ਤਾਜਪੁਰ ਰੋਡ ਡੇਅਰੀ ਐਸੋਸੀਏਸ਼ਨ ਵੱਲੋਂ ਸੜਕ ਜਾਮ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਜੂਨ
ਬੁੱਢੇ ਦਰਿਆ ਦੀ ਸਫਾਈ ਦੇ ਨਾਮ ’ਤੇ ਤਾਜਪੁਰ ਰੋਡ ’ਤੇ ਸਥਿਤ ਡੇਅਰੀਆਂ ਦੇ ਗੰਦੇ ਪਾਣੀ ਨੂੰ ਬੰਦ ਕੀਤੇ ਜਾਣ ਕਾਰਨ ਗੰਦਾ ਪਾਣੀ ਤਾਜਪੁਰ ਰੋਡ ’ਤੇ ਡੇਅਰੀਆਂ ਦੀਆਂ ਗਲੀਆਂ ਵਿੱਚ ਭਰ ਗਿਆ ਹੈ। ਗੋਡਿਆਂ ਤੱਕ ਗੋਹਾ ਅਤੇ ਗੰਦੇ ਪਾਣੀ ਕਾਰਨ ਡੇਅਰੀ ਸੰਚਾਲਕਾਂ ਦੇ ਨਾਲ-ਨਾਲ ਉੱਥੇ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਵੀ ਹਾਲਤ ਮਾੜੇ ਹੋ ਗਏ ਹਨ। ਗੰਦੇ ਪਾਣੀ ਕਰਕੇ ਪਸ਼ੂਆਂ ਵਿੱਚ ਬਿਮਾਰੀ ਫੈਲਣ ਦਾ ਖ਼ਤਰਾ ਬਣਾਇਆ ਹੋਇਆ ਹੈ, ਨਾਲ ਹੀ ਉੱਥੇ ਹੀ ਮਜ਼ਦੂਰਾਂ ਦੀ ਹਾਲਤ ਵੀ ਵਿਗੜਦੀ ਜਾ ਰਹੀ ਹੈ। ਜਿਸ ਕਰਕੇ ਅੱਜ ਤਾਜਪੁਰ ਰੋਡ ਦੇ ਡੇਅਰੀ ਸੰਚਾਲਕਾਂ ਆਖਰਕਾਰ ਪ੍ਰਸ਼ਾਸਨ ਦੇ ਸਿਸਟਮ ਵਿਰੁੱਧ ਸੜਕਾਂ ’ਤੇ ਉਤਰ ਆਏ। ਡੇਅਰੀ ਸੰਚਾਲਕਾਂ ਦੇ ਨਾਲ-ਨਾਲ ਪ੍ਰਵਾਸੀ ਮਜ਼ਦੂਰਾਂ ਨੇ ਤਾਜਪੁਰ ਰੋਡ ’ਤੇ ਅੰਮ੍ਰਿਤ ਧਰਮ ਕੰਡਾ ਚੌਕ ’ਤੇ ਧਰਨਾ ਦਿੱਤਾ। ਜਿਸ ਕਾਰਨ ਟਰੈਫਿਕ ਜਾਮ ਵੀ ਹੋ ਗਿਆ।
ਸੂਚਨਾ ਮਿਲਣ ਤੋਂ ਬਾਅਦ ਕਾਂਗਰਸੀ ਆਗੂ ਸੁਸ਼ੀਲ ਕਪੂਰ ਲੱਕੀ ਅਤੇ ਵਾਰਡ 20 ਤੋਂ ਅਕਾਲੀ ਦਲ ਦੇ ਕੌਂਸਲਰ ਚਤਰਵੀਰ ਸਿੰਘ ਵੀ ਆਪਣੇ ਸਾਥੀਆਂ ਨਾਲ ਉੱਥੇ ਪਹੁੰਚ ਗਏ। ਡੇਅਰੀ ਸੰਚਾਲਕਾਂ ਨੇ ਕਿਹਾ ਕਿ ਡੇਅਰੀ ਵਾਲਿਆਂ ਦਾ ਬਹੁਤ ਬੁਰਾ ਹਾਲ ਹੋ ਗਿਆ ਹੈ। ਗਾਵਾਂ ਮੱਝਾਂ ਗੋਹੇ ਵਿੱਚ ਖੜ੍ਹੀਆਂ ਹਨ। ਡੇਅਰੀਆਂ ਵਿੱਚ ਪਾਣੀ ਗੋਡੇ ਗੋਡੇ ਖੜ੍ਹਾ ਹੋ ਜਾਂਦਾ ਹੈ। ਡੇਅਰੀਆਂ ਦੇ ਪਾਣੀ ਨੂੰ ਸੀਵਰੇਜ ਵਿੱਚ ਸੁੱਟਣ ਤੋਂ ਰੋਕਿਆ ਜਾ ਰਿਹਾ ਹੈ। ਪਰ ਪ੍ਰਸ਼ਾਸਨ ਕੋਈ ਹੱਲ ਨਹੀਂ ਕੱਢ ਰਿਹਾ। ਉਨ੍ਹਾਂ ਕਿਹਾ ਕਿ ਡੇਅਰੀਆਂ ਵਾਲੇ ਪ੍ਰਸ਼ਾਸਨ ਨਾਲ ਖੜ੍ਹੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਡੇਅਰੀ ਐਸੋਸੀਏਸ਼ਨ ਬਲਾਕ ਸੀ ਦੇ ਪ੍ਰਧਾਨ ਗਗਨ ਕੁਮਾਰ ਨੇ ਕਿਹਾ ਕਿ ਤਾਜਪੁਰ ਰੋਡ ਦੀਆਂ ਡੇਅਰੀਆਂ ਚਾਲੀ ਸਾਲ ਪਹਿਲਾਂ ਸਰਕਾਰ ਵੱਲੋਂ ਸਥਾਪਿਤ ਕੀਤੀਆਂ ਗਈਆਂ ਸਨ। ਉਸ ਸਮੇਂ ਡਰੇਨੇਜ ਸਿਸਟਮ ਅਤੇ ਨਾਲੀਆਂ ਦਾ ਸਾਰਾ ਪਾਣੀ ਬੁੱਢਾ ਦਰਿਆ ਜਾਂਦਾ ਸੀ। ਉਨ੍ਹਾਂ ਦੇ ਬਜ਼ੁਰਗ ਵੀ ਇੱਥੇ ਕੰਮ ਕਰਜੇ ਰਹੇ ਹਨ। ਹੁਣ ਉਹ ਆਪਣੇ ਬਜ਼ੁਰਗਾਂ ਦੁਆਰਾ ਦਿੱਤੇ ਗਏ ਕੰਮ ਨੂੰ ਕਿਵੇਂ ਛੱਡ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਬੁੱਢੇ ਦਰਿਆ ਵਿੱਚ ਗੋਹਾ ਸੁੱਟਣ ਤੋਂ ਮਨ੍ਹਾਂ ਕੀਤਾ ਸੀ, ਜਿਸ ਤੋਂ ਬਾਅਦ ਤਾਜਪੁਰ ਰੋਡ ਅਤੇ ਹੈਬੋਵਾਲ ਵਿੱਚ ਵਸੇ ਡੇਅਰੀ ਮਾਲਕਾਂ ਨੇ ਗੋਹਾ ਸੁੱਟਣਾ ਬੰਦ ਕਰ ਦਿੱਤਾ ਅਤੇ ਨਗਰ ਨਿਗਮ ਨੇ ਹੈਬੋਵਾਲ ਵਿੱਚ ਗੋਬਰ ਚੁੱਕਣ ਦਾ ਠੇਕਾ 65 ਰੁਪਏ ਪ੍ਰਤੀ ਜਾਨਵਰ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਲਿਆ। ਸਾਰਿਆਂ ਨੇ ਸਹਿਮਤੀ ਜਤਾਈ ਅਤੇ ਜਦੋਂ ਤਾਜਪੁਰ ਰੋਡ ਦੀ ਵਾਰੀ ਆਈ ਤਾਂ ਪ੍ਰਤੀ ਜਾਨਵਰ ਪ੍ਰਤੀ ਮਹੀਨਾ 150 ਰੁਪਏ ਰੇਟ ਤੈਅ ਕੀਤਾ ਗਿਆ। ਗਗਨ ਨੇ ਕਿਹਾ ਕਿ ਡੇਅਰੀ ਸੰਚਾਲਕ ਢਾਈ ਗੁਣਾ ਰੇਟ ’ਤੇ ਵੀ ਸਹਿਮਤ ਹੋਏ। ਉਸ ਸਮੇਂ ਇਹ ਵੀ ਫੈਸਲਾ ਕੀਤਾ ਗਿਆ ਸੀ ਕਿ ਗੋਹਾ ਚੁੱਕਣ ਤੋਂ ਬਾਅਦ, ਡੇਅਰੀਆਂ ਦੀ ਸਫਾਈ ਕੀਤੀ ਜਾਵੇਗੀ ਅਤੇ ਜਾਨਵਰਾਂ ਨੂੰ ਨਹਾਇਆ ਜਾਵੇਗਾ ਅਤੇ ਉਹ ਪਾਣੀ ਐਸ.ਟੀ.ਪੀ. ਪਲਾਂਟ ਵਿੱਚ ਜਾਵੇਗਾ। ਜੋ ਵਿਅਕਤੀ ਐਸਟੀਪੀ ਪਲਾਂਟ ਚਲਾਉਂਦਾ ਹੈ ਉਹ ਜਾਣਬੁੱਝ ਕੇ ਕੰਮ ਦੇ ਸਮੇਂ ਪਲਾਂਟ ਬੰਦ ਕਰ ਦਿੰਦਾ ਹੈ ਅਤੇ ਪਾਣੀ ਬੰਦ ਕਰ ਦਿੱਤਾ ਜਾਂਦਾ ਹੈ। ਉਹ ਪਾਣੀ ਗਲੀਆਂ ਵਿੱਚ ਖੜ੍ਹਾ ਹੋ ਜਾਂਦਾ ਹੈ। ਜਿਸ ਕਾਰਨ ਰੁਕਾਵਟ ਪੈਦਾ ਹੁੰਦੀ ਹੈ ਅਤੇ ਜਾਨਵਰ ਬਿਮਾਰ ਹੋਣ ਦੇ ਕੰਢੇ ’ਤੇ ਹਨ। ਬਿਮਾਰੀ ਫੈਲਣ ਦਾ ਖ਼ਤਰਾ ਹੈ। ਪੰਜ ਹਜ਼ਾਰ ਤੋਂ ਵੱਧ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਹਨ। ਜਿਨ੍ਹਾਂ ਦੇ ਘਰੇਲੂ ਖਰਚੇ ਇੱਥੋਂ ਪੂਰੇ ਹੁੰਦੇ ਹਨ। ਉਹ ਆਪਣੀਆਂ ਨੌਕਰੀਆਂ ਵੀ ਛੱਡ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਕਾਰੋਬਾਰ ਵਧਾਉਣ ਦੀ ਗੱਲ ਕਰਦੀ ਹੈ, ਪਰ ਇਹ ਸਰਕਾਰ ਡੇਅਰੀ ਕਾਰੋਬਾਰ ਨੂੰ ਪੂਰੀ ਤਰ੍ਹਾਂ ਬੰਦ ਕਰਨ ’ਤੇ ਅੜੀ ਹੈ। ਡੇਅਰੀ ਵਾਲਿਆਂ ਦਾ ਕਹਿਣਾ ਹੈ ਕਿ ਅਗਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਸੰਘਰਸ਼ ਤੇਜ਼ ਕਰਨਗੇ।