ਤਿਲੰਗਾਨਾ ਦੀ ਸੁਰੰਗ ’ਚ ਫੌਤ ਹੋਏ ਗੁਰਪ੍ਰੀਤ ਸਿੰਘ ਦਾ ਸਸਕਾਰ
ਗੁਰਬਖਸ਼ਪੁਰੀ
ਤਰਨ ਤਾਰਨ, 12 ਮਾਰਚ
ਤਿਲੰਗਾਨਾ ਅੰਦਰ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਸੁਰੰਗ ਦੀ ਖੁਦਾਈ ਦੌਰਾਨ ਇੱਕ ਹਿੱਸਾ ਡਿੱਗਣ ਕਾਰਨ ਫੌਤ ਹੋਏ ਜ਼ਿਲ੍ਹੇ ਦੇ ਸਰਹੱਦੀ ਪਿੰਡ ਚੀਮਾ ਕਲਾਂ ਦੇ ਵਾਸੀ ਗੁਰਪ੍ਰੀਤ ਸਿੰਘ (40) ਦਾ ਅੱਜ ਉਸ ਦੇ ਜੱਦੀ ਵਿੱਚ ਸਸਕਾਰ ਕੀਤਾ ਗਿਆ| ਗੁਰਪ੍ਰੀਤ ਸਿੰਘ ਦੀ ਲਾਸ਼ ਬੀਤੀ ਦੇਰ ਰਾਤ ਕਰੀਬ ਥਾਣਾ ਸਰਾਏ ਅਮਾਨਤ ਖਾਂ ਵਿੱਚ ਪਹੁੰਚ ਗਈ ਸੀ ਜਿਸ ਨੂੰ ਅੱਜ ਥਾਣਾ ਤੋਂ ਪੁਲੀਸ ਦੀ ਸਖਤ ਨਿਗਰਾਨੀ ਹੇਠ ਪਿੰਡ ਦੇ ਗੁਰਦੁਆਰਾ ਲਿਆਂਦਾ ਗਿਆ| ਪੁਲੀਸ ਵੱਲੋਂ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹੋਰ ਕਿਸੇ ਨੂੰ ਲਾਸ਼ ਨੇੜੇ ਨਹੀਂ ਆਉਣ ਦਿੱਤਾ ਗਿਆ| ਪਿੰਡ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਦੌਰਾਨ ਚਿਤਾ ਨੂੰ ਅਗਨੀ ਗੁਰਪ੍ਰੀਤ ਸਿੰਘ ਦੇ ਚਾਚਾ ਰੇਸ਼ਮ ਸਿੰਘ ਅਤੇ ਮ੍ਰਿਤਕ ਦੀ ਛੋਟੀ ਧੀ ਰਮਨਦੀਪ ਕੌਰ (11) ਨੇ ਦਿਖਾਈ| ਉਸ ਦੀ ਵੱਡੀ ਲੜਕੀ ਸੁਪਨਦੀਪ ਕੌਰ ਅੱਜ ਦਸਵੀਂ ਕਲਾਸ ਦਾ ਪੇਪਰ ਹੋਣ ਕਾਰਨ ਆਪਣੇ ਪਿਤਾ ਦੇ ਅੰਤਿਮ ਦਰਸ਼ਨਾਂ ਤੋਂ ਵਾਂਝੀ ਰਹਿ ਗਈ|
ਤਿਲੰਗਾਨਾ ਸਰਕਾਰ ਵੱਲੋਂ ਆਏ ਦੋ ਅਧਿਕਾਰੀਆਂ ਨੇ ਪਰਿਵਾਰ ਨੂੰ 25 ਲੱਖ ਰੁਪਏ ਦੀ ਸਹਾਇਤਾਂ ਰਾਸ਼ੀ ਦਾ ਚੈੱਕ ਦਿੱਤਾ। ਪ੍ਰਸ਼ਾਸਨ ਵੱਲੋਂ ਸ਼ਾਮਲ ਹੋਏ ਨਾਇਬ ਤਹਿਸੀਲਦਾਰ ਰਤਨਜੀਤ ਖੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਿਵਾਰ ਦੇ ਖਾਤੇ ਵਿੱਚ ਬੀਤੀ ਰਾਤ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਜਮ੍ਹਾਂ ਕਰਵਾ ਦਿੱਤੀ ਗਈ ਹੈ| ਦੁੱਖੀ ਪਰਿਵਾਰ ਨਾਲ ਖਡੂਰ ਸਾਹਿਬ ਦੇ ਲੋਕ ਸਭਾ ਮੈਂਬਰ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੀ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਆਏ|
ਮ੍ਰਿਤਕ ਗੁਰਪ੍ਰੀਤ ਸਿੰਘ ਦੇ ਚਚੇਰੇ ਭਰਾ ਪਰਗਟ ਸਿੰਘ ਨੇ ਹਲਕਾ ਵਿਧਾਇਕ ਵੱਲੋਂ ਅੱਜ ਤੱਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਨਾ ਆਉਣ ’ਤੇ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਤਿੰਨ ਹਫਤਿਆਂ ਅੰਦਰ ਇਕ ‘ਆਮ ਪਰਿਵਾਰ’ ਨਾਲ ਹਮਦਰਦੀ ਪ੍ਰਗਟ ਕਰਨ ਲਈ ਸਮਾਂ ਨਾ ਮਿਲਣ ਨੂੰ ਉਹ ਸਰਕਾਰ ਅਤੇ ਪਾਰਟੀ ਦੇ ਅਸਲੀ ਕਿਰਦਾਰ ਦੀ ਝਲਕ ਸਮਝਦੇ ਹਨ| ਜ਼ਿਕਰਯੋਗ ਹੈ ਕਿ ਤਿਲੰਗਾਨਾ ਵਿੱਚ ਇਸ ਹਾਦਸੇ ਦੌਰਾਨ ਸੁਰੰਗ ਵਿੱਚ ਫਸਣ ਕਾਰਨ ਗੁਰਪ੍ਰੀਤ ਸਿੰਘ ਸਮੇਤ ਅੱਠ ਜਣਿਆਂ ਦੀ ਮੌਤ ਹੋ ਗਈ ਸੀ। ਇਸ ਮੌਕੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੀ ਮੌਜੂਦ ਸਨ।