ਦੀਪਕ ਠਾਕੁਰਤਲਵਾੜਾ, 12 ਅਪਰੈਲਨਗਰ ਕੌਂਸਲ ਤਲਵਾੜਾ ਦੇ ਪ੍ਰਧਾਨ ਦੀ ਚੋਣ ਵੇਲੇ ਭਾਜਪਾ ਦੇ ਇੱਕਮਾਤਰ ਕੌਂਸਲਰ ਵੱਲੋਂ ‘ਆਪ’ ਦੀ ਹਮਾਇਤ ਕਰਨ ’ਤੇ ਭਾਜਪਾ ਆਗੂਆਂ ’ਚ ਉਸ ਵੇਲੇ ਮਤਭੇਦ ਉਭਰ ਆਏ, ਜਦੋਂ ਹਲਕਾ ਇੰਚਾਰਜ ਰਘੂਨਾਥ ਰਾਣਾ ਅਤੇ ਅਸ਼ੋਕ ਸੱਭਰਵਾਲ ਨੇ ਇਸ ਨੂੰ ਜਾਇਜ਼ ਦੱਸਿਆ, ਜਦਕਿ ਮੰਡਲ ਪ੍ਰਧਾਨ ਵਿਨੋਦ ਮਿੱਠੂ ਸਮੇਤ ਨੌਜਵਾਨ ਆਗੂਆਂ ਨੇ ਇਸ ਦਾ ਵਿਰੋਧ ਕੀਤਾ। ਭਾਜਪਾ ਮੰਡਲ ਪ੍ਰਧਾਨ ਵਿਨੋਦ ਮਿੱਠੂ ਇਸ ਨੂੰ ਪਾਰਟੀ ਦਾ ਨਹੀਂ ਕੌਂਸਲਰ ਦਾ ਆਪਣਾ ਨਿੱਜੀ ਫ਼ੈਸਲਾ ਦੱਸ ਰਹੇ ਸਨ। ਹਾਲਾਂਕਿ ਸੀਨੀਅਰ ਆਗੂ ਇਸ ਨੂੰ ਪਾਰਟੀ ਦਾ ਫ਼ੈਸਲਾ ਦਰਸਾ ਰਹੇ ਸਨ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੀਆਂ 13 ਸੀਟਾਂ ’ਚੋਂ ਕਾਂਗਰਸ ਅਤੇ ਆਪ ਕੋਲ 6-6 ਕੌਂਸਲਰ ਹਨ, ਜਦਕਿ ਭਾਜਪਾ ਦਾ ਇੱਕ ਕੌਂਸਲਰ ਹੈ। ਵਿਧਾਇਕ ਦੀ ਇੱਕ ਵੋਟ ਕਾਰਨ ‘ਆਪ’ ਕੋਲ ਸੱਤ ਵੋਟਾਂ ਹੋ ਗਈਆਂ, ਉਧਰ ਭਾਜਪਾ ਕੌਂਸਲਰ ਰਜਨੀਸ਼ ਕੁਮਾਰ ਬਿੱਟੂ ਨੇ ਆਪਣਾ ਸਮਰਥਨ ਵੀ ‘ਆਪ’ ਨੂੰ ਦੇ ਦਿੱਤਾ ਹੈ।ਇੱਥੇ ਅੱਜ ਪੱਤਰਕਾਰ ਸੰਮੇਲਨ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਮੌਕੇ ਸੱਤਾਧਾਰੀ ਧਿਰ ਵੱਲੋਂ ਸਾਬਕਾ ਵਿਧਾਇਕ ਅਤੇ ਪੱਤਰਕਾਰਾਂ ਨਾਲ ਕੀਤੀ ਬਦਸਲੂਕੀ ਦੀ ਭਾਜਪਾ ਨੇ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਭਾਜਪਾ ਨੇ ਇਸ ਨੂੰ ਕਾਂਗਰਸ ਅਤੇ ‘ਆਪ’ ਦਾ ਤਮਾਸ਼ਾ ਦੱਸਿਆ ਹੈ। ਭਾਜਪਾ ਹਲਕਾ ਇੰਚਾਰਜ ਅਤੇ ਸੀਨੀਅਰ ਭਾਜਪਾ ਆਗੂ ਰਘੂਨਾਥ ਸਿੰਘ ਰਾਣਾ, ਸਾਬਕਾ ਮੰਡਲ ਪ੍ਰਧਾਨ ਅਸ਼ੋਕ ਸੱਭਰਵਾਲ ਤੇ ਸੁਭਾਸ਼ ਬਿੱਟੂ, ਮੰਡਲ ਤਲਵਾੜਾ ਪ੍ਰਧਾਨ ਵਿਨੋਦ ਮਿੱਠੂ ਨੇ ਸਾਂਝੇ ਬਿਆਨ ‘ਚ ਕਿਹਾ ਕਿ ਤਲਵਾੜਾ ਖ਼ੇਤਰ ਦੇ ਲੋਕ ਅਮਨ ਪਸੰਦ ਹਨ ਪਰ ਆਮ ਆਦਮੀ ਪਾਰਟੀ ਵੱਲੋਂ ਸ਼ਹਿਰ ’ਚ ਕੀਤੀ ਧੱਕੇਸ਼ਾਹੀ ਲੋਕਾਂ ਨੂੰ ਹਜ਼ਮ ਨਹੀਂ ਹੋ ਰਹੀ। ‘ਆਪ’ ਸਰਕਾਰ ਨੂੰ ਇਸ ਦਾ ਖਮਿਆਜ਼ਾ 2027 ਵਿਚ ਭੁਗਤਣਾ ਪਵੇਗਾ। ਇਸ ਮੌਕੇ ਰਾਮ ਪੱਲੀ, ਸਰਪੰਚ ਕੁਲਜੀਤ ਸਿੰਘ ਭੰਬੋਤਾੜ, ਸੁਨੀਲ ਕੁਮਾਰ ਸੋਨੀ, ਦਿਨੇਸ਼ ਕਾਕਾ, ਓਂਕਾਰ ਸਿੰਘ ਬਾਜਾ ਚੱਕ, ਕੌਂਸਲਰ ਰਜਨੀਸ਼ ਕੁਮਾਰ ਉਰਫ਼ ਬਿੱਟੂ, ਵਿਪਨ ਵਰਮਾ ਹਾਜ਼ਰ ਸਨ।