ਤਣਾਅ ਘਟਾਉਣ ਦੇ ਕਦਮ
ਭਾਰਤ ਅਤੇ ਪਾਕਿਸਤਾਨ ਵਿਚਕਾਰ ਗੋਲੀਬੰਦੀ ਹੋਣ ਤੋਂ ਬਾਅਦ ਭਾਵੇਂ ਠੰਢ-ਠੰਢਾਅ ਹੋ ਗਿਆ ਹੈ ਪਰ ਦੋਵਾਂ ਦੇਸ਼ਾਂ ਵਿਚਕਾਰ ਬਣੀ ਗਹਿਰੀ ਬੇਭਰੋਸਗੀ ਕਰ ਕੇ ਗੋਲੀਬੰਦੀ ਦੇ ਅਮਲ ਨੂੰ ਸਥਿਰ ਹੋਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਅਮਰੀਕਾ ਦੀ ਵਿਚੋਲਗੀ ਕਰ ਕੇ ਭਾਵੇਂ 10 ਮਈ ਨੂੰ ਦੋਵਾਂ ਮੁਲਕਾਂ ਵਿਚਕਾਰ ਚਾਰ ਦਿਨ ਚੱਲਿਆ ਫ਼ੌਜੀ ਟਕਰਾਅ ਖ਼ਤਮ ਹੋ ਗਿਆ ਪਰ ਇਸ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਅੰਦਰੂਨੀ ਹਲਕਿਆਂ ਵਿੱਚ ਘੜਮੱਸ ਬਣਿਆ ਹੋਇਆ ਹੈ। ਇਸ ਦੇ ਹੁੰਦਿਆਂ-ਸੁੰਦਿਆਂ ਗੋਲੀਬੰਦੀ ਕਰ ਕੇ ਦੋਵਾਂ ਦੇਸ਼ਾਂ ਵਿਚਕਾਰ ਸਰਹੱਦ ਦੇ ਨਾਲ ਲਗਦੇ ਖੇਤਰਾਂ ਵਿੱਚ ਲੋਕਾਂ ਨੇ ਖ਼ਾਸ ਤੌਰ ’ਤੇ ਸੁੱਖ ਦਾ ਸਾਹ ਲਿਆ ਹੈ ਜਿਨ੍ਹਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਸੀ। ਇਸ ਦੇ ਨਾਲ ਹੀ ਬੁੱਧਵਾਰ ਨੂੰ ਪਾਕਿਸਤਾਨ ਵੱਲੋਂ ਬੰਦੀ ਬਣਾਏ ਗਏ ਬੀਐੱਸਐੱਫ ਜਵਾਨ ਪੂਰਣਮ ਕੁਮਾਰ ਸ਼ਾਅ ਨੂੰ ਵੀਹ ਦਿਨਾਂ ਬਾਅਦ ਰਿਹਾਅ ਕਰ ਦਿੱਤਾ ਹੈ। ਪਾਕਿਸਤਾਨ ਨਾਲ ਲਗਦੀ ਸਰਹੱਦ ’ਤੇ ਭੁਲੇਖੇ ਨਾਲ ਇੱਕ ਦੂਜੇ ਦੇ ਖੇਤਰ ਵਿੱਚ ਚਲੇ ਜਾਣ ’ਤੇ ਆਮ ਤੌਰ ’ਤੇ ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਸੀ ਅਤੇ ਅਜਿਹੇ ਫ਼ੈਸਲੇ ਬੀਐੱਸਐੱਫ ਤੇ ਪਾਕਿ ਰੇਂਜਰਜ਼ ਦੇ ਮੁਕਾਮੀ ਅਧਿਕਾਰੀਆਂ ਦੀ ਮੀਟਿੰਗ ਦੇ ਪੱਧਰ ’ਤੇ ਹੀ ਹੱਲ ਕਰ ਲਏ ਜਾਂਦੇ ਸਨ ਪਰ ਦੋਵਾਂ ਦੇਸ਼ਾਂ ਵਿਚਕਾਰ ਤਲਖ਼ੀ ਵਧਣ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਬੀਐੱਸਐੱਫ ਦੇ ਜਵਾਨ ਦੀ ਇਹ ਰਿਹਾਈ ਸੰਚਾਰ ਦੇ ਹੋਰਨਾਂ ਮਾਧਿਅਮਾਂ ਰਾਹੀਂ ਕਰਵਾਈ ਜਾ ਸਕੀ ਹੈ।
ਗੋਲੀਬੰਦੀ ਤੋਂ ਤੁਰੰਤ ਬਾਅਦ ਇਸ ਦੀਆਂ ਖ਼ਿਲਾਫ਼ਵਰਜ਼ੀਆਂ ਦੀਆਂ ਰਿਪੋਰਟਾਂ ਆਉਣ ਨਾਲ ਇਹ ਕਿਆਸ ਲੱਗਣੇ ਸ਼ੁਰੂ ਹੋ ਗਏ ਕਿ ਗੋਲੀਬੰਦੀ ਕਿੰਨਾ ਕੁ ਸਮਾਂ ਟਿਕ ਸਕੇਗੀ। ਇਸ ਮਾਮਲੇ ਵਿੱਚ ਦੋਵਾਂ ਦੇਸ਼ਾਂ ਵੱਲੋਂ ਇੱਕ ਦੂਜੇ ’ਤੇ ਗੋਲੀਬੰਦੀ ਦੀ ਖ਼ਿਲਾਫ਼ਵਰਜ਼ੀ ਕਰਨ ਦੇ ਦੋਸ਼ ਲਾਏ ਗਏ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਵਿਚਕਾਰ ਬਣੇ ਤਣਾਅ ਦੇ ਫ਼ੌਰੀ ਕਾਰਨ ਪਹਿਲਗਾਮ ਵਿੱਚ ਹੋਏ ਦਹਿਸ਼ਤਗਰਦ ਹਮਲੇ ਮੁਤੱਲਕ ਹਾਲੇ ਤੱਕ ਕੋਈ ਪੇਸ਼ਕਦਮੀ ਨਹੀਂ ਹੋ ਸਕੀ। ਪਿਛਲੇ ਦਿਨੀਂ ਜੰਮੂ ਕਸ਼ਮੀਰ ਪੁਲੀਸ ਵੱਲੋਂ ਪਹਿਲਗਾਮ ਹਮਲੇ ਵਿੱਚ ਸ਼ਾਮਿਲ ਦੱਸੇ ਜਾਂਦੇ ਦਹਿਸ਼ਤਗਰਦ ਦੀ ਤਲਾਸ਼ ਲਈ ਉਨ੍ਹਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਸਨ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵੱਲੋਂ ਇੱਕ ਦੂਜੇ ਖ਼ਿਲਾਫ਼ ਕੀਤੀਆਂ ਗ਼ੈਰ-ਫ਼ੌਜੀ ਕਾਰਵਾਈਆਂ ਜਿਵੇਂ ਵੀਜ਼ਾ ਸੇਵਾਵਾਂ ਮੁਲਤਵੀ ਕਰਨ, ਹਵਾਈ ਖੇਤਰ ਬੰਦ ਕਰਨ ਅਤੇ ਵਪਾਰ ’ਤੇ ਪਾਬੰਦੀ ਆਦਿ ਹਾਲੇ ਵੀ ਜਿਉਂ ਦੀ ਤਿਉਂ ਕਾਇਮ ਹਨ। ਦੋਵਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਅਪਰੇਸ਼ਨਜ਼ (ਡੀਜੀਐੱਮਓਜ਼) ਵਿਚਕਾਰ ਗੋਲੀਬੰਦੀ ਦੇ ਐਲਾਨ ਤੋਂ ਬਾਅਦ ਗੱਲਬਾਤ ਦੇ ਦੋ ਗੇੜ ਹੋ ਚੁੱਕੇ ਹਨ ਅਤੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਤਣਾਅ ਘਟਾਉਣ ਲਈ ਯੋਜਨਾਵਾਂ ਦਾ ਤਬਾਦਲਾ ਕੀਤਾ ਜਾਵੇਗਾ। ਇਨ੍ਹਾਂ ਵਿੱਚ ਹਥਿਆਰਬੰਦ ਦਸਤਿਆਂ ਅਤੇ ਘਾਤਕ ਨੂੰ ਮੂਹਰਲੀਆਂ ਪੁਜ਼ੀਸ਼ਨਾਂ ਤੋਂ ਵਾਪਸ ਬੁਲਾਉਣਾ ਵੀ ਸ਼ਾਮਿਲ ਹੋਵੇਗਾ।
ਭਾਰਤ ਇਹ ਆਖ ਚੁੱਕਿਆ ਹੈ ਕਿ ਉਸ ਵੱਲੋਂ ਆਪਣੀ ਫ਼ੌਜੀ ਕਾਰਵਾਈ ਰੋਕੀ ਗਈ ਹੈ ਅਤੇ ਜੇ ਭਵਿੱਖ ਵਿੱਚ ਕੋਈ ਵੀ ਦਹਿਸ਼ਤਗਰਦ ਹਮਲਾ ਹੋਇਆ ਤਾਂ ਉਹ ਆਪਣੀਆਂ ਸ਼ਰਤਾਂ ’ਤੇ ਬਦਲੇ ਦੀ ਕਾਰਵਾਈ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਜ਼ੋਰ ਦੇ ਕੇ ਆਖੀ ਹੈ ਕਿ ਜੇ ਪਾਕਿਸਤਾਨ ਨਾਲ ਗੱਲਬਾਤ ਹੁੰਦੀ ਹੈ ਤਾਂ ਇਸ ਵਿੱਚ ਦਹਿਸ਼ਤਗਰਦੀ ਅਤੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਮੁਤੱਲਕ ਹੀ ਹੋਵੇਗੀ ਤੇ ਉਨ੍ਹਾਂ ਇਹ ਵੀ ਦ੍ਰਿੜ੍ਹਾਇਆ ਕਿ ‘ਦਹਿਸ਼ਤਗਰਦੀ ਅਤੇ ਗੱਲਬਾਤ ਨਾਲੋ-ਨਾਲ ਨਹੀਂ ਚੱਲ ਸਕਦੇ।’ ਪਾਕਿਸਤਾਨ ਨੇ ਆਖਿਆ ਹੈ ਕਿ ਉਹ ਇਲਾਕਾਈ ਸ਼ਾਂਤੀ ਦੀ ਖਾਤਿਰ ਗੋਲੀਬੰਦੀ ਲਈ ਰਜ਼ਾਮੰਦ ਹੋਇਆ ਹੈ ਪਰ ਆਪਣੀ ਪ੍ਰਭੂਸੱਤਾ ਦੀ ਕਿਸੇ ਵੀ ਖ਼ਿਲਾਫ਼ਵਰਜ਼ੀ ਨੂੰ ਸਹਿਣ ਨਹੀਂ ਕਰੇਗਾ। ਕੌਮਾਂਤਰੀ ਭਾਈਚਾਰੇ ਨੇ ਗੋਲੀਬੰਦੀ ਦਾ ਸਵਾਗਤ ਕੀਤਾ ਹੈ ਪਰ ਦੋਵਾਂ ਮੁਲਕਾਂ ਨੂੰ ਗੋਲੀਬੰਦੀ ਨੂੰ ਪੱਕੇ ਪੈਰੀਂ ਕਰਨ ਲਈ ਕਈ ਕਦਮ ਉਠਾਉਣ ਅਤੇ ਆਪਸੀ ਭਰੋਸਾ ਪੈਦਾ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ।