ਤਰਕਸ਼ੀਲ ਮੇਲਾ: ਵਿਗਿਆਨਿਕ ਸੋਚ ਅਪਣਾਉਣ ਦਾ ਸੁਨੇਹਾ
ਪੱਤਰ ਪ੍ਰੇਰਕ
ਸ਼ਾਹਕੋਟ, 3 ਫਰਵਰੀ
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਸ਼ਾਹਕੋਟ ਵੱਲੋਂ ਸਥਾਨਕ ਬੱਸ ਅੱਡੇ ਦੇ ਨੇੜੇ ਤਰਕਸ਼ੀਲ ਮੇਲਾ ਕਰਵਾਇਆ ਗਿਆ ਜਿਸ ਵਿੱਚ ਲੋਕਾਂ ਨੂੰ ਵਿਗਿਆਨਿਕ ਸੋਚ ਅਪਣਾਉਣ, ਸੱਭਿਅਕ ਸਮਾਜ ਸਿਰਜਣ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਗਿਆ।
ਇਕੱਠ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਸੂਬਾਈ ਮੁਖੀ ਰਾਜਿੰਦਰ ਭਦੌੜ ਨੇ ਕਿਹਾ ਕਿ ਜਿਸ ਦਿਨ ਕਿਰਤੀ ਲੋਕ ਆਪਣੇ ਹਰ ਮਸਲੇ ਨੂੰ ਤਰਕ ਦੇ ਆਧਾਰ ’ਤੇ ਹੱਲ ਕਰਨਾ ਸਿੱਖ ਜਾਣਗੇ, ਉਸ ਦਿਨ ਉਹ ਆਪਣੀਆਂ ਸਮੱਸਿਆਵਾਂ ਦੇ ਹੱਲ ਕਰਨ ਦੀ ਜਾਚ ਵੀ ਸਿੱਖ ਜਾਣਗੇ। ਉਨ੍ਹਾਂ ਕਿਹਾ ਕਿ ਜੀਵਨ ਦੀਆਂ ਮੰਜ਼ਿਲਾਂ ਸਖਤ ਮਿਹਨਤਾਂ ਨਾਲ ਸਰ ਕੀਤੀਆਂ ਜਾਂਦੀਆਂ ਹਨ, ਨਾ ਕਿ ਪੂਜਾ ਪਾਠ ਜਾ ਭਗਤੀ ਕਰਨ ਨਾਲ।
ਉਨ੍ਹਾਂ ਲੋਕਾਂ ਨੂੰ ਸਿਆਸਤਦਾਨਾਂ,ਬਾਬਿਆਂ ਤੇ ਨਸ਼ਿਆਂ ਦੇ ਗੱਠਜੋੜ ਤੋਂ ਸਾਵਧਾਨ ਕਰਦਿਆਂ ਲੋਕ ਪੱਖੀ ਸਮਾਜ ਉਸਾਰਨ ਦਾ ਸੱਦਾ ਦਿਤਾ। ਮਨਜੀਤ ਮਲਸੀਆਂ ਤੇ ਹਰਜਿੰਦਰ ਬਾਗਪੁਰੀ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਨਾਟਕ ‘ਜਿਸ ਲਾਹੌਰ ਨਹੀਂ ਦੇਖਿਆ’ ਖੇਡਿਆ ਗਿਆ। ਮਨਜੋਤ, ਨਵਰੋਜ, ਨਛੱਤਰ ਅਤੇ ਬੇਅੰਤ ਔਜਲਾ ਨੇ ਇਨਕਲਾਬੀ ਗੀਤ ਗਾਏ। ਇਨਕਲਾਬੀ ਕਵੀ ਅਵਤਾਰ ਪਾਸ਼ ਦੀਆਂ ਭੈਣਾਂ ਪਰਮਿੰਦਰ ਕੌਰ ਤੇ ਰਜਿੰਦਰ ਕੌਰ, ਜੁਝਾਰਵਾਦੀ ਕਵੀ ਮਰਹੂਮ ਫਤਿਹਜੀਤ ਦੀ ਜੀਵਨ ਸਾਥਣ ਰਣਧੀਰ ਕੌਰ ਤੇ ਧੀ ਗੁਗਨ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਤੋਂ ਇਲਾਵਾ ਸੈਂਕੜੇ ਇਲਾਕਾ ਵਾਸੀ ਹਾਜ਼ਰ ਸਨ।
ਤਰਕਸ਼ੀਲ ਮੇਲੇ ’ਚ ਖੇਡੇ ਨਾਟਕ ‘ਜਿਸ ਲਾਹੌਰ ਨਹੀ ਦੇਖਿਆ’ ਦੀ ਝਲਕ। -ਫੋਟੋ: ਖੋਸਲਾ