ਤਰਨ ਤਾਰਨ ਵਾਸੀ ਗੰਦਾ ਪਾਣੀ ਪੀਣ ਲਈ ਮਜਬੂਰ
ਗੁਰਬਖਸ਼ਪੁਰੀ
ਤਰਨ ਤਾਰਨ, 4 ਜੁਲਾਈ
ਤਰਨ ਤਾਰਨ ਸ਼ਹਿਰ ਦੀਆਂ ਕਈ ਆਬਾਦੀਆਂ ਦੇ ਵਾਸੀ ਸੀਵਰੇਜ ਦੀ ਗੰਦਗੀ ਮਿਲਿਆ ਪਾਣੀ ਪੀਣ ਲਈ ਮਜਬੂਰ ਹਨ| ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਸਾਹਮਣੇ ਵਾਲੀ ਗਲੀ ਦੇ ਵਸਨੀਕ ਸਵੇਰ ਤੇ ਸ਼ਾਮ ਵੇਲੇ ਨਗਰ ਕੌਂਸਲ ਵੱਲੋਂ ਮੁਹੱਈਆ ਕਰਵਾਏ ਜਾਂਦੇ ਪਾਣੀ ਦੀ ਸਪਲਾਈ ਸ਼ੁਰੂ ਹੁੰਦਿਆਂ ਹੀ ਗਲੀ ਵਿੱਚ ਇਕੱਤਰ ਹੋ ਜਾਂਦੇ ਹਨ। ਇਸ ਦੌਰਾਨ ਵੱਡੀ ਗਿਣਤੀ ਔਰਤਾਂ ਸੜਕ ਦੇ ਇੱਕ ਕਿਨਾਰੇ ਨੇ ਲੱਗੀ ਟੁੱਟੀ ’ਤੇ ਆਉਂਦਾ ਸਾਫ਼ ਪਾਣੀ ਭਰਨ ਲਈ ਕਤਾਰਾਂ ਵਿੱਚ ਲੱਗ ਜਾਂਦੀਆਂ ਹਨ|
ਇਸ ਦੌਰਾਨ ਇਕੱਤਰ ਹੋਈਆਂ ਔਰਤਾਂ ਨੇ ਕਿਹਾ ਕਿ ਗਲੀ ਵਿੱਚ ਉਨ੍ਹਾਂ ਦੇ ਘਰਾਂ ਦੀਆਂ ਟੁੱਟੀਆਂ ਵਿੱਚ ਲੰਬੇ ਸਮੇਂ ਤੋਂ ਸੀਵਰੇਜ ਦੀ ਗੰਦਗੀ ਮਿਲਿਆ ਪਾਣੀ ਆ ਰਿਹਾ ਹੈ| ਔਰਤਾਂ ਕਿਹਾ ਕਿ ਉਨ੍ਹਾਂ ਨੂੰ ਬੀਤੇ ਤਿੰਨ ਸਾਲਾਂ ਤੋਂ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਇਸ ਬਾਰੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਆਪਣੀ ਜਾਣਕਾਰੀ ਦਿੱਤੀ ਹੈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਤਰਨ ਤਾਰਨ ਨਗਰ ਕੌਂਸਲ ਦੇ ਸਾਬਕ ਕੌਂਸਲਰ ਡਾ. ਸੁਖਦੇਵ ਸਿੰਘ ਲੌਹੁਕਾ ਨੇ ਕਿਹਾ ਕਿ ਸ਼ਹਿਰ ਅੰਦਰ ਕਈ ਥਾਵਾਂ ’ਤੇ ਪਾਣੀ ਦੀ ਸਪਲਾਈ ਦੀਆਂ ਅਤੇ ਸੀਵਰੇਜ ਦੀਆਂ ਪਾਈਪਾਂ ਪੁਰਾਣੀਆਂ ਤੇ ਨੁਕਸਦਾਰ ਹੋਣ ਕਰ ਕੇ ਲੀਕ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਾਰਨ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਰਲਣ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਸ੍ਰੀ ਲੌਹੁਕਾ ਨੇ ਕਿਹਾ ਕਿ ਇਸ ਕਾਰਨ ਲੋਕਾਂ ਨੂੰ ਭਿਆਨਕ ਬਿਮਾਰੀਆਂ ਲੱਗਣ ਦਾ ਖ਼ਤਰਾ ਬਣਿਆ ਹੋਇਆ ਹੈ ਪਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਗੁਰਦੁਆਰਾ ਖੂਹ ਬੀਬੀ ਭਾਨੀ ਆਬਾਦੀ ਅਤੇ ਕਈ ਹੋਰ ਥਾਵਾਂ ’ਤੇ ਲੋਕਾਂ ਨੂੰ ਵੀ ਇਹ ਮੁਸ਼ਕਲ ਆ ਰਹੀ ਹੈ|
ਮੁਸ਼ਕਲ ਨੂੰ ਹੱਲ ਕਰਵਾਇਆ ਜਾਵੇਗਾ: ਈਓ
ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਰਣਦੀਪ ਸਿੰਘ ਨੇ ਕਿਹਾ ਕਿ ਉਹ ਖ਼ੁਦ ਵੀ ਲੋਕਾਂ ਦੀ ਇਸ ਮੁਸ਼ਕਲ ਤੋਂ ਜਾਣੂ ਹਨ ਅਤੇ ਉਨ੍ਹਾਂ ਨੇ ਇਸ ਮੁਸ਼ਕਲ ਨੂੰ ਹੱਲ ਕਰਨ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ| ਅਧਿਕਾਰੀ ਨੇ ਲੋਕਾਂ ਦੀ ਇਸ ਮੁਸ਼ਕਲ ਨੂੰ ਆਉਂਦੇ 20 ਦਿਨ ਦੇ ਅੰਦਰ ਹੱਲ ਕਰ ਲੈਣ ਦਾ ਯਕੀਨ ਦਿਵਾਇਆ ਹੈ।