ਤਿੰਨ ਨੌਜਵਾਨਾਂ ਕੋਲੋਂ ਚੋਰੀ ਦੇ ਮੋਟਰਸਾਈਕਲ ਬਰਾਮਦ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 1 ਜੂਨ
ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਗੈਰ-ਕਾਨੂੰਨੀ ਕੰਮ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਚੋਰੀ ਦੀਆਂ ਵਾਰਦਾਤਾਂ ਰੋਕਣ ਲਈ ਗੁਰਪ੍ਰਤਾਪ ਸਿੰਘ ਉਪ ਕਪਤਾਨ ਪੁਲੀਸ ਦਿਹਾਤੀ ਜ਼ਿਲ੍ਹਾ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਮੁੱਖ ਅਫਸਰ ਥਾਣਾ ਜੁਲਕਾਂ ਦੀ ਨਿਗਰਾਨੀ ਹੇਠ ਬੀਤੇ ਦਿਨ ਸਬ ਇੰਸਪੈਕਟਰ ਜਸਵੀਰ ਸਿੰਘ ਥਾਣਾ ਜੁਲਕਾਂ ਸਮੇਤ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿਚ ਘੱਗਰ ਪੁਲ ਦੇਵੀਗੜ੍ਹ ਮੌਜੂਦ ਸੀ ਤਾਂ ਗੁਪਤ ਇਤਲਾਹ ਮਿਲੀ ਸੀ ਕਿ ਬੰਟੀ ਰਾਮ ਵਾਸੀ ਪਿੰਡ ਘਨੌਰੀ ਖੇੜਾ ਥਾਣਾ ਘਨੌਰ ਜ਼ਿਲ੍ਹਾ ਪਟਿਆਲਾ, ਸੋਨੀ, ਭੁਪਿੰਦਰ ਸਿੰਘ ਵਾਸੀਆਨ ਪਿੰਡ ਗੁਥਮੜਾ ਥਾਣਾ ਜੁਲਕਾਂ ਜ਼ਿਲ੍ਹਾ ਪਟਿਆਲਾ ਚੋਰੀ ਕਰਨ ਦੇ ਆਦੀ ਹਨ ਅਤੇ ਰਾਮਨਗਰ ਚੁੰਨੀਵਾਲਾ ਪਾਸੇ ਤੋਂ ਚੋਰੀ ਦਾ ਮੋਟਰਸਾਈਕਲ ਲੈ ਕੇ ਆ ਰਹੇ ਹਨ। ਇਸ ਮਗਰੋਂ ਸਹਾਇਕ ਥਾਣੇਦਾਰ ਜਸਵੀਰ ਸਿੰਘ ਵੱਲੋਂ ਚੈਕਿੰਗ ਕਰਕੇ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਤੇ ਪੁੱਛ-ਪੜਤਾਲ ਦੌਰਾਨ ਪੱਤਾ ਲੱਗਾ ਕਿ ਉਨ੍ਹਾਂ ਵੱਲੋਂ ਆਪਣੇ ਹੋਰ ਸਾਥੀਆਂ ਨਾਲ ਮਿਲਕੇ 5 ਮੋਟਰਸਾਈਕਲ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਗਏ ਸਨ, ਜਿਨ੍ਹਾਂ ’ਚੋਂ ਤਿੰਨ ਮੋਟਰਸਾਇਕਲ ਬਰਾਮਦ ਕਰ ਲਏ ਗਏ ਹਨ ਤੇ ਬਾਕੀ ਦੇ ਮੋਟਰਸਾਈਕਲ ਉਕਤ ਮੁਲਜ਼ਮਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਬਰਾਮਦ ਕੀਤੇ ਜਾਣਗੇ। ਇਸ ਸਬੰਧੀ ਥਾਣਾ ਜੁਲਕਾਂ ਵਿੱਚ ਕੇਸ ਦਰਜ ਕੀਤਾ ਗਿਆ ਹੈ।