦ ਕਮਿਸ਼ਨ (ਡੀਡੀਸੀ) ਵੱਲੋਂ ਮੁੱਖ ਮੰਤਰੀ ਨੂੰ ਸੌਂਪੀ ਗਈ ਰਿਪੋਰਟ ਤੋਂ ਮਿਲੀ ਹੈ। ਡੀਡੀਸੀ ਨੇ ਮੁੱਖ ਮੰਤਰੀ ਦੇ ਆਦੇਸ਼ ਤੋਂ ਬਾਅਦ ਕੀਤੀ ਗਈ ਕਾਰਵਾਈ ਦੇ ਅਧਾਰ ’ਤੇ ਰਿਪੋਰਟ ਤਿਆਰ ਕੀਤੀ ਹੈ।
ਮੁੱਖ ਮੰਤਰੀ ਕੇਜਰੀਵਾਲ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ’ਚ ਦਿੱਲੀ ਵਿੱਚ ਹਵਾ ਪ੍ਰਦੂਸ਼ਣ 25% ਘਟਿਆ ਹੈ। ਦਿੱਲੀ ਦੇਸ਼ ਦਾ ਇਕਲੌਤਾ ਅਜਿਹਾ ਰਾਜ ਹੈ, ਜਿਥੇ ਹਵਾ ਪ੍ਰਦੂਸ਼ਣ ’ਚ ਕਮੀ ਦਰਜ ਕੀਤੀ ਗਈ ਹੈ। ਪ੍ਰਦੂਸ਼ਿਤ ਰਸਾਇਣਾਂ ਨਾਲ ਚਲਾਏ ਗਏ ਸੀਐੱਨਜੀ ਅਧਾਰਤ ਉਦਯੋਗ ਨੇ ਹਵਾ ਪ੍ਰਦੂਸ਼ਣ ਨੂੰ ਘਟਾਉਣ ਵਿਚ ਵੀ ਸਹਾਇਤਾ ਕੀਤੀ ਹੈ।
ਉਨ੍ਹਾਂ ਉਦਯੋਗ ਸੰਚਾਲਕਾਂ ਦੀਆਂ ਸੱਤ ਮੀਟਿੰਗਾਂ ਕੀਤੀਆ, ਸੀਐੱਨਜੀ ਤੋਂ ਉਦਯੋਗ ਨੂੰ ਚਲਾਉਣ ਦੇ ਫਾਇਦਿਆਂ ਬਾਰੇ ਦੱਸਿਆ। ਫਿਰ ਉਦਯੋਗ ਨੂੰ ਪ੍ਰਦੂਸ਼ਿਤ ਰਸਾਇਣਾਂ ਤੋਂ ਸੀਐੱਨਜੀ ਵਿਚ ਤਬਦੀਲ ਕਰਨ ਲਈ ਮੁਆਵਜ਼ਾ ਅਦਾ ਕਰਨ ਦੀ ਯੋਜਨਾ ਬਣਾਈ ਤਾਂ ਜੋ ਉਦਯੋਗਾਂ ਨੂੰ ਸੀਐੱਨਜੀ ਵਿਚ ਤਬਦੀਲ ਕਰਨ ’ਤੇ ਸੰਚਾਲਕਾਂ ਨੂੰ ਆਰਥਿਕ ਨੁਕਸਾਨ ਨਾ ਹੋਵੇ।ਪ੍ਰਦੂਸ਼ਿਤ ਰਸਾਇਣਾਂ ਨਾਲ ਦਿੱਲੀ ਵਿੱਚ 1532 ਉਦਯੋਗ ਚਲਾਏ ਗਏ ਸਨ, ਜਿਨ੍ਹਾਂ ਵਿੱਚੋਂ 1457 ਉਦਯੋਗਾਂ ਨੂੰ ਸੀਐੱਨਜੀ ਵਿੱਚ ਤਬਦੀਲ ਕੀਤਾ ਗਿਆ ਹੈ। ਸਰਕਾਰ ਹੋਰ 85 ਉਦਯੋਗਾਂ ਨੂੰ ਸੀਐੱਨਜੀ ਦੇ ਅਧਾਰਤ ਬਣਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਵਾਤਾਵਰਨ ਮੰਤਰਾਲੇ ਵੱਲੋਂ ਇਨ੍ਹਾਂ ਉਦਯੋਗ ਸੰਚਾਲਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਦਿੱਲੀ ਸਰਕਾਰ ਨੇ ਥਰਮਲ ਪਾਵਰ ਪਲਾਂਟਾਂ ਨੂੰ ਛੱਡ ਕੇ ਸਾਰੇ ਕਿਸਮਾਂ ਦੇ ਉਦਯੋਗਾਂ ਵਿਚ ਪੈਟਰੋਲੀਅਮ, ਟਾਇਰ ਤੇਲ ਅਤੇ ਹੋਰ ਪ੍ਰਕਾਰ ਦੇ ਪ੍ਰਦੂਸ਼ਿਤ ਰਸਾਇਣਾਂ ਦੀ ਵਰਤੋਂ ਤੇ ਪਾਬੰਦੀ ਲਗਾਈ ਹੈ, ਨਾਲ ਹੀ ਉਦਯੋਗ ਸੰਚਾਲਕਾਂ ਨਾਲ ਇੱਕ ਬੈਠਕ ਨੇ ਉਦਯੋਗ ਨੂੰ ਸੀਐੱਨਜੀ ਵਿੱਚ ਬਦਲਣ ਲਈ ਪ੍ਰੇਰਿਆ।

Tags :