ਤੁਰਲੇ ਵਾਲਾ ਸਾਫਾ ਬੰਨ੍ਹ ਕੇ...
ਬਹਾਦਰ ਸਿੰਘ ਗੋਸਲ
ਆਦਮੀਆਂ ਦੇ ਸਿਰਾਂ ’ਤੇ ਸੋਂਹਦੀਆਂ ਪੱਗਾਂ ਕੇਵਲ ਸਿਰ ਕੱਜਣ ਦਾ ਕੰਮ ਹੀ ਨਹੀਂ ਕਰਦੀਆਂ, ਸਗੋਂ ਸ਼ਾਨ, ਸ਼ੌਕਤ ਅਤੇ ਸਤਿਕਾਰ ਦੀਆਂ ਪ੍ਰਤੀਕ ਵੀ ਹੁੰਦੀਆਂ ਹਨ। ਕਿਸੇ ਵੀ ਸਿਰ ’ਤੇ ਸਜਾਈ ਪੱਗ ਉਸ ਵਿਅਕਤੀ ਦੇ ਵਿਅਕਤੀਤਵ ਨੂੰ ਦੂਣ-ਸਵਾਇਆ ਕਰ ਦਿੰਦੀ ਹੈ। ਸਿੱਖ ਧਰਮ ਵਿੱਚ ਤਾਂ ਪੱਗ ਨੂੰ ਦਸਤਾਰ ਦਾ ਨਾਂ ਦੇ ਕੇ ਬਹੁਤ ਹੀ ਸਤਿਕਾਰਿਆਂ ਜਾਂਦਾ ਹੈ ਅਤੇ ਦਸਤਾਰ ਸਜਾਉਣ ਨੂੰ ਖ਼ਾਸ ਅਹਿਮੀਅਤ ਦਿੱਤੀ ਜਾਂਦੀ ਹੈ। ਪੱਗ ਨੂੰ ਸਰਦਾਰੀ ਦਾ ਮਾਣ ਦਿੱਤਾ ਜਾਂਦਾ ਹੈ।
ਜਿਸ ਤਰ੍ਹਾਂ ਵੱਖ-ਵੱਖ ਫਿਰਕਿਆਂ ਵਿੱਚ ਪੱਗ ਬੰਨ੍ਹਣ ਦਾ ਰਿਵਾਜ ਹੈ, ਉਸੇ ਤਰ੍ਹਾਂ ਹੀ ਪੱਗ ਬੰਨ੍ਹਣ ਦੇ ਢੰਗ-ਤਰੀਕੇ ਵੀ ਵੱਖ-ਵੱਖ ਦੇਖਣ ਨੂੰ ਮਿਲਦੇ ਹਨ। ਕਈ ਵਾਰ ਬੰਨ੍ਹੀ ਪੱਗ ਦੇਖ ਕੇ ਹੀ ਅਸੀਂ ਉਸ ਵਿਅਕਤੀ ਦੇ ਧਰਮ, ਫਿਰਕੇ ਅਤੇ ਇਲਾਕੇ ਬਾਰੇ ਜਾਣ ਜਾਂਦੇ ਹਾ,। ਜਿਸ ਤਰ੍ਹਾਂ ਰਾਜਸਥਾਨੀ ਮਰਦ ਪੱਗ ਬੰਨ੍ਹਦੇ ਹਨ, ਉਨ੍ਹਾਂ ਤੋਂ ਉਨ੍ਹਾਂ ਦੇ ਰਾਜਸਥਾਨੀ ਹੋਣ ਦਾ ਸਬੂਤ ਮਿਲ ਜਾਂਦਾ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਨਾਮਧਾਰੀ ਪੱਗ ਦੀ ਪਹਿਚਾਣ ਬੜੀ ਜਲਦੀ ਹੋ ਜਾਂਦੀ ਹੈ। ਨਿਹੰਗ ਸਿੰਘਾਂ ਦੀਆਂ ਦਸਤਾਰਾਂ ਬਿਲਕੁਲ ਨਿਵੇਕਲੀਆਂ ਹੁੰਦੀਆਂ ਹਨ ਅਤੇ ਹਰ ਕੋਈ ਉਨ੍ਹਾਂ ਦੀ ਵੱਖਰੀ ਪਹਿਚਾਣ ਨੂੰ ਜਾਣ ਜਾਂਦਾ ਹੈ। ਆਮ ਤੌਰ ’ਤੇ ਨਿਹੰਗ ਸਿੰਘ ਆਪਣੀਆਂ ਦਸਤਾਰਾਂ ਨੂੰ ਦੁਮਾਲਾ ਸਜਾਉਣਾ ਵੀ ਆਖਦੇ ਹਨ। ਇਸੇ ਤਰ੍ਹਾਂ ਹਰਿਆਣੇ ਦੇ ਮਰਦ ਹਰਿਆਣਵੀ ਪੱਗਾਂ ਦੀ ਵੱਖਰੀ ਪਹਿਚਾਣ ਰੱਖਦੇ ਹਨ। ਪੰਜਾਬੀਆਂ ਦੀਆਂ ਪੱਗਾਂ ਦਾ ਆਪਣਾ ਹੀ ਵਿਲੱਖਣ ਢੰਗ ਹੈ। ਅੱਜਕੱਲ੍ਹ ਤਾਂ ਪੰਜਾਬੀ ਗੱਭਰੂ ਬੜੀਆਂ ਪੋਚਵੀਆਂ ਪੱਗਾਂ ਬੰਨ੍ਹਣ ਦੇ ਆਦੀ ਹੋ ਗਏ ਹਨ। ਇਸੇ ਕਰਕੇ ਪੰਜਾਬੀ ਸੱਭਿਆਚਾਰ ਵਿੱਚ ਪੱਗਾਂ ਬਾਰੇ ਅਨੇਕਾਂ ਗੀਤ, ਲੋਕ ਗੀਤ ਜਾਂ ਬੋਲੀਆਂ ਵੀ ਸੁਣਨ ਨੂੰ ਮਿਲਦੀਆਂ ਹਨ।
ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਪੱਗ ਬੰਨ੍ਹਣ ਦਾ ਰਿਵਾਜ ਭਾਵੇਂ ਬਹੁਤ ਪੁਰਾਣਾ ਹੈ, ਪਰ ਸਮੇਂ ਦੇ ਨਾਲ-ਨਾਲ ਇਸ ਨੂੰ ਬੰਨ੍ਹਣ ਦੇ ਢੰਗ ਬਦਲਦੇ ਰਹੇ ਹਨ। ਭਾਵੇਂ ਅੱਜਕੱਲ੍ਹ ਦੇ ਮੁੰਡੇ ਲੰਬੀਆਂ ਪੱਗਾਂ ਨੂੰ ਸਿਉਣਾਂ ਪਾ ਕੇ ਬੰਨ੍ਹਣ ਦੇ ਸ਼ੌਕੀਨ, ਹਨ ਪਰ ਕਦੇ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਤੁਰਲੇ ਵਾਲੀ ਪੱਗ ਦਾ ਬਹੁਤ ਰਿਵਾਜ ਹੁੰਦਾ ਸੀ। ਰੰਗਦਾਰ ਪੱਗਾਂ ਨੂੰ ਮਾਵਾਂ ਦਿਲਵਾ ਕੇ ਬਹੁਤ ਹੀ ਵਧੀਆ ਢੰਗ ਨਾਲ ਤੁਰਲਾ ਛੱਡ ਕੇ ਬੰਨ੍ਹਿਆ ਜਾਂਦਾ ਸੀ, ਜਿਸ ਦੀ ਵੱਖਰੀ ਹੀ ਨੁਹਾਰ ਹੁੰਦੀ ਸੀ। ਠੇਠ ਪੰਜਾਬੀ ਬੋਲੀ ਵਿੱਚ ਇਸ ਪੱਗ ਨੂੰ ਤੁਰਲੇ ਵਾਲਾ ਸਾਫਾ ਕਹਿ ਕੇ ਮਾਣ ਦਿੱਤਾ ਜਾਂਦਾ ਸੀ। ਇਹ ਤੁਰਲੇ ਵਾਲਾ ਸਾਫਾ ਸ਼ੌਕੀ ਗੱਭਰੂਆਂ ਦੀ ਪਹਿਲੀ ਪਸੰਦ ਹੁੰਦੀ ਸੀ। ਪੰਜਾਬੀ ਗਿੱਧਿਆਂ ਵਿੱਚ ਇਸ ਤੁਰਲੇ ਵਾਲੇ ਸਾਫੇ ਨੇ ਖ਼ੂਬ ਧੂਮਾਂ ਮਚਾਈਆਂ ਅਤੇ ਗਿੱਧਿਆਂ ਦੇ ਪਿੜਾਂ ਵਿੱਚ ਇਹ ਬੋਲੀ ਆਮ ਸੁਣਨ ਨੂੰ ਮਿਲਦੀ ਸੀ;
ਤੁਰਲੇ ਵਾਲਾ ਸਾਫਾ ਬੰਨ੍ਹ ਕੇ,
ਤੂੰ ਗਿੱਧੇ ਵਿੱਚ ਆਇਆ
ਅੱਖਾਂ ਵਿੱਚ ਤੇਰੇ ਸੁਰਮਾ ਖਿੰਡਿਆ
ਕਿਹੜੀ ਭਾਬੀ ਨੇ ਪਾਇਆ।
ਐਡੇ ਸ਼ੌਕੀ ਨੇ ਵਿਆਹ ਕਿਉਂ ਨਹੀਂ ਕਰਵਾਇਆ।
ਇਹ ਤੁਰਲੇ ਵਾਲੇ ਸਾਫੇ, ਪੇਂਡੂ ਵਿਆਹਾਂ ਵਿੱਚ ਆਮ ਦੇਖਣ ਨੂੰ ਮਿਲਦੇ ਸਨ। ਬਰਾਤ ਜਾਣ ਸਮੇਂ ਪਿੰਡ ਦੇ ਮਰਦ ਪੱਗ ਨੂੰ ਖ਼ੂਬ ਮਾਵਾ ਦਿਲਵਾ ਕੇ, ਉੱਚਾ ਤੁਰਲਾ ਛੱਡ ਕੇ ਆਪਣੀ ਪੂਰੀ ਟੌਹਰ ਬਣਾ ਕੇ ਜਾਂਦੇ। ਉਨ੍ਹਾਂ ਦਿਨਾਂ ਵਿੱਚ ਬਰਾਤਾਂ ਵੀ ਰੱਥਾਂ, ਘੋੜਿਆਂ ਜਾਂ ਊਠਾਂ ’ਤੇ ਜਾਇਆ ਕਰਦੀਆਂ ਸਨ ਤਾਂ ਕੋਈ ਵੀ ਗੱਭਰੂ ਜਦੋਂ ਤੁਰਲੇ ਵਾਲੀ ਪੱਗ ਬੰਨ੍ਹ ਕੇ ਊਠਾਂ ’ਤੇ ਸਵਾਰ ਹੁੰਦੇ ਸਨ ਤਾਂ ਉਹ ਆਪਣੇ ਆਪ ਨੂੰ ਕਿਸੇ ਸ਼ਹਿਨਸ਼ਾਹ ਤੋਂ ਘੱਟ ਨਾ ਸਮਝਦੇ।ਚਿੱਟੇ ਚਾਦਰੇ ਅਤੇ ਤੁਰਲੇ ਵਾਲੀ ਪੱਗ ਕਿਸੇ ਸਮੇਂ ਪੰਜਾਬੀਆਂ ਦਾ ਮਨਭਾਉਂਦਾ ਪਹਿਰਾਵਾ ਹੁੰਦਾ ਸੀ। ਜਦੋਂ ਵੀ ਕਿਸੇ ਨੇ ਮਹਿਮਾਨ ਦੇ ਤੌਰ ’ਤੇ ਜਾਣਾ ਹੁੰਦਾ ਤਾਂ ਉਹ ਜ਼ਰੂਰ ਇਸ ਪਹਿਰਾਵੇ ਨੂੰ ਪਸੰਦ ਕਰਦਾ ਅਤੇ ਆਪਣੇ ਆਪ ’ਤੇ ਮਾਣ ਕਰਦਾ। ਕੁੜੀਆਂ ਦੇ ਵਿਆਹਾਂ ਵਿੱਚ ਬਰਾਤ ਆਉਣ ਸਮੇਂ ਤੁਰਲੇ ਵਾਲਿਆਂ ਦੀ ਖ਼ਾਸ ਪਹਿਚਾਣ ਸਮਝੀ ਜਾਂਦੀ ਅਤੇ ਉਨ੍ਹਾਂ ਨੂੰ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਨਿਵਾਜਿਆ ਜਾਂਦਾ ਸੀ। ਤੁਰਲੇ ਦੀ ਅਜਿਹੀ ਟੌਹਰ ਦੇਖ ਕੇ ਪਿੰਡਾਂ ਦੇ ਚੌਧਰੀ ਅਤੇ ਦੂਜੇ ਜ਼ਿਮੀਂਦਾਰ ਲੋਕ ਵੀ ਤੁਰਲੇ ਵਾਲੀਆਂ ਪੱਗਾਂ ਬੰਨ੍ਹ ਕੇ ਲੋਕਾਂ ਵਿੱਚ ਜਾਂਦੇ ਤਾਂ ਕਿ ਉਨ੍ਹਾਂ ਦਾ ਲੋਕਾਂ ਵਿੱਚ ਵਿਸ਼ੇਸ਼ ਸਤਿਕਾਰ ਬਣਿਆ ਰਹੇ। ਖ਼ਾਸ ਕਰਕੇ ਪੰਜਾਬ ਦੇ ਪੇਂਡੂ ਮੇਲਿਆਂ ਦੇ ਮੌਕੇ ਗੱਭਰੂ ਵਿਸ਼ੇਸ਼ ਤੌਰ ’ਤੇ ਤੁਰਲੇ ਵਾਲੀਆਂ ਪੱਗਾਂ ਬੰਨ੍ਹ, ਚਿੱਟੇ ਚਾਦਰਿਆਂ ਅਤੇ ਨੌਕਦਾਰ ਜੁੱਤੀ ਨਾਲ ਹੱਥ ਵਿੱਚ ਖੁੰਡਾ ਲੈ ਕੇ ਜਾਂਦੇ, ਤਾਂ ਕਿ ਮੇਲੇ ਵਿੱਚ ਉਸ ਦੇ ਯਾਰਾਂ-ਦੋਸਤਾਂ ਵਿੱਚ ਉਸ ਦੀ ਧਾਕ ਜੰਮੀ ਰਹੇ।
ਅੱਜਕੱਲ੍ਹ ਵੀ ਜਿਹੜੇ ਨੌਜਵਾਨ ਪੱਗਾਂ ਬੰਨ੍ਹਦੇ ਹਨ, ਉਹ ਵੀ ਪੱਗ ਬੰਨ੍ਹਣ ’ਤੇ ਪੂਰਾ ਜ਼ੋਰ ਲਗਾ ਦਿੰਦੇ ਹਨ। ਵੱਖ-ਵੱਖ ਰੰਗਾਂ ਦੀਆਂ ਪੱਗਾਂ ਭਾਵੇਂ ਨੌਜਵਾਨਾਂ ਨੂੰ ਬਹੁਤ ਸੱਜਦੀਆਂ ਹਨ ਅਤੇ ਇੰਝ ਲੱਗਦਾ ਹੈ ਕਿ ਕਿਤੇ ਕਿਸੇ ਗੱਭਰੂ ਨੂੰ ਨਜ਼ਰਾਂ ਹੀ ਨਾ ਲੱਗ ਜਾਵਣ। ਤਾਂ ਹੀ ਕਿਹਾ ਜਾਂਦਾ ਹੈ;
ਪੱਗਾਂ ਬੱਧੀਆਂ ਨੂੰ ਨਜ਼ਰਾਂ ਲੱਗੀਆਂ
ਮਿਰਚਾਂ ਵਾਰ ਸੋਹਣੀਏਂ।
ਪਰ ਫਿਰ ਵੀ ਇਹ ਪੱਗਾਂ ਉਨ੍ਹਾਂ ਤੁਰਲੇ ਵਾਲੇ ਸਾਫਿਆਂ ਦੀ ਤਰ੍ਹਾਂ ਮਰਦ ਦੀ ਸ਼ਾਨ ਨਹੀਂ ਦਿਖਾਉਂਦੀਆਂ। ਹੁਣ ਤੁਰਲੇ ਵਾਲੀਆਂ ਪੱਗਾਂ ਬੀਤੇ ਜ਼ਮਾਨੇ ਦੀ ਗੱਲ ਲੱਗ ਰਹੀਆਂ ਹਨ। ਅੱਜਕੱਲ੍ਹ ਤੁਰਲੇ ਵਾਲੀਆਂ ਪੱਗਾਂ ਬਹੁਤ ਘੱਟ ਨਜ਼ਰ ਆਉਂਦੀਆਂ ਹਨ। ਕਿਤੇ ਕਿਤੇ ਭੰਗੜਾ ਪਾਉਣ ਵਾਲੇ ਗੱਭਰੂਆਂ ਦੀਆਂ ਪੱਗਾਂ ’ਤੇ ਤੁਰਲੇ ਦੇਖਣ ਨੂੰ ਮਿਲ ਜਾਂਦੇ ਹਨ ਜਾਂ ਭੰਗੜੇ ਸਮੇਂ ਢੋਲੀ ਨੇ ਵਧੀਆ ਤੁਰਲਾ ਛੱਡ ਕੇ ਪੱਗ ਬੰਨ੍ਹੀ ਹੁੰਦੀ ਹੈ। ਹਾਂ, ਕਈ ਵਾਰ ਦੋਗਾਣਾ ਗਾਉਣ ਵਾਲੀਆਂ ਪੰਜਾਬੀਆਂ ਗਾਇਕ ਜੋੜੀਆਂ ਵਿੱਚ ਮਰਦ ਦੇ ਸਿਰ ਤੁਰਲੇ ਵਾਲੀ ਪੱਗ ਨਜ਼ਰ ਆਉਂਦੀ ਹੈ ਜੋ ਆਪਣਾ ਵੱਖਰਾ ਹੀ ਪ੍ਰਭਾਵ ਪਾਉਂਦੀ ਹੈ। ਕੁਝ ਵੀ ਹੋਵੇ ਇਹ ਤੁਰਲੇ ਵਾਲੀਆਂ ਪੱਗਾਂ ਸਾਨੂੰ ਆਪਣਾ ਪੁਰਾਤਨ ਸੱਭਿਆਚਾਰਕ ਵਿਰਸਾ ਜ਼ਰੂਰ ਯਾਦ ਕਰਵਾ ਦਿੰਦੀਆਂ ਹਨ।
ਸੰਪਰਕ: 98764-52223