ਗੁਰਬਖਸ਼ਪੁਰੀਤਰਨ ਤਾਰਨ, 31 ਜਨਵਰੀਬਿਜਲੀ ਕਾਮਿਆਂ ਨੇ ਅੱਜ ਇੱਥੇ ਪਾਵਰਕੌਮ ਦੇ ਸਰਕਲ ਦਫ਼ਤਰ ਦੇ ਸਾਹਮਣੇ ਰੈਲੀ ਕਰਕੇ ਕੇਂਦਰ ਸਰਕਾਰ ਅਤੇ ਯੂਟੀ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਦੇ ਬਿਜਲੀ ਪ੍ਰਬੰਧਨ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਦੀ ਨਿਖੇਧੀ ਕੀਤੀ ਅਤੇ ਸਰਕਾਰ ਨੂੰ ਆਪਣੀਆਂ ਮੁਲਾਜ਼ਮ ਅਤੇ ਲੋਕ ਵਿਰੋਧੀ ਕਾਰਵਾਈਆਂ ਬੰਦ ਕਰਨ ਲਈ ਕਿਹਾ। ਸਰਕਾਰ ਖ਼ਿਲਾਫ਼ ਸੰਘਰਸ਼ ਦਾ ਇਹ ਸੱਦਾ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ, ਇੰਜਨੀਅਰ ਅਤੇ ਐਂਪਲਾਈਜ਼ ਵੱਲੋਂ ਦੇਸ਼ ਪੱਧਰ ’ਤੇ ਦਿੱਤਾ ਗਿਆ ਸੀ। ਇਸ ਮੌਕੇ ਇਕੱਤਰ ਹੋਏ ਬਿਜਲੀ ਮੁਲਾਜ਼ਮਾਂ ਨੇ ਕਾਮਿਆਂ ਨੂੰ ਪੀਐੱਸਈਬੀ ਫੈਡਰੇਸ਼ਨ ਏਟਕ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਤੋਂ ਇਲਾਵਾ ਮੁਲਾਜ਼ਮ ਆਗੂ ਮੇਜਰ ਸਿੰਘ ਮੱਲੀਆ, ਜਸਪ੍ਰੀਤ ਸਿੰਘ, ਸਿਮਰਨਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ| ਬੁਲਾਰਿਆਂ ਕਿਹਾ ਕਿ ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਦੇ ਬਿਜਲੀ ਪ੍ਰਬੰਧਨ ਨੂੰ ਕੇਂਦਰ ਸਰਕਾਰ ਬਿਨਾਂ ਕਿਸੇ ਤਰਕ ਦੇ ਪੂੰਜੀਪਤੀਆਂ ਦੇ ਹਵਾਲੇ ਕਰਕੇ ਪਾਵਰ ਸੈਕਟਰ ਨੂੰ ਤਬਾਹ ਕਰ ਰਹੀ ਹੈ ਜਿਸ ਨਾਲ ਭਵਿੱਖ ਵਿੱਚ ਬਿਜਲੀ ਦੇ ਹੋਰ ਮਹਿੰਗੀ ਹੋਣ ਨਾਲ ਜਿੱਥੇ ਖਪਤਕਾਰਾਂ ਦੀ ਲੁੱਟ ਹੋਵੇਗੀ, ਉਥੇ ਮੁਲਾਜ਼ਮਾਂ ਦੇ ਹਿੱਤਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਵੇਗਾ। ਆਗੂਆਂ ਬਿਜਲੀ ਦੇ ਪ੍ਰਬੰਧਨ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਲੋਕ ਤੇ ਮੁਲਾਜ਼ਮ ਵਿਰੋਧੀ ਫ਼ੈਸਲਾ ਵਾਪਸ ਨਾ ਲੈਣ ’ਤੇ ਸੰਘਰਸ਼ ਦੇਸ਼ਵਿਆਪੀ ਕਰਨ ਦੀ ਚਿਤਾਵਨੀ ਦਿੱਤੀ। ਇਸ ਮੌਕੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੇ ਆਗੂ ਨਰਿੰਦਰ ਬੇਦੀ, ਗੁਰਮੀਤ ਸਿੰਘ ਗੋਲਾ, ਬਲਜਿੰਦਰ ਕੌਰ ਨੇ ਵੀ ਸੰਬੋਧਨ ਕੀਤਾ।