ਤਲਵੰਡੀ ਸਾਬੋ ਪਾਵਰ ਪਲਾਂਟ ਵੱਲੋਂ ਸਭ ਤੋਂ ਜ਼ਿਆਦਾ ਬਿਜਲੀ ਦੇਣੀ ਸ਼ੁਰੂ
ਜੋਗਿੰਦਰ ਸਿੰਘ ਮਾਨ
ਮਾਨਸਾ, 8 ਜੂਨ
ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿੱਚ ਲੱਗੇ ਉਤਰੀ ਭਾਰਤ ਦੇ ਨਿੱਜੀ ਭਾਈਵਾਲੀ ਤਹਿਤ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਪਲਾਂਟ (ਟੀਐੱਸਪੀਐੱਲ) ਵੱਲੋਂ ਭਾਰੀ ਗਰਮੀ ਦੇ ਇਨ੍ਹਾਂ ਦਿਨਾਂ ਵਿੱਚ ਪੰਜਾਬ ਲਈ ਸਭ ਤੋਂ ਵੱਧ ਬਿਜਲੀ ਸਪਲਾਈ ਕੀਤੀ ਜਾਣ ਲੱਗੀ ਹੈ। ਮਾਲਵਾ ਖੇਤਰ ਦੇ ਮਾਨਸਾ ਸਣੇ ਬਰਨਾਲਾ, ਸੰਗਰੂਰ, ਮੋਗਾ, ਲੁਧਿਆਣਾ, ਪਟਿਆਲਾ ਵਿੱਚ 9 ਜੂਨ ਤੋਂ ਝੋਨੇ ਦੀ ਲੁਵਾਈ ਆਰੰਭ ਹੋ ਰਹੀ ਹੈ, ਜਿਸ ਲਈ ਪੰਜਾਬ ਰਾਜ ਪਾਵਰਕੌਮ ਦੇ ਆਦੇਸ਼ਾਂ ’ਤੇ ਬਣਾਂਵਾਲਾ ਤਾਪਘਰ ਨੇ ਵੱਧ ਬਿਜਲੀ ਪੈਦਾ ਕਰਨ ਲਈ ਮੁੱਢਲੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਇਹ ਤਾਪਘਰ 1980 ਮੈਗਾਵਾਟ ਦੀ ਸਮਰੱਥਾ ਰੱਖਦਾ ਹੈ ਅਤੇ ਇਸ ਵੱਲੋਂ ਅੱਜ 1778 ਮੈਗਾਵਾਟ ਬਿਜਲੀ ਦੀ ਪੈਦਾਵਾਰ ਕੀਤੀ ਗਈ ਹੈ।
ਪ੍ਰਾਪਤ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ 1980 ਮੈਗਾਵਾਟ ਵਾਲੇ ਇਸ ਤਾਪਘਰ ਵੱਲੋਂ ਇਸ ਵੇਲੇ ਲਗਭਗ 1778 ਮੈਗਾਵਾਟ ਬਿਜਲੀ ਦਿੱਤੀ ਜਾ ਰਹੀ ਹੈ, ਜਿਸ ਦੇ ਯੂਨਿਟ ਨੰਬਰ 1 ਵੱਲੋਂ 596 ਮੈਗਾਵਾਟ, ਯੂਨਿਟ ਨੰਬਰ 2 ਵੱਲੋਂ 627 ਮੈਗਾਵਾਟ ਅਤੇ ਯੂਨਿਟ ਨੰਬਰ 3 ਵੱਲੋਂ 555 ਮੈਗਾਵਾਟ ਬਿਜਲੀ ਸਪਲਾਈ ਕੀਤੀ ਜਾ ਹੀ ਹੈ।
ਟੀਐਸਪੀਅਲ ਦੇ ਉਚ ਅਧਿਕਾਰੀ ਪੰਕਜ ਸ਼ਰਮਾ ਦਾ ਕਹਿਣਾ ਹੈ ਕਿ ਪਲਾਂਟ ਦੇ ਤਿੰਨੇ ਯੂਨਿਟ ਬੜੀ ਵਧੀਆ ਪੁਜੀਸ਼ਨ ਵਿਚ ਕੰਮ ਕਰ ਰਹੇ ਹਨ ਅਤੇ ਕਿਸਾਨਾਂ ਲਈ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਪਲਾਂਟ ਦੇ ਪ੍ਰਬੰਧਕਾਂ ਵੱਲੋਂ ਵਿਆਪਕ ਬਿਜਲੀ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਹਨ।
ਇਸੇ ਦੌਰਾਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦੇ ਇਕ ਸੀਨੀਅਰ ਅਧਿਕਾਰੀ ਜਸਪ੍ਰੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਕਾਰਪੋਰੇਸ਼ਨ ਕੋਲ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਸਮੱਸਿਆ ਨਾਲ ਨਜਿੱਠਣ ਲਈ ਇਸ ਵੇਲੇ ਪੂਰੇ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮੱਸਿਆ ਦੇ ਇਕਦਮ ਖੜ੍ਹਾ ਹੋਣ ਨਾਲ ਅਕਸਰ ਲੋਕਾਂ ਨੂੰ ਤਕਲੀਫ ਤਾਂ ਹੁੰਦੀ ਹੈ, ਪਰ ਪਾਵਰਕੌਮ ਕੋਲ ਅਜਿਹੀਆਂ ਤਕਲੀਫਾਂ ਦਾ ਬਦਲਵਾਂ ਬੰਦੋਬਸਤ ਹੈ। ਉਨ੍ਹਾਂ ਕਿਹਾ ਕਿ ਪਾਵਰ ਕਾਰਪੋਰੇਸ਼ਨ ਵੱਲੋਂ ਵਪਾਰਕ, ਖੇਤੀਬਾੜੀ, ਘਰੇਲੂ ਅਤੇ ਹੋਰਨਾਂ ਖੇਤਰਾਂ ਲਈ ਲੋੜੀਂਦੀ ਬਿਜਲੀ ਲਈ ਪਹਿਲਾਂ ਹੀ ਵਿਆਪਕ ਬੰਦੋਬਸਤ ਕਰ ਲਏ ਗਏ ਹਨ, ਜਿਸ ਕਰਕੇ ਝੋਨੇ ਦੇ ਸੀਜਨ ਦੌਰਾਨ ਖਪਤਕਾਰਾਂ ਨੂੰ ਕੋਈ ਵੀ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ।