ਤਹਿਸੀਲਾਂ ਨੂੰ ਬਣਾਇਆ ਜਾ ਰਿਹੈ ਭ੍ਰਿਸ਼ਟਾਚਾਰ ਮੁਕਤ: ਭਗਵੰਤ ਮਾਨ
ਸਰਬਜੀਤ ਸਿੰਘ ਭੰਗੂ /ਮੁਖਤਿਆਰ ਸਿੰਘ ਨੌਗਾਵਾਂ
ਸਨੌਰ/ਦੇਵੀਗੜ੍ਹ, 9 ਜੂਨ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੂਧਨਸਾਧਾਂ ਤਹਿਸੀਲ ਦੇ 8.55 ਕਰੋੜ ਰੁਪਏ ਨਾਲ ਬਣੇ ਨਵੇਂ ਕੰਪਲੈਕਸ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲ ਕੰਪਲੈਕਸ ਭ੍ਰਿਸ਼ਟਾਚਾਰ ਮੁਕਤ ਹੋਣ ਵੱਲ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟ ਅਧਿਕਾਰੀਆਂ ਨੂੰ ਨੱਥ ਪਾ ਕੇ ਤਹਿਸੀਲਾਂ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾ ਰਿਹਾ ਹੈ। ਇਸ ਮੌਕੇ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਹੇਠ ਅਨਾਜ ਮੰਡੀ ਦੂਧਨਸਾਧਾਂ ਵਿਚ ਜੁੜੇ ਲਾਮਿਸਾਲ ਇਕੱਠ ਤੋਂ ਬਾਗ਼ੋ-ਬਾਗ਼ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਤਪਦੀ ਦੁਪਹਿਰ ’ਚ ਭਰਵਾਂ ਇਕੱਠ ਸਾਬਤ ਕਰਦਾ ਹੈ ਕਿ ਪੰਜਾਬ ਦੇ ਲੋਕ ਸਰਕਾਰ ਦੇ ਕਾਰਜਾਂ ਤੋਂ ਖੁਸ਼ ਹਨ। ਉਨ੍ਹਾਂ ਕਿਹਾ ਕਿ ਜਦੋਂ ਸੂਬਾ ਸਰਕਾਰ ਨੇ ਕਾਰਜਭਾਰ ਸੰਭਾਲਿਆ ਸੀ ਤਾਂ ਮਾਲ ਅਧਿਕਾਰੀ ਸੋਚਦੇ ਸਨ ਕਿ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਰਾਹੀਂ ਲੋਕਾਂ ਨੂੰ ਲੁੱਟਣ ਦਾ ਦੈਵੀ ਅਧਿਕਾਰ ਹੈ, ਭ੍ਰਿਸ਼ਟਾਚਾਰ ਨਾਲ ਲਿਹਾਜ਼ ਨਾ ਵਰਤਣ ਦੀ ਨੀਤੀ ਤਹਿਤ ਬਲੈਕਮੇਲਿੰਗ ਬਰਦਾਸ਼ਤ ਨਾ ਕਰਦਿਆਂ ਸਰਕਾਰ ਨੇ ਭ੍ਰਿਸ਼ਟ ਤੇ ਹੰਕਾਰੀ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਭ੍ਰਿਸ਼ਟਾਚਾਰ ਨੂੰ ਰੋਕਣ ਲਈ ਜ਼ਮੀਨੀ ਡੀਡਾਂ ਦੀ ਰਜਿਸਟ੍ਰੇਸ਼ਨ ਸੁਖਾਲੀ ਕਰ ਦਿੱਤੀ ਹੈ। ਲੋਕਾਂ ਦਾ ਸਹਿਯੋਗ ਮਿਲਦਾ ਰਿਹਾ ਤਾਂ ਜਲਦੀ ਹੀ ਸੌ ਫੀਸਦ ਉਸਾਰੂ ਸਿੱਟੇ ਸਾਹਮਣੇ ਆਉਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਜ਼ਿਲ੍ਹਾ ਪੁਰਾਣੇ ਸੱਤਾਧਾਰੀਆਂ ਦੇ ਸੌੜੇ ਹਿਤਾਂ ਅਤੇ ਲਾਲਚ ਕਾਰਨ ਵਿਕਾਸ ਪੱਖੋਂ ਪਛੜ ਗਿਆ ਹੈ। ਸੱਤਾ ਵਿੱਚ ਬੈਠੇ ‘ਮਹਾਰਾਜਾ’ ਆਪਣੇ ਵਿਕਾਸ ਬਾਰੇ ਜ਼ਿਆਦਾ ਚਿੰਤਤ ਰਹੇ। ਵਿੱਤੀ ਤੇ ਸਿਆਸੀ ਹਿਤਾਂ ਦੇ ਲਾਲਚ ਵੱਸ ਅਕਾਲੀਆਂ, ਖਾਸ ਕਰ ਬਾਦਲਾਂ ਨੇ ਐੱਸਜੀਪੀਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕੀਤੀ ਹੈ। ਉਨ੍ਹਾਂ ਔਰਤਾਂ ਨੂੰ ਸਿਆਸਤ ਵਿੱਚ ਵੀ ਅੱਗੇ ਆਉਣ ਦਾ ਸੱਦਾ ਦਿੱਤਾ। ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਅਤੇ ਸਮਾਜ ਅਤੇ ਸੂਬੇ ਦੇ ਵਡੇਰੇ ਹਿੱਤ ਲਈ ਇਸ ਖੇਤਰ ਵਿੱਚ ਔਰਤਾਂ ਦੀ ਭਾਈਵਾਲੀ ਜ਼ਰੂਰੀ ਹੈ। ਇਸ ਦੌਰਾਨ ਸਮਾਗਮ ਦੇ ਮੁੱਖ ਪ੍ਰਬੰਧਕ ਵਿਧਾਇਕ ਪਠਾਣਮਾਜਰਾ ਨੇ ਮੁੱਖ ਮੰਤਰੀ ਕੋਲ ਸਨੌਰ ਨੂੰ ਤਹਿਸੀਲ, ਬਹਾਦਰਗੜ੍ਹ ਨੂੰ ਨਗਰ ਪੰਚਾਇਤ, ਹਲਕੇ ਨੂੰ ਇੰਡਸਟਰੀ ਜ਼ੋਨ, ਲੜਕੀਆਂ ਦਾ ਕਾਲਜ ਅਤੇ ਪਟਿਆਲਾ-ਪਿਹੋਵਾ ਸੜਕ ਨੂੰ ਚਹੁੰ ਮਾਰਗੀ ਬਣਾਉਣ ਸਮੇਤ ਮੀਰਾਂਪੁਰ ਕਾਲਜ ਦੀ ਇਮਾਰਤ ਅਪਗਰੇਡ ਕਰਨ ਮੰਗਾਂ ਰੱਖੀਆਂ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਸਬੰਧੀ ਭਰੋਸਾ ਦਿੰਦਿਆਂ ਕਿਹਾ ਕਿ ਜਲਦੀ ਹੀ ਹਲਕਾ ਸਨੌਰ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਜਾਵੇਗੀ। ਪਠਾਣਮਾਜਰਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੁਝ ਸਮੇਂ ’ਚ ਹੀ ਸਨੌਰ ਹਲਕੇ ਨੂੰ 50 ਕਰੋੜ ਦੀ ਗਰਾਂਟ ਮਿਲ ਚੁੱਕੀ ਹੈ। ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਿਧਾਇਕ ਗੁਰਲਾਲ ਘਨੌਰ, ਕੁਲਵੰਤ ਬਾਜ਼ੀਗਰ, ਵਿਧਾਇਕ ਚੇਤਨ ਜੌੜਾਮਾਜਰਾ, ਦੇਵ ਮਾਨ ਤੇ ਹਰਜਸ਼ਨ ਪਠਾਣਮਾਜਰਾ ਆਦਿ ਮੌਜੂਦ ਸਨ।