ਤਰਸ ਦੇ ਆਧਾਰ ’ਤੇ ਨੌਕਰੀ ਵਿੱਚ ਅੰਕਾਂ ਦਾ ਪੈਮਾਨਾ ਤੈਅ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਜੂਨ
ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਕਿਸੇ ਵੀ ਸਰਕਾਰੀ ਕਰਮਚਾਰੀ ਦੀ ਡਿਊਟੀ ਦੌਰਾਨ ਮੌਤ ਹੋਣ ’ਤੇ ਪਰਿਵਾਰਕ ਮੈਂਬਰ ਨੂੰ ਤਰਸ ਦੇ ਆਧਾਰ ’ਤੇ ਦਿੱਤੀ ਜਾਣ ਵਾਲੀ ਨੌਕਰੀ ਵਿੱਚ ਅੰਕਾਂ ਦਾ ਪੈਮਾਨਾ ਤੈਅ ਕਰ ਦਿੱਤਾ ਹੈ। ਹੁਣ ਤੋਂ ਅੰਕ ਆਧਾਰਤ ਯੋਗਤਾ ਪ੍ਰਣਾਲੀ ਦੇ ਅਨੁਸਾਰ ਹੀ ਤਰਸ ਆਧਾਰ ’ਤੇ ਨੌਕਰੀ ਮਿਲੇਗੀ। ਯੂਟੀ ਪ੍ਰਸ਼ਾਸਨ ਦੇ ਪ੍ਰਸੋਨਲ ਵਿਭਾਗ ਨੇ ਤਰਸ ਦੇ ਆਧਾਰ ’ਤੇ ਨੌਕਰੀਆਂ ਲਈ ਨਵੀਂ ਸਕੀਮ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਯੂਟੀ ਪ੍ਰਸ਼ਾਸਨ ਵੱਲੋਂ ਕਿਸੇ ਵੀ ਸਰਕਾਰੀ ਕਰਮਚਾਰੀ ਦੇ ਡਿਊਟੀ ਦੌਰਾਨ ਫੌਤ ਹੋਣ ’ਤੇ ਜਾਂ ਉਸ ਦਾ ਪਰਿਵਾਰ ਗ਼ਰੀਬੀ ਅਤੇ ਰੋਜ਼ੀ-ਰੋਟੀ ਦੇ ਕਿਸੇ ਸਾਧਨ ਤੋਂ ਬਿਨਾਂ ਰਹਿ ਜਾਂਦਾ ਹੋਵੇ, ਅਜਿਹੇ ਸਰਕਾਰੀ ਕਰਮਚਾਰੀ ਦੇ ਪਰਿਵਾਰ ਨੂੰ ਵਿੱਤੀ ਕੰਗਾਲੀ ਤੋਂ ਮੁਕਤ ਕਰਨ ਅਤੇ ਗੁਜ਼ਾਰਾ ਕਰਨ ਲਈ ਨੌਕਰੀ ਦਿੱਤੀ ਜਾਂਦੀ ਹੈ। ਇਸ ਨੌਕਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਯੂਟੀ ਪ੍ਰਸ਼ਾਸਨ ਨੇ ਸੌ ਅੰਕਾਂ ਦੇ ਪੈਮਾਨੇ ਦੀ ਪ੍ਰਣਾਲੀ ਤਿਆਰ ਕੀਤੀ ਗਈ ਹੈ। ਇਸ ਨਾਲ ਬਿਨੈਕਾਰਾਂ ਨੂੰ ਵੱਖ-ਵੱਖ ਗੁਣਾਂ ਦੇ ਆਧਾਰ ’ਤੇ ਅੰਕ ਦਿੱਤੇ ਜਾਣਦੇ। ਇਸ ਤੋਂ ਬਾਅਦ ਨੌਕਰੀ ਸਬੰਧੀ ਕੋਈ ਫ਼ੈਸਲਾ ਕੀਤਾ ਜਾਵੇਗਾ। ਇਸ ਵਿੱਚ ਪਰਿਵਾਰਕ ਪੈਨਸ਼ਨ, ਐੱਨਪੀਐੱਸ ਅਧੀਨ ਪ੍ਰਾਪਤ ਮਹੀਨਾਵਾਰ ਰਕਮ, ਸਰਕਾਰੀ ਕਰਮਚਾਰੀ ਦੀ ਮੌਤ ਜਾਂ ਸੇਵਾਮੁਕਤੀ ’ਤੇ ਪਰਿਵਾਰ ਵੱਲੋਂ ਪ੍ਰਾਪਤ ਕੀਤੀ ਗਈ ਇੱਕਮੁਸ਼ਤ ਰਕਮ, ਪਰਿਵਾਰ ਦੇ ਮੈਂਬਰਾਂ ਦੇ ਨਾਮ ’ਤੇ ਰੱਖੀ ਗਈ ਅਚੱਲ ਜਾਂ ਚੱਲ ਜਾਇਦਾਦ ਦੀ ਸਮੀਖਿਆ ਕੀਤੀ ਜਾਵੇਗੀ। ਇਸ ਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਰੇ ਵਿਭਾਗਾਂ ਵਿੱਚ ਗਰੁੱਪ ਸੀ ਦੇ ਵਿਰੁੱਧ ਸਿੱਧੀ ਭਰਤੀ ਕੋਟੇ ਵਿੱਚ ਪੰਜ ਫ਼ੀਸਦ ਅਸਾਮੀਆਂ ਦਾ ਕੇਂਦਰੀਕਰਨ ਕਰ ਦਿੱਤਾ ਹੈ। ਯੂਟੀ ਪ੍ਰਸ਼ਾਸਨ ਜਲਦੀ ਹੀ ਲੋੜਵੰਦ ਬਿਨੈਕਾਰਾਂ ਨੂੰ ਤਰਸਯੋਗ ਨਿਯੁਕਤੀ ਪ੍ਰਦਾਨ ਕਰੇਗਾ।
ਹਾਲਾਂਕਿ ਪਰਿਵਾਰ ਵਿੱਚ ਕੋਈ ਜੀਵਨ ਸਾਥੀ (ਮ੍ਰਿਤਕ ਸਰਕਾਰੀ ਕਰਮਚਾਰੀ ਦਾ ਪਤੀ ਜਾਂ ਪਤਨੀ) ਨਿਯਮਤ ਸਰਕਾਰੀ ਸੇਵਾ ਵਿੱਚ ਹੈ ਤਾਂ ਉਸ ਸਥਿਤੀ ਵਿੱਚ ਮ੍ਰਿਤਕ ਦੇ ਆਸ਼ਰਿਤਾਂ (ਪੁੱਤਰ ਜਾਂ ਧੀ) ਨੂੰ ਤਰਸਯੋਗ ਨਿਯੁਕਤੀ ਨਹੀਂ ਦਿੱਤੀ ਜਾਵੇਗੀ। ਇਸੇ ਤਰ੍ਹਾਂ ਪਰਿਵਾਰ ਵਿੱਚ ਮ੍ਰਿਤਕ ਅਣਵਿਆਹੇ ਕਰਮਚਾਰੀ ਦਾ ਕੋਈ ਭਰਾ ਜਾਂ ਭੈਣ ਨਿਯਮਤ ਸਰਕਾਰੀ ਸੇਵਾ ਵਿੱਚ ਹੈ ਤਾਂ ਇਸ ਮਾਮਲੇ ਵਿੱਚ ਮ੍ਰਿਤਕ ਦੇ ਆਸ਼ਰਿਤ ਨੂੰ ਤਰਸਯੋਗ ਨਿਯੁਕਤੀ ਨਹੀਂ ਦਿੱਤੀ ਜਾਵੇਗੀ।