ਤਰਕਸ਼ੀਲ ਸੁਸਾਇਟੀ ਵੱਲੋਂ ਤਿੰਨ ਰੋਜ਼ਾ ਵਿਦਿਆਰਥੀ ਚੇਤਨਾ ਕੈਂਪ ਸ਼ੁਰੂ
ਪਰਸ਼ੋਤਮ ਬੱਲੀ
ਬਰਨਾਲਾ, 8 ਜੂਨ
ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਅਤੇ ਨੈਤਿਕ ਕਦਰਾਂ ਕੀਮਤਾਂ ਦੇ ਗੁਣ ਵਿਕਸਤ ਕਰਨ ਦੇ ਮਕਸਦ ਵਜੋਂ ਅੱਜ ਤਰਕਸ਼ੀਲ ਭਵਨ, ਬਰਨਾਲਾ ਵਿੱਚ ਤਿੰਨ ਰੋਜ਼ਾ ਦੂਜੇ ਸੂਬਾਈ ਵਿਦਿਆਰਥੀ ਵਿਗਿਆਨਕ ਚੇਤਨਾ ਕੈਂਪ ਦਾ ਆਗਾਜ਼ ਕੀਤਾ ਗਿਆ, ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਦਰਜਨਾਂ ਵਿਦਿਆਰਥੀਆਂ ਨੇ ਹਿੱਸਾ ਲਿਆ। ਕੈਂਪ ਦੇ ਪਹਿਲੇ ਸੈਸ਼ਨ ਵਿੱਚ ਸੁਸਾਇਟੀ ਦੇ ਸੂਬਾਈ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਨੇ ਚੇਤਨਾ ਕੈਂਪ ਦੇ ਉਦੇਸ਼ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਢਾਂਚੇ ਤੇ ਕਾਰਜ ਵਿਉਂਤਬੰਦੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਵਿਦਿਆਰਥੀ ਚੇਤਨਾ ਕੈਂਪ ਦਾ ਮਕਸਦ ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਅਤੇ ਪਰਖਣ ਦੀ ਪਹੁੰਚ ਦੇ ਇਲਾਵਾ ਉਨ੍ਹਾਂ ਵਿੱਚ ਸਵੈ ਵਿਸ਼ਵਾਸ ਅਤੇ ਸੰਘਰਸ਼ ਦੀ ਭਾਵਨਾ ਵਿਕਸਤ ਕਰਨਾ ਹੈ ਤਾਂ ਕਿ ਉਹ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਟਾਕਰਾ ਮਜ਼ਬੂਤੀ ਨਾਲ ਕਰ ਸਕਣ।
ਦੂਜੇ ਸੈਸ਼ਨ ਦੇ ਵਿਸ਼ੇਸ਼ ਬੁਲਾਰਿਆਂ ਪ੍ਰਿੰਸੀਪਲ ਹਰਿੰਦਰ ਕੌਰ ਅਤੇ ਮਨਦੀਪ ਸਿੰਘ ਮੱਲੀ ਨੇ ‘ਖੇਡ ਖੇਡ ਵਿੱਚ ਵਿਗਿਆਨ’ ਅਤੇ ‘ਸਾਈਬਰ ਅਪਰਾਧ’ ਵਿਸ਼ਿਆਂ ਬਾਰੇ ਵਿਚਾਰ ਸਾਂਝੇ ਕੀਤਾ। ਉਨ੍ਹਾਂ ਵਿਦਿਆਰਥੀਆਂ ਲਈ ਖੇਡਾਂ ਅਤੇ ਸਿਹਤਮੰਦ ਸਰੀਰ ਦੀ ਮਹੱਤਤਾ ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਨਸ਼ਿਆਂ,ਅਸ਼ਲੀਲਤਾ ਅਤੇ ਸਾਈਬਰ ਅਪਰਾਧ ਦੀਆਂ ਸਮਾਜਿਕ ਬੁਰਾਈਆਂ ਤੋਂ ਬਿਲਕੁਲ ਦੂਰ ਰਹਿਣ ਅਤੇ ਜ਼ਿੰਦਗੀ ਵਿੱਚ ਨੈਤਿਕ ਕਦਰਾਂ ਕੀਮਤਾਂ ਅਪਣਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਅਗਿਆਨਤਾ,ਅੰਧ ਵਿਸ਼ਵਾਸਾਂ ਅਤੇ ਰੂੜ੍ਹੀਵਾਦ ਨੂੰ ਵਿਗਿਆਨਕ ਚੇਤਨਾ ਰਾਹੀਂ ਖਤਮ ਕਰਕੇ ਹੀ ਇਕ ਵਿਕਸਤ ਸਮਾਜ ਉਸਾਰਿਆ ਜਾ ਸਕਦਾ ਹੈ। ਵਿਦਿਆਰਥੀਆਂ ਨੇ ਵੱਖ ਵੱਖ ਵਿਸ਼ਿਆਂ ਤੇ ਹੋਈ ਉਸਾਰੂ ਗਰੁੱਪ ਚਰਚਾ ਵਿੱਚ ਵੀ ਹਿੱਸਾ ਲਿਆ।
ਇਸਦੇ ਇਲਾਵਾ ਤੀਜੇ ਅਤੇ ਆਖਰੀ ਸੈਸ਼ਨ ਵਿੱਚ ਵਿਦਿਆਰਥੀਆਂ ਵੱਲੋਂ ਲੋਕ ਪੱਖੀ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਇਸ ਮੌਕੇ ਸੂਬਾ ਕਮੇਟੀ ਆਗੂ ਹੇਮ ਰਾਜ ਸਟੈਨੋਂ, ਰਾਜੇਸ਼ ਅਕਲੀਆ, ਗੁਰਪ੍ਰੀਤ ਸ਼ਹਿਣਾ,ਰਾਮ ਸਵਰਨ ਲੱਖੇਵਾਲੀ,ਸੁਖਵਿੰਦਰ ਬਾਗਪੁਰ,ਜਸਵੰਤ ਮੋਹਾਲੀ, ਸੁਰਜੀਤ ਟਿੱਬਾ, ਸੁਮੀਤ ਅੰਮ੍ਰਿਤਸਰ,ਕੁਲਜੀਤ ਡੰਗਰਖੇੜਾ, ਮੋਹਨ ਬਡਲਾ ਤੋਂ ਇਲਾਵਾ ਸਹਿਯੋਗੀ ਕੇਵਲ ਕ੍ਰਿਸ਼ਨ ਜੀਦਾ ,ਜੋਨ ਆਗੂ ਸੰਦੀਪ ਧਾਰੀਵਾਲ ਭੋਜਾਂ, ਅਜੀਤ ਪ੍ਰਦੇਸੀ, ਰਾਮ ਕੁਮਾਰ ਪਟਿਆਲਾ, ਕੁਲਵੰਤ ਕੌਰ ਪਟਿਆਲਾ, ਬੂਟਾ ਸਿੰਘ ਵਾਕਫ਼,ਅਸ਼ੋਕ ਕੁਮਾਰ ਰੋਪੜ, ਖੁਸ਼ਵੰਤ ਬਰਗਾੜੀ, ਗੁਰਮੀਤ ਜੱਜ, ਕੁਲਦੀਪ ਨੇਨੇਵਾਲ, ਭੀਮ ਰਾਜ ਅਤੇ ਬਿੰਦਰ ਧਨੌਲਾ ਹਾਜ਼ਰ ਸਨ।