ਤਿੱਬਤ ਬਾਰੇ ਸੰਭਲ ਕੇ ਚੱਲੇ ਭਾਰਤ: ਚੀਨ
ਪੇਈਚਿੰਗ, 4 ਜੁਲਾਈ
ਚੀਨ ਨੇ ਅੱਜ ਭਾਰਤ ਦੇ ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਦੇ ਬਿਆਨ ਕਿ ਦਲਾਈ ਲਾਮਾ ਨੂੰ ਆਪਣੀ ਇੱਛਾ ਮੁਤਾਬਕ ਜਾਨਸ਼ੀਨ ਦੀ ਚੋਣ ਕਰਨੀ ਚਾਹੀਦੀ ਹੈ, ’ਤੇ ਇਤਰਾਜ਼ ਜਤਾਇਆ ਹੈ। ਚੀਨ ਨੇ ਭਾਰਤ ਨੂੰ ਅਪੀਲ ਕੀਤੀ ਕਿ ਉਹ ਤਿੱਬਤ ਨਾਲ ਸਬੰਧਤ ਮੁੱਦਿਆਂ ’ਤੇ ਸਾਵਧਾਨੀ ਨਾਲ ਕੰਮ ਕਰੇ ਤਾਂ ਜੋ ਦੁਵੱਲੇ ਸਬੰਧਾਂ ’ਚ ਸੁਧਾਰ ’ਤੇ ਇਸ ਦਾ ਅਸਰ ਨਾ ਪਵੇ।
ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ ਰਿਜਿਜੂ ਦੀ ਟਿੱਪਣੀ ਸਬੰਧੀ ਸਵਾਲ ’ਤੇ ਜਵਾਬ ਦਿੰਦਿਆਂ ਕਿਹਾ ਕਿ ਭਾਰਤ ਨੂੰ 14ਵੇਂ ਦਲਾਈ ਲਾਮਾ ਦੀ ਚੀਨ ਵਿਰੋਧੀ ਵੱਖਵਾਦੀ ਪ੍ਰਕਿਰਤੀ ਪ੍ਰਤੀ ਸਪੱਸ਼ਟ ਹੋਣਾ ਚਾਹੀਦਾ ਹੈ ਅਤੇ ਸ਼ਿਜ਼ਾਂਗ (ਤਿੱਬਤ) ਸਬੰਧੀ ਮੁੱਦਿਆਂ ’ਤੇ ਆਪਣੀ ਵਚਨਬੱਧਤਾ ਦਾ ਸਨਮਾਨ ਕਰਨਾ ਚਾਹੀਦਾ ਹੈ। ਚੀਨ ਨੇ ਤਿੱਬਤ ਨੂੰ ਸ਼ਿਜ਼ਾਂਗ ਦਾ ਨਾਮ ਦਿੱਤਾ ਹੋਇਆ ਹੈ।
ਮਾਓ ਨੇ ਆਖਿਆ ਕਿ ਭਾਰਤ ਨੂੰ ਆਪਣੇ ਸ਼ਬਦਾਂ ਤੇ ਕੰਮਾਂ ’ਚ ਇਹਤਿਆਤ ਵਰਤਣੀ ਚਾਹੀਦੀ ਹੈ, ਸ਼ਿਜ਼ਾਂਗ ਸਬੰਧੀ ਮੁੱਦਿਆਂ ’ਤੇ ਚੀਨ ਦੇ ਅੰਦਰੂਨੀ ਮਾਮਲਿਆਂ ’ਚ ਦਖਲ ਦੇਣਾ ਬੰਦ ਕਰਨਾ ਅਤੇ ਚੀਨ-ਭਾਰਤ ਸਬੰਧਾਂ ਦੇ ਸੁਧਾਰ ਤੇ ਵਿਕਾਸ ਨੂੰ ਅਸਰਅੰਦਾਜ਼ ਕਰਨ ਵਾਲੇ ਮੁੱਦਿਆਂ ਤੋਂ ਬਚਣਾ ਚਾਹੀਦਾ ਹੈ।
ਮਾਓ ਨੇ ਕਿਹਾ ਕਿ ਦਲਾਈ ਲਾਮਾ ਦਾ ਜਾਨਸ਼ੀਨ ਚੁਣਦੇ ਸਮੇਂ ਉਨ੍ਹਾਂ ਸਿਧਾਂਤਾਂ ਨੂੰ ਕਾਇਮ ਰੱਖਣਾ ਚਾਹੀਦਾ ਹੈ ਤੇ ਧਾਰਮਿਕ ਰਸਮਾਂ, ਇਤਿਹਾਸਕ ਰਵਾਇਤਾਂ, ਚੀਨੀ ਕਾਨੂੰਨ ਅਤੇ ਨੇਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸੇ ਦੌਰਾਨ ਇੱਕ ਸਵਾਲ ਦੇ ਜਵਾਬ ’ਚ ਮਾਓ ਨਿੰਗ ਨੇ ਕਿਹਾ ਕਿ ਦਲਾਈ ਲਾਮਾ, ਪੰਚੇਨ ਲਾਮਾ ਅਤੇ ਹੋਰ ਬੋਧੀ ਅਹੁਦਿਆਂ ’ਤੇ ਹਸਤੀਆਂ ਦੀ ਚੋਣ ਲਈ ਚੀਨ ਸਰਕਾਰ ਤੋਂ ਪ੍ਰਵਾਨਗੀ ਲਈ ਜਾਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਚੀਨੀ ਸਰਕਾਰ ਧਾਰਮਿਕ ਮਨੌਤਾਂ ਦੀ ਆਜ਼ਾਦੀ ਦੀ ਨੀਤੀ ’ਤੇ ਚੱਲਦੀ ਹੈ ਪਰ ਦਲਾਈ ਲਾਮਾ ਦੀ ਚੋਣ ਦੇ ਮੁੱਦੇ ’ਤੇ ਕੁਝ ਨਿਯਮ ਹਨ, ਜਿਨ੍ਹਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਅੱਜ ਭਾਰਤ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਦੁਹਰਾਇਆ ਕਿ ਦਲਾਈ ਲਾਮਾ ਦੇ ਸਾਰੇ ਪੈਰੋਕਾਰ ਚਾਹੁੰਦੇ ਹਨ ਕਿ ਤਿੱਬਤੀ ਧਾਰਮਿਕ ਆਗੂ ਆਪਣੇ ਜਾਨਸ਼ੀਨ ਦਾ ਫ਼ੈਸਲਾ ਖ਼ੁਦ ਕਰਨ। ਰਿਜਿਜੂ ਨੇ ਹਾਲਾਂਕਿ ਸਪੱਸ਼ਟ ਕੀਤਾ ਕਿ ਉਹ ਇਹ ਟਿੱਪਣੀ ਭਾਰਤ ਸਰਕਾਰ ਵੱਲੋਂ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਟਿੱਪਣੀ ਚੀਨ ਵੱਲੋਂ ਦਲਾਈ ਲਾਮਾ ਦੇ ਉੱਤਰਾਧਿਕਾਰੀ ਦੀ ਯੋਜਨਾ ਨੂੰ ਖਾਰਜ ਕਰਨ ਸਬੰਧੀ ਬਿਆਨ ਦੇ ਜਵਾਬ ’ਚ ਨਹੀਂ ਹੈ। ਕਿਰਨ ਰਿਜਿਜੂ ਨੇ ਕਿਹਾ, ‘‘ਦਲਾਈ ਲਾਮਾ ਦੇ ਮੁੱਦੇ ’ਤੇ ਕਿਸੇ ਵੀ ਭੰਬਲਭੂਸੇ ਦੀ ਲੋੜ ਨਹੀਂ ਹੈ। ਦੁਨੀਆ ਭਰ ’ਚ ਬੁੱਧ ਧਰਮ ਨੂੰ ਮੰਨਣ ਵਾਲੇ ਅਤੇ ਦਲਾਈ ਲਾਮਾ ਦੇ ਪੈਰੋਕਾਰ ਚਾਹੁੰਦੇ ਹਨ ਕਿ ਉਹ (ਆਪਣੇ ਜਾਨਸ਼ੀਨ ਬਾਰੇ) ਫ਼ੈਸਲਾ ਕਰਨ। ਮੈਨੂੰ ਜਾਂ ਸਰਕਾਰ ਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਹੈ। ਅਗਲਾ ਦਲਾਈ ਲਾਮਾ ਕੌਣ ਹੋਵੇਗਾ, ਇਸ ਦਾ ਫ਼ੈਸਲਾ ਉਨ੍ਹਾਂ ਵੱਲੋਂ ਹੀ ਕੀਤਾ ਜਾਵੇਗਾ।’’ ਇਸ ਮੁੱਦੇ ’ਤੇ ਚੀਨ ਦੇ ਬਿਆਨ ਬਾਰੇ ਸਵਾਲ ’ਤੇ ਉਨ੍ਹਾਂ ਕਿਹਾ, ‘‘ਮੈਂ, ਚੀਨ ਦੇ ਬਿਆਨ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ।’’ -ਪੀਟੀਆਈ
ਦਲਾਈ ਲਾਮਾ ਦਾ 90ਵਾਂ ਜਨਮ ਦਿਨ ਮਨਾਉਣ ਲਈ ਮੈਕਲੌਡਗੰਜ ਤਿਆਰ
ਧਰਮਸ਼ਾਲਾ (ਹਿਮਾਚਲ ਪ੍ਰਦੇਸ਼): ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਦਾ 90ਵਾਂ ਜਨਮ ਦਿਨ ਮਨਾਉਣ ਲਈ ਪਹਾੜੀ ਕਸਬੇ ਮੈਕਲੌਡਗੰਜ ਦੇ ਤਸੁਗਲਗਖਾਂਗ ਸਥਿਤ ਮੁੱਖ ਦਲਾਈ ਲਾਮਾ ਮੰਦਰ ਤਿਆਰ ਹੈ, ਜਿੱਥੇ 30 ਜੂਨ ਤੋਂ ਸਮਾਗਮ ਚੱਲ ਰਹੇ ਹਨ। ਛੇ ਜੁਲਾਈ ਨੂੰ 14ਵੇਂ ਦਲਾਈ ਲਾਮਾ ਦਾ 90ਵਾਂ ਜਨਮ ਦਿਨ ‘ਦਇਆ ਦੇ ਸਾਲ’ ਦੀ ਸ਼ੁਰੂਆਤ ਨਾਲ ਮਨਾਇਆ ਜਾਵੇਗਾ। ਵਿਸ਼ੇਸ਼ ਸਮਾਗਮ ’ਚ ਕੇਂਦਰੀ ਮੰਤਰੀ ਕਿਰਨ ਰਿਜਿਜੂ, ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ, ਸਿੱਕਿਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਅਤੇ ਹੌਲੀਵੁੱਡ ਅਦਾਕਾਰ ਰਿਚਰਡ ਗੇਰੇ ਹਾਜ਼ਰੀ ਲਵਾਉਣਗੇੇ। ਹਿਮਾਚਲ ਪ੍ਰਦੇਸ਼ ਦੇ ਇਸ ਕਸਬੇ ਨੂੰ ‘ਮਿੰਨੀ ਲਹਾਸਾ’ ਦੇ ਨਾਮ ਵੀ ਜਾਣਿਆ ਜਾਂਦਾ ਹੈ, ਜੋ ਦਲਾਈ ਲਾਮਾ ਦੇ ਜਾਨਸ਼ੀਨ ਸੰਭਾਵੀ ਐਲਾਨ ਦੇ ਮੱਦੇਨਜ਼ਰ ਸਾਰਿਆਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। -ਪੀਟੀਆਈ