For the best experience, open
https://m.punjabitribuneonline.com
on your mobile browser.
Advertisement

ਤਿੰਨ ਨਵੇਂ ਸਬਕ ਤੇ ਟਰੰਪ ਦੀ ਭੂਮਿਕਾ

04:07 AM May 19, 2025 IST
ਤਿੰਨ ਨਵੇਂ ਸਬਕ ਤੇ ਟਰੰਪ ਦੀ ਭੂਮਿਕਾ
Advertisement

ਜਯੋਤੀ ਮਲਹੋਤਰਾ

Advertisement

ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਪਿਛਲੇ ਹਫ਼ਤੇ ਭਾਰਤ-ਪਾਕਿਸਤਾਨ ਟਕਰਾਅ ’ਚ ਅਮਰੀਕਾ ਵੱਲੋਂ ਕਦੇ ਵੀ ਵਿਚੋਲਗੀ ਨਾ ਕਰਨ ਸਬੰਧੀ ਛੇ ਨੁਕਤਿਆਂ ਦਾ ਜਵਾਬ ਜਾਰੀ ਕਰਨ ਦੇ ਕੁਝ ਘੰਟਿਆਂ ਬਾਅਦ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਛੇਵੀਂ ਵਾਰ (ਲੜਾਈ ਸ਼ੁਰੂ ਹੋਣ ਤੋਂ ਬਾਅਦ) ਇਹ ਜ਼ੋਰ ਦੇ ਕੇ ਕਿਹਾ ਕਿ ਉਸ ਨੇ ਵਿਚੋਲਗੀ ਕੀਤੀ ਸੀ।
ਆਪਣੇ ਖਾੜੀ ਦੌਰੇ ਦੇ ਆਖ਼ਿਰੀ ਪੜਾਅ ਵਿੱਚ ਟਰੰਪ ਨੇ ਕਤਰ ਦੇ ਅਲ-ਉਦੀਦ ਏਅਰਬੇਸ ’ਤੇ ਅਮਰੀਕੀ ਸੈਨਿਕਾਂ ਨਾਲ ਗੱਲਬਾਤ ਕਰਦਿਆਂ ਵੀਰਵਾਰ ਨੂੰ ਕਿਹਾ, “... ਉਂਝ, ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਮੈਂ ਇਹ ਕੀਤਾ, ਪਰ ਮੈਂ ਪਿਛਲੇ ਹਫ਼ਤੇ ਪਾਕਿਸਤਾਨ ਤੇ ਭਾਰਤ ਵਿਚਲੀ ਸਮੱਸਿਆ ਨੂੰ ਹੱਲ ਕਰਨ ’ਚ ਮਦਦ ਜ਼ਰੂਰ ਕੀਤੀ, ਜੋ ਬਦ ਤੋਂ ਬਦਤਰ ਹੋ ਰਹੀ ਸੀ।” ਇਹ ਮੁੜਦੇ-ਮੁੜਦੇ ਤਿੱਖੀ ਤੇ ਆਖ਼ਿਰੀ ਟਿੱਪਣੀ ਕਰਨ ਵਰਗਾ ਸੀ। ਮੈਂ ਤੁਹਾਨੂੰ ਦੱਸ ਰਹੀ ਹਾਂ, ਉਹ ਕਹਿ ਰਿਹਾ ਸੀ ਕਿ ਮੈਂ ਉਹ ਬੰਦਾ ਹਾਂ ਜਿਸ ਨੇ ਪਰਮਾਣੂ ਯੁੱਧ ਟਾਲਿਆ।
ਹੁਣ ਤੁਸੀਂ ਭਾਵੇਂ ਇਸ ਤੋਂ ਇਨਕਾਰੀ ਹੋ ਸਕਦੇ ਹੋ ਜਾਂ ਅਮਰੀਕੀ ਰਾਸ਼ਟਰਪਤੀ ਦੀ ਗੱਲ ’ਤੇ ਵਿਸ਼ਵਾਸ ਵੀ ਕਰ ਸਕਦੇ ਹੋ, ਜਿਸ ਦਾ ਅਸਲ ’ਚ ਅਰਥ ਹੈ ਕਿ ਇਸ ਸਭ ਲਈ ਸ਼ਕਤੀਸ਼ਾਲੀ ਤੀਜੀ ਧਿਰ (ਟਰੰਪ) ਦੀ ਲੋੜ ਸੀ- ਜਿਸ ਦਾ ਨਵੀਂ ਦਿੱਲੀ ਤੇ ਇਸਲਾਮਾਬਾਦ, ਦੋਵਾਂ ਵਿੱਚ ਬਰਾਬਰ ਰਸੂਖ ਹੋਵੇ ਤਾਂ ਜੋ ਦੋਵਾਂ ਨੂੰ ਦੁਬਾਰਾ ਇੱਕ ਦੂਜੇ ’ਤੇ ਚੜ੍ਹਾਈ ਕਰਨ ਤੇ ‘ਹਜ਼ਾਰ ਸਾਲ’ ਪੁਰਾਣੀ ਜੰਗ ਨੂੰ ਰੋਕਿਆ ਜਾ ਸਕੇ।
ਇਸ ਕਹਾਣੀ ਦੇ ਤਿੰਨ ਹੋਰ ਸਬਕ ਹਨ। ਪਹਿਲੇ ਦਾ ਅਹਿਸਾਸ ਉਦੋਂ ਹੋਇਆ ਜਦੋਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀਰਵਾਰ ਸ਼ਾਮ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁੱਤਾਕੀ ਨਾਲ ਫੋਨ ’ਤੇ ਗੱਲ ਕੀਤੀ। ਇਹ ਕਿਸੇ ਨੂੰ ਨਹੀਂ ਪਤਾ ਕਿ ਕਿਸ ਨੇ ਕਿਸ ਨੂੰ ਫੋਨ ਲਾਇਆ, ਪਰ ਵਿਦੇਸ਼ ਮੰਤਰਾਲੇ ਨੇ ਇਹ ਜ਼ਰੂਰ ਦੱਸਿਆ ਕਿ ਜੈਸ਼ੰਕਰ ਨੇ ਪਹਿਲਗਾਮ ਕਤਲੇਆਮ ਦੀ ਮੁੱਤਾਕੀ ਵੱਲੋਂ ਪਹਿਲਾਂ ਕੀਤੀ ਆਲੋਚਨਾ ਦੀ ਸ਼ਲਾਘਾ ਕੀਤੀ।
ਪਹਿਲਾ (ਆਖ਼ਿਰੀ ਤਿੰਨਾਂ ਵਿੱਚੋਂ) ਸਬਕ ਇਹ ਨਹੀਂ ਹੈ ਕਿ ਜੈਸ਼ੰਕਰ ਅਤੇ ਮੁੱਤਾਕੀ ਨੇ ਇੱਕ ਦੂਜੇ ਨਾਲ ਗੱਲ ਕੀਤੀ; ਭਾਵ, ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਇੱਕ ਨੇਤਾ ਨੇ ਅਜਿਹੇ ਸ਼ਖ਼ਸ ਨਾਲ ਗੱਲ ਕੀਤੀ ਜੋ ਇੱਕ ਦੇਸ਼ ਤੱਕ ਦੀ ਵੀ ਪ੍ਰਤੀਨਿਧਤਾ ਨਹੀਂ ਕਰਦਾ, ਜੋ ਸਿਰਫ਼ ਅਜੇ ਇੱਕ ਸ਼ਾਸਨ ਹੀ ਹੈ, ਜਾਂ ਫਿਰ ਇਹ ਕਿ ਉਸ ਨੇ ਅਜਿਹਾ ਸ਼ਰ੍ਹੇਆਮ ਕੀਤਾ।
ਇੱਥੇ ਸਬਕ ਇਹ ਹੈ ਕਿ ਨਵੀਂ ਦਿੱਲੀ ਨੂੰ ਇਸ ਗੱਲ ਦੀ ਕੋਈ ਖ਼ਾਸ ਪਰਵਾਹ ਨਹੀਂ ਸੀ ਕਿ ਤਾਲਿਬਾਨ ਸ਼ਾਸਨ ਨਾਲ ਗੱਲ ਕਰਨ ਲਈ ਉਸ ਦੀ ਆਲੋਚਨਾ ਹੋਵੇਗੀ ਜਾਂ ਨਹੀਂ ਜਿਨ੍ਹਾਂ ਨੇ 15 ਅਗਸਤ 2021 ਨੂੰ ਦੂਜੀ ਵਾਰ ਸੱਤਾ ਸੰਭਾਲਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਹਰ ਨਿਯਮ ਦੀ ਉਲੰਘਣਾ ਹੀ ਕੀਤੀ ਹੈ।
ਅਸਲ ਗੱਲ ਇਹ ਹੈ ਕਿ ਜੈਸ਼ੰਕਰ ਟਰੰਪ ਦੀ ਉਦਾਹਰਨ ਨੂੰ ਹੀ ਦੁਹਰਾ ਰਹੇ ਹਨ। ਉਹ ਇਹ ਹੈ ਕਿ ਜੇ ਤੁਹਾਡੇ ਕੋਲ ਤਾਕਤ ਵਰਤਣ ਦੀ ਸਮਰੱਥਾ ਹੈ ਤਾਂ ਤੁਹਾਨੂੰ ਆਪਣਾ ਮਨ ਬਦਲਣ ਦੇ ਨਾਲ-ਨਾਲ ਆਪਣੇ ਦੇਸ਼ ਦੀ ਨੀਤੀ ਦੀ ਦਿਸ਼ਾ ਬਦਲਣ ਦਾ ਗ਼ਰੂਰ ਕਰਨ ਲਈ ਵੀ ਮੁਆਫ਼ ਕਰ ਦਿੱਤਾ ਜਾਵੇਗਾ।
ਜ਼ਰਾ ਟਰੰਪ ਨੂੰ ਦੇਖੋ। ਉਹ ਆਪਣੇ ਦੇਸ਼ ਦੇ ਕੱਟੜ ਦੁਸ਼ਮਣ ਵਲਾਦੀਮੀਰ ਪੂਤਿਨ ਨਾਲ ਚੰਗੇ ਰਿਸ਼ਤੇ ਬਣਾ ਰਿਹਾ ਹੈ; ਇਸ ਹਫ਼ਤੇ ਦੇ ਸ਼ੁਰੂ ਵਿੱਚ ਰਿਆਧ ਵਿੱਚ ਉਸ ਨੇ ਅਲ-ਕਾਇਦਾ ਦੇ ਨਵੇਂ ਸਹਿਯੋਗੀ ਨਾਲ ਹੱਥ ਮਿਲਾਇਆ ਜੋ ਹੁਣ ਸੀਰੀਆ ’ਤੇ ਰਾਜ ਕਰ ਰਿਹਾ ਹੈ; ਤੇ ਕਤਰ, ਜੋ ਕੱਟੜ ਇਸਲਾਮਿਕ ਮੁਸਲਿਮ ਬ੍ਰਦਰਹੁੱਡ ਸਮੂਹ ਦਾ ਟਿਕਾਣਾ ਹੈ, ਵਿੱਚ ਉਸ ਨੇ ਸਾਰੇ ਸੰਕੇਤ ਨਜ਼ਰਅੰਦਾਜ਼ ਕਰ ਦਿੱਤੇ ਕਿਉਂਕਿ ਅਲ-ਥਾਨੀ ਸ਼ੇਖਾਂ ਨੇ ਉਸ ਨੂੰ ਸ਼ਾਨਦਾਰ ਸਵਾਗਤ ਨਾਲ ਖ਼ੁਸ਼ ਕੀਤਾ ਜਿਸ ਵਿੱਚ ਅਮਰੀਕੀ ਰਾਸ਼ਟਰਪਤੀ ਦੀ ਵਰਤੋਂ ਲਈ 400 ਮਿਲੀਅਨ ਡਾਲਰ ਦਾ ਜਹਾਜ਼ ਤੋਹਫ਼ੇ ਵਿੱਚ ਸ਼ਾਮਿਲ ਸੀ।
ਜਦੋਂ ਟਰੰਪ ਨੇ ਕਤਰੀ ਕਾਰੋਬਾਰੀਆਂ ’ਚ ਬੈਠਿਆਂ ਭਾਰਤ ਵਿੱਚ ਆਈਫੋਨ ਬਣਾਉਣ ਵਾਲੇ ‘ਐਪਲ’ ਦੇ ਸੀਈਓ ਟਿਮ ਕੁੱਕ ਨਾਲ ਆਪਣੀ ਸ਼ਿਕਾਇਤ ਦਾ ਜ਼ਿਕਰ ਕੀਤਾ (“ਮੈਂ ਉਸ ਨੂੰ ਕਿਹਾ, ‘ਮੇਰੇ ਦੋਸਤ, ਮੈਂ ਤੁਹਾਡੇ ਨਾਲ ਬਹੁਤ ਵਧੀਆ ਵਰਤ ਰਿਹਾ ਹਾਂ... ਪਰ ਹੁਣ ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਭਾਰਤ ਵਿੱਚ ਆਈਫੋਨ ਬਣਾ ਰਹੇ ਹੋ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਭਾਰਤ ਵਿੱਚ ਫੋਨ ਬਣਾਓ...”) ਤਾਂ ਨਵੀਂ ਦਿੱਲੀ ਨੇ ਇਸ ’ਤੇ ਸਿੱਧੀ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੀ ਬਜਾਏ, ਭਾਰਤ ਸਰਕਾਰ ਨੇ ‘ਐਪਲ’ ਨਿਰਮਾਤਾਵਾਂ ਨੂੰ ਪੁੱਛਿਆ, ਜਿਨ੍ਹਾਂ ਭਰੋਸਾ ਦਿਵਾਇਆ ਕਿ ਕੁੱਕ ਭਾਰਤ ਵਿੱਚ ਫੈਕਟਰੀਆਂ ਸਥਾਪਤ ਕਰਨ ਦੀ ਆਪਣੀ ਯੋਜਨਾ ਨੂੰ ਜ਼ਰੂਰ ਜਾਰੀ ਰੱਖੇਗਾ।
ਪੁਰਾਣੇ, ਮਾੜੇ ਦਿਨ ਹੁੰਦੇ ਤਾਂ ਅਮਰੀਕਾ ਦੇ ਰਾਸ਼ਟਰਪਤੀ ਵਰਗਾ ਕੋਈ ਸ਼ਕਤੀਸ਼ਾਲੀ ਸ਼ਖ਼ਸ ਅਜਿਹੀਆਂ ਗੱਲਾਂ ਕਰਦਾ ਤਾਂ ਨਵੀਂ ਦਿੱਲੀ ਹਿੱਲ ਜਾਂਦੀ। ਪਰ ਭਾਰਤ ਆਪਣੇ ਆਪ ਨੂੰ ਸੰਭਾਲਣਾ ਸਿੱਖ ਰਿਹਾ ਹੈ, ਚੀਨ ਤੇ ਅਮਰੀਕਾ ਵਰਗੀਆਂ ਕਿਤੇ ਵੱਧ ਸ਼ਕਤੀਸ਼ਾਲੀ ਅਰਥਵਿਵਸਥਾਵਾਂ ਦੇ ਸਾਹਮਣੇ ਜੋ ਅਜਿਹਾ ਸੌਦਾ ਕਰ ਰਹੀਆਂ ਹਨ ਜਿਹੜਾ ਉਨ੍ਹਾਂ ਦੇ ਆਪਣੇ ਟੈਰਿਫ ਨੂੰ ਘਟਾਉਂਦਾ ਹੈ ਪਰ ਜਿਸ ਦਾ ਭਾਰਤ ਦੀ ਬਰਾਮਦ ’ਤੇ ਅਸਰ ਪੈਣਾ ਲਾਜ਼ਮੀ ਹੈ।
ਦਰਅਸਲ ਇਸ ਹਫ਼ਤੇ, ਭਾਰਤ ਨੇ ਰਾਜਨੀਤੀ ਦੀ ਕਿਤਾਬ ਦਾ ਸਭ ਤੋਂ ਪੁਰਾਣਾ ਸਿਧਾਂਤ ਮੁੜ ਸਿੱਖਿਆ ਹੈ- ਕੋਈ ਵੀ ਸਥਾਈ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਸਿਰਫ਼ ਹਿੱਤ ਸਥਾਈ ਹੁੰਦੇ ਹਨ। ਕੱਲ੍ਹ ਦੀ ਅਖ਼ਬਾਰ ਵਾਂਗ ਜੋ ਅੱਜ ਦੀ ਰੱਦੀ ਹੈ, ਪਿਛਲੇ ਹਫ਼ਤੇ ਦੇ ਪੱਕੇ ਦੋਸਤ ਅੱਜ ਦੂਰ ਦੇ ਰਿਸ਼ਤੇਦਾਰ ਹੋ ਸਕਦੇ ਹਨ।
ਇਸ ਲਈ ‘ਅਬ ਕੀ ਬਾਰ ਟਰੰਪ ਸਰਕਾਰ’ ਹੁਣ ਬੀਤੇ ਦੀ ਗੱਲ ਹੈ। ਅਜੋਕੇ ਦੌਰ ’ਚ ਬਚਾਅ ‘ਐਪਲ’ ਨੂੰ ਆਪਣੇ ਨਾਲ ਰੱਖਣ ਨਾਲ ਹੋਵੇਗਾ, ਕਿਉਂਕਿ ਇਹ ਕੰਪਨੀ ਐਨੀ ਤਾਕਤਵਰ ਹੈ ਕਿ ਟਰੰਪ ਕੋਲ ਵੀ ਟਿਮ ਕੁੱਕ ਨੂੰ ਨਾਲ ਲੈ ਕੇ ਚੱਲਣ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ।
ਰਹੀ ਗੱਲ ਭਾਰਤ ਤੇ ਪਾਕਿਸਤਾਨ ਵਿਚਕਾਰ ‘ਵਿਚੋਲਗੀ’ ਦਾ ਸਿਹਰਾ ਟਰੰਪ ਵੱਲੋਂ ਲੈਣ ਦੀ, ਹੁਣ ਇਹ ਗੱਲ ‘ਦਿ ਨਿਊਯਾਰਕ ਟਾਈਮਜ਼’ ਵੀ ਮੰਨਦਾ ਹੈ ਕਿ ਭਾਰਤ ਨੇ ਪਾਕਿਸਤਾਨੀ ਟਿਕਾਣਿਆਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ। ਰਹੀ ਗੱਲ ਸੰਘਰਸ਼ ’ਚ ਪਾਕਿਸਤਾਨ ਵੱਲੋਂ ‘ਜਿੱਤ’ ਦਾ ਜਸ਼ਨ ਮਨਾਉਣ ਦੀ, ਸ਼ਾਇਦ ਨਾ ਤਾਂ ਟਰੰਪ ਤੇ ਨਾ ਹੀ ਪਾਕਿਸਤਾਨੀਆਂ ਨੇ ਇਹ ਗ਼ੌਰ ਕੀਤਾ ਹੈ ਕਿ ਭਾਰਤੀ ਮਿਜ਼ਾਇਲਾਂ ਨੇ 11 ਪਾਕਿਸਤਾਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਉਦੋਂ ਹੀ ਪਾਕਿਸਤਾਨੀਆਂ ਨੇ ਅਮਰੀਕੀ ਰਾਸ਼ਟਰਪਤੀ ਕੋਲ ਦੁਹਾਈ ਪਾਈ ਤੇ ਇਸ ਨੂੰ ਬੰਦ ਕਰਾਉਣ ਦੀ ਬੇਨਤੀ ਕੀਤੀ।
ਜਾਂ ਹੋ ਸਕਦਾ ਹੈ, ਟਰੰਪ ਨੇ ਧਿਆਨ ਦਿੱਤਾ ਵੀ ਹੋਵੇ- ਬੱਸ ਇਹ ਹੈ ਕਿ ਉਹ ਹੁਣ ਕਿਸੇ ਹੋਰ ਚੀਜ਼ ਵੱਲ ਵਧ ਗਿਆ ਹੈ, ਇਸ ਵਾਰ ਨਵਜੰਮੇ ਪੋਤੇ ਦਾ ਜਸ਼ਨ ਮਨਾਉਣ ਵੱਲ।
ਤੀਜਾ ਸਬਕ ਇਹ ਹੈ ਕਿ ਸੱਤਾ ਦੇ ਆਪਣੇ ਤਿੰਨ ਮਹੀਨਿਆਂ ਵਿੱਚ ਟਰੰਪ ਅੱਧੀ ਦੁਨੀਆ ਨੂੰ ਦੁਸ਼ਮਣ ਬਣਾਉਣ ’ਚ ਸਫਲ ਹੋਇਆ ਹੈ। ਇਹ ਤੱਥ ਕਿ ਉਹ ਚੀਨ ਨੂੰ ਮਿੱਟੀ ’ਚ ਮਿਲਾਉਣ ਦੇ ਆਪਣੇ ਹੀ ਵਾਅਦਿਆਂ ਤੋਂ ਪਿੱਛੇ ਹਟ ਗਿਆ- ਕਿਉਂਕਿ ਉਸ ਦੇ ਆਪਣੇ ਦੇਸ਼ ਦੇ ਕਾਰੋਬਾਰੀ ਗਰੁੱਪ ਚੀਨ ਵਿੱਚ ਚੀਜ਼ਾਂ ਬਣਾ ਕੇ ਵੱਡਾ ਮੁਨਾਫ਼ਾ ਖੱਟਦੇ ਹਨ। ਉਨ੍ਹਾਂ ਉਸ ਨੂੰ ਜ਼ਰੂਰ ਦੱਸਿਆ ਹੋਵੇਗਾ ਕਿ ਉੱਚੇ ਟੈਕਸ ਸਿਰਫ਼ ਤੇ ਸਿਰਫ਼ ਅਮਰੀਕੀ ਗਾਹਕਾਂ ਨੂੰ ਹੀ ਨੁਕਸਾਨ ਪਹੁੰਚਾਉਣਗੇ- ਇਸ ਸਭ ’ਚੋਂ ਕੇਵਲ ਇਹੀ ਝਲਕਿਆ ਹੈ ਕਿ ਜਦੋਂ ਤੁਸੀਂ ਐਨੇ ਤਾਕਤਵਰ ਹੁੰਦੇ ਹੋ ਤਾਂ ਅਜਿਹੀਆਂ ਗੱਲਾਂ ਸੋਭਦੀਆਂ ਨਹੀਂ।
ਜੈਸ਼ੰਕਰ-ਮੁੱਤਾਕੀ ਦੀ ਗੱਲਬਾਤ ਬਾਰੇ ਇਹ ਤੱਥ ਵੀ ਕਿਸੇ ਤੋਂ ਲੁਕਿਆ ਹੋਇਆ ਨਹੀਂ ਕਿ ਇਹ ਅਪਰੇਸ਼ਨ ਸਿੰਧੂਰ ਖ਼ਤਮ ਹੋਣ ਦੇ ਬਿਲਕੁਲ ਨੇੜੇ ਹੋਈ ਹੈ ਜਾਂ ਪਾਕਿਸਤਾਨ ਤੇ ਅਫ਼ਗਾਨਿਸਤਾਨ ਕੁਝ ਸਮੇਂ ਤੋਂ ਇੱਕ ਦੂਜੇ ਦੇ ਖ਼ਿਲਾਫ਼ ਖੜ੍ਹੇ ਹਨ।
ਅਸਲ ਗੱਲ ਇਹ ਹੈ ਕਿ ਭਾਰਤ ਕੁਝ ਸਮੇਂ ਤੋਂ ਤਾਲਿਬਾਨ ਨੂੰ ਲੁਭਾ ਰਿਹਾ ਹੈ, ਲਗਭਗ ਉਦੋਂ ਤੋਂ ਹੀ ਜਦੋਂ 2021 ਵਿੱਚ ਭਾਰਤ ਦੀ ਆਜ਼ਾਦੀ ਦੀ ਵਰ੍ਹੇਗੰਢ ਮੌਕੇ ਉਸ ਨੇ ਕਾਬੁਲ ’ਤੇ ਕਬਜ਼ਾ ਕੀਤਾ ਸੀ। ਇੱਕ ਸਾਲ ਬਾਅਦ ਕਾਬੁਲ ਦੇ ਦੌਰੇ ’ਤੇ ਇਹ ਸਾਫ਼ ਦਿਖਾਈ ਦੇ ਰਿਹਾ ਸੀ ਕਿ ਕਦੇ ਸਲਾਹਕਾਰ ਤੇ ਸਰਪ੍ਰਸਤ ਰਹੀ ਪਾਕਿਸਤਾਨੀ ਫ਼ੌਜ ਪ੍ਰਤੀ ਤਾਲਿਬਾਨ ਦੇ ਸਬਰ ਦਾ ਪਿਆਲਾ ਪਹਿਲਾਂ ਹੀ ਛਲਕ ਰਿਹਾ ਸੀ।
ਜਦੋਂ ਤੱਕ 9/11 ਮਗਰੋਂ ਪੱਛਮੀ ਦੇਸ਼ਾਂ ਨੇ ਅਫ਼ਗਾਨਿਸਤਾਨ ’ਤੇ ਮੁੜ ਕਬਜ਼ਾ ਨਹੀਂ ਕੀਤਾ, ਆਈਐੱਸਆਈ ਨੇ ਤਾਲਿਬਾਨ ਨੂੰ ਕਿਵੇਂ ਜਿੱਤਿਆ ਤੇ ਪਾਲਿਆ; ਫਿਰ ਆਈਐੱਸਆਈ ਨੇ 20 ਸਾਲਾਂ ਤੱਕ ਕਿਵੇਂ ਇੰਤਜ਼ਾਰ ਕੀਤਾ ਤੇ ਅਫ਼ਗਾਨਿਸਤਾਨ ਨੂੰ ਅਮਰੀਕੀਆਂ ਤੇ ਉਸ ਦੇ ਨਾਟੋ ਸਹਿਯੋਗੀਆਂ ਤੋਂ ਖੋਹਣ ਵਿੱਚ ਮੁੜ ਤਾਲਿਬਾਨ ਦੀ ਮਦਦ ਕਿਵੇਂ ਕੀਤੀ- ਇਹ ਕਹਾਣੀ ਕਦੇ ਫਿਰ ਸਹੀ।
ਇਸ ਹਫ਼ਤੇ ਰਾਜਨੀਤੀ ਤੇ ਕੂਟਨੀਤੀ ਦੇ ਇਸ ਮੁਕਾਬਲੇ ’ਚ ਟਰੰਪ ਸਤਲੁਜ ਵਾਂਗ ਤੇਜ਼ੀ ਨਾਲ ਆਪਣਾ ਰੁਖ਼ ਬਦਲ ਰਿਹਾ ਹੈ ਅਤੇ ਬਾਕੀ ਦੁਨੀਆ ਵੀ ਆਪਣੇ ਆਪ ਨੂੰ ਮੁੜ ਵਿਵਸਥਿਤ ਕਰ ਰਹੀ ਹੈ। ਭਾਰਤ ਨੇ ਆਖ਼ਿਰ ਤਾਲਿਬਾਨ ਨੂੰ ਕਿਵੇਂ ਪ੍ਰਭਾਵਿਤ ਕੀਤਾ, ਇਹੀ ਕਹਾਣੀ ਸ਼ਾਇਦ ਸਭ ਤੋਂ ਦਿਲਚਸਪ ਹੈ।
*ਲੇਖਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹਨ।

Advertisement
Advertisement

Advertisement
Author Image

Jasvir Samar

View all posts

Advertisement