ਤਾਇਵਾਨ ਓਪਨ ਅਥਲੈਟਿਕਸ: ਭਾਰਤ ਨੇ ਆਖ਼ਰੀ ਦਿਨ ਛੇ ਸੋਨ ਤਗ਼ਮੇ ਜਿੱਤੇ
ਤਾਇਪੇ ਸਿਟੀ, 8 ਜੂਨ
ਭਾਰਤੀ ਅਥਲੀਟਾਂ ਨੇ ਅੱਜ ਇੱਥੇ ਤਾਇਵਾਨ ਓਪਨ ਅੰਤਰਰਾਸ਼ਟਰੀ ਅਥਲੈਟਿਕ ਚੈਂਪੀਅਨਸ਼ਿਪ ਦੇ ਦੂਜੇ ਅਤੇ ਆਖਰੀ ਦਿਨ ਛੇ ਸੋਨ ਤਗ਼ਮੇ ਜਿੱਤੇ। ਤਿੰਨ ਵਾਰ ਦੀ ਕੌਮੀ ਚੈਂਪੀਅਨ ਵਿਥਿਆ ਰਾਮਰਾਜ, ਰੋਹਿਤ ਯਾਦਵ, ਪੂਜਾ, ਕ੍ਰਿਸ਼ਨ ਕੁਮਾਰ ਅਤੇ ਅਨੂ ਰਾਣੀ ਨੇ ਆਪੋ-ਆਪਣੇ ਮੁਕਾਬਲਿਆਂ ਵਿੱਚ ਸੋਨ ਤਗ਼ਮੇ ਜਿੱਤੇ।

ਇਸੇ ਤਰ੍ਹਾਂ ਸੰਤੋਸ਼ ਟੀ, ਵਿਸ਼ਾਲ ਟੀਕੇ, ਧਰਮਵੀਰ ਚੌਧਰੀ ਅਤੇ ਮਨੂ ਟੀਐੱਸ ਦੀ ਚੌਕੜੀ ਨੇ 4x400 ਮੀਟਰ ਵਿੱਚ 3:05.58 ਸੈਕਿੰਡ ਦੇ ਚੈਂਪੀਅਨਸ਼ਿਪ ਰਿਕਾਰਡ ਨਾਲ ਸੋਨ ਤਗ਼ਮਾ ਹਾਸਲ ਕੀਤਾ। ਯਸ਼ਾਸ ਪਲਾਕਸ਼ਾ ਨੇ ਪੁਰਸ਼ਾਂ ਦੀ 400 ਮੀਟਰ ਅੜਿੱਕਾ ਦੌੜ ਵਿੱਚ 42.22 ਸੈਕਿੰਡ ਦੇ ਨਿੱਜੀ ਸਰਵੋਤਮ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਵਿਥਿਆ ਨੇ ਮਹਿਲਾ 400 ਮੀਟਰ ਅੜਿੱਕਾ ਦੌੜ ਵਿੱਚ 56.53 ਸੈਕਿੰਡ ਦੇ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ। ਰੋਹਿਤ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ’ਚ 75 ਮੀਟਰ ਦਾ ਅੰਕੜਾ ਪਾਰ ਨਹੀਂ ਕਰ ਸਕਿਆ ਪਰ 74.42 ਮੀਟਰ ਦਾ ਉਸ ਦਾ ਸਰਵੋਤਮ ਥ੍ਰੋਅ ਉਸ ਨੂੰ ਸੋਨ ਤਗ਼ਮਾ ਜਿਤਾਉਣ ਲਈ ਕਾਫ਼ੀ ਸੀ। ਪੂਜਾ ਨੇ 2:02.79 ਸੈਕਿੰਡ ਦੇ ਚੈਂਪੀਅਨਸ਼ਿਪ ਰਿਕਾਰਡ ਸਮੇਂ ਨਾਲ ਮਹਿਲਾ 800 ਮੀਟਰ ਫਾਈਨਲ ਵਿੱਚ ਹਮਵਤਨ ਟਵਿੰਕਲ ਚੌਧਰੀ ਨੂੰ ਪਛਾੜ ਕੇ ਸੋਨ ਤਗ਼ਮਾ ਜਿੱਤਿਆ। 2:06.96 ਸੈਕਿੰਡ ਦੇ ਸਮੇਂ ਨਾਲ ਟਵਿੰਕਲ ਹਿੱਸੇ ਚਾਂਦੀ ਆਇਆ। ਇਸ ਮਗਰੋਂ ਪੁਰਸ਼ਾਂ ਦੇ 800 ਮੀਟਰ ਫਾਈਨਲ ਵਿੱਚ 1:48.46 ਸੈਕਿੰਡ ਦੇ ਸਮੇਂ ਨਾਲ ਕ੍ਰਿਸ਼ਨ ਕੁਮਾਰ ਨੇ ਸੋਨ ਤਗ਼ਮਾ ਜਿੱਤਿਆ। ਦਿਨ ਦੇ ਅਖੀਰ ਵਿੱਚ ਜੈਵਲਿਨ ਥ੍ਰੋਅ ਦੇ ਮਹਿਲਾ ਵਰਗ ਵਿੱਚ ਅਨੂ ਰਾਣੀ ਨੇ 56.82 ਮੀਟਰ ਨਾਲ ਸੋਨ ਤਗ਼ਮਾ ਜਿੱਤਿਆ। ਲੰਬੀ ਛਾਲ ਵਿੱਚ ਭਾਰਤ ਦੀ ਸ਼ੈਲੀ ਸਿੰਘ (6.41 ਮੀਟਰ) ਅਤੇ ਐਂਸੀ ਸੋਜਨ (6.39 ਮੀਟਰ) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੇ ਦੇ ਤਗ਼ਮੇ ਜਿੱਤੇ। -ਪੀਟੀਆਈ