ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਇਆ
ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 13 ਅਪਰੈਲ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੱਜ ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਪੰਥਕ ਰਵਾਇਤਾਂ ਅਨੁਸਾਰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਨੇ ਤਖ਼ਤ ਸਾਹਿਬ ’ਤੇ ਨਤਮਸਤਕ ਹੋ ਕੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸਾਬਕਾ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਤਖ਼ਤ ਸਾਹਿਬ ਸਮੂਹ ਵਿੱਚ ਪੰਜ ਪਿਆਰਿਆਂ ਅਤੇ ਮਾਤਾ ਸਾਹਿਬ ਕੌਰ ਨੂੰ ਸਮਰਪਿਤ ਬੁੰਗਿਆਂ ਦਾ ਉਦਘਾਟਨ ਕੀਤਾ। ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਸੰਗਤ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਿਆ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਜੰਗਜੂ ਕਲਾ ਗਤਕਾ ਅਤੇ ਸੁੰਦਰ ਦਸਤਾਰ ਮੁਕਾਬਲੇ ਵੀ ਕਰਵਾਏ।

ਚੰਡੀਗੜ੍ਹ (ਕੁਲਦੀਪ ਸਿੰਘ): ਖ਼ਾਲਸਾ ਸਾਜਨਾ ਦਿਵਸ ਅੱਜ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਗੁਰਦੁਆਰਾ ਗੁਰਸਾਗਰ ਸਾਹਿਬ (ਸੁਖਨਾ ਝੀਲ ਕਿਨਾਰੇ) ਵਿਖੇ ਅੱਜ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਪੂਰਾ ਦਿਨ ਕੀਰਤਨ ਦਰਬਾਰ ਸਜਾਏ ਗਏ। ਸ਼੍ਰੋਮਣੀ ਸੰਤ ਖਾਲਸਾ ਇੰਟਨੈਸ਼ਨਲ ਫਾਊਂਡੇਸ਼ਨ ਗੁਰਸਾਗਰ ਸਾਹਿਬ ਵੱਲੋਂ ਕਰਵਾਏ ਗਏ ਸਮਾਗਮਾਂ ਵਿੱਚ ਮੁੱਖ ਸੇਵਾਦਾਰ ਸੰਤ ਪ੍ਰਿਤਪਾਲ ਸਿੰਘ ਤੇ ਭਾਈ ਤੇਜੇਸ਼ਵਰ ਪ੍ਰਤਾਪ ਸਿੰਘ ਨੇ ਕੀਰਤਨ ਕੀਤਾ। ਗੁਰੂ ਘਰ ਦੇ ਸੇਵਾਦਾਰ ਭਾਈ ਜਗਜੀਤ ਸਿੰਘ ਛੜਬੜ ਨੇ ਦੱਸਿਆ ਕਿ ਗੁਰਦੁਆਰਾ ਗੁਰਸਾਗਰ ਸਾਹਿਬ ਵਿਖੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਮਕਸਦ ਨਾਲ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਦਸਤਾਰਬੰਦੀ ਕਰਵਾਈ ਗਈ ਅਤੇ ਆਯੁਰਵੈਦਿਕ ਹਸਪਤਾਲ ਦਾ ਉਦਘਾਟਨ ਵੀ ਕਰਵਾਇਆ ਗਿਆ। ਗੁਰਦੁਆਰਾ ਕਲਗੀਧਰ ਖੇੜੀ ਸੈਕਟਰ 20 ਚੰਡੀਗੜ੍ਹ ਵਿਖੇ ਵੀ ਮੁੱਖ ਸੇਵਾਦਾਰ ਗੁਰਿੰਦਰਬੀਰ ਸਿੰਘ, ਸਕੱਤਰ ਹੁਕਮ ਸਿੰਘ ਦੀ ਅਗਵਾਈ ਹੇਠ ਪ੍ਰੋਗਰਾਮ ਕਰਵਾਏ ਗਏ। ਸੈਕਟਰ 28 ਸਥਿਤ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਵੀ ਸੰਤ ਬਾਬਾ ਗੁਰਦੇਵ ਸਿੰਘ ਦੀ ਅਗਵਾਈ ਹੇਠ ਸਮਾਗਮ ਹੋਇਆ।
ਮੋਰਿੰਡਾ (ਸੰਜੀਵ ਤੇਜਪਾਲ): ਮੋਰਿੰਡਾ ਦੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਵਿਖੇ ਵੱਡੀ ਗਿਣਤੀ ਸੰਗਤ ਨਤਮਸਤ ਹੋਈ। ਗੁਰਦੁਆਰਾ ਸਿੰਘ ਸਭਾ ਰਾਮਗੜੀਆ ਮੋਰਿੰਡਾ ਵਿਖੇ ਭਾਈ ਅਵਤਾਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਜਥੇ ਨੇ ਕੀਰਤਨ ਕੀਤਾ ਅਤੇ ਸੁਰਜੀਤ ਨਗਰ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ। ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਘੜੂੰਆ ਵਿਖੇ ਬਾਈ ਦੀਪ ਸਿੰਘ ਘੜੂੰਆ ਤੇ ਬਾਬਾ ਦਿਲਬਾਗ ਸਿੰਘ ਦੀ ਦੇਖ ਰੇਖ ਹੇਠ ਸਮਾਗਮ ਹੋਇਆ। ਪਿੰਡ ਗੜਾਂਗਾਂ ਦੇ ਗੁਰਦੁਆਰਾ ਸ੍ਰੀ ਸੰਤ ਕੁਟੀਆ ਸਾਹਿਬ ਵਿਖੇ ਪ੍ਰਧਾਨ ਭਾਈ ਗੁਰਿੰਦਰ ਸਿੰਘ ਗੜਾਂਗ ਦੀ ਅਗਵਾਈ ਹੇਠ ਵਿਸਾਖੀ ਮਨਾਈ ਗਈ। ਇਸ ਤਰ੍ਹਾਂ ਪਿੰਡ ਸਹੇੜੀ ਬੂਰ ਮਾਜਰਾ ਰਤਨਗੜ੍ਹ ਦਾਤਾਰਪੁਰ ਮੁੰਡੀਆਂ ਅਤੇ ਹੋਰ ਪਿੰਡਾਂ ਵਿੱਚ ਵੀ ਖ਼ਾਲਸਾ ਸਾਜਨਾ ਦਿਵਸ ਮਨਾਇਆ।
ਕੁਰਾਲੀ (ਮਿਹਰ ਸਿੰਘ): ਗੁਰਦੁਆਰਾ ਗੜ੍ਹੀ ਭੋਰਖਾ ਸਾਹਿਬ ਮਾਜਰੀ ਬਲਾਕ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਇਆ ਗਿਆ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਵਿਸਾਖੀ ਮੌਕੇ ਮੁੱਲਾਂਪੁਰ ਗਰੀਬਦਾਸ, ਨਵਾਂ ਗਰਾਉਂ ਤੇ ਨਿਊ ਚੰਡੀਗੜ੍ਹ ਖੇਤਰ ਦੇ ਕਈ ਪਿੰਡਾਂ ਵਿਚਲੇ ਗੁਰਦੁਆਰਿਆਂ ਵਿੱਚ ਸੁਖਮਨੀ ਸਾਹਿਬ ਦੇ ਪਾਠ ਮਗਰੋਂ ਚਾਹ, ਪਕੌੜਿਆਂ ਦੇ ਲੰਗਰ ਲਾਏ ਗਏ।
ਨੰਗਲ (ਬਲਵਿੰਦਰ ਰੈਤ): ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਬਿਭੌਰ ਸਾਹਿਬ ਵਿਖੇ ਵਿਸਾਖੀ ਮੌਕੇ ਸੈਂਕੜੇ ਸ਼ਰਧਾਲੂਆਂ ਨੇ ਮੱਥਾ ਟੇਕਿਆ। ਇਸ ਤੋਂ ਇਲਾਵਾ ਬਿਰਮੋਤੀ ਮੰਦਰ ਅਤੇ ਕਿਸ਼ਤੀ ਘਾਟ ਸਾਹਿਬ ’ਤੇ ਵੀ ਵਿਸਾਖੀ ਮੌਕੇ ਖੂਬ ਰੌਣਕਾਂ ਲੱਗੀਆਂ। ਵੱਡੀ ਗਿਣਤੀ ਸੰਗਤ ਨੇ ਸਤਲੁਜ ਦਰਿਆ ਵਿੱਚ ਇਸ਼ਨਾਨ ਕੀਤਾ।
ਗੁਰਦੁਆਰਾ ਨਾਢਾ ਸਾਹਿਬ ਅਤੇ ਮੰਜੀ ਸਾਹਿਬ ’ਚ ਸਮਾਗਮ
ਪੰਚਕੂਲਾ (ਪੀਪੀ ਵਰਮਾ): ਗੁਰਦੁਆਰਾ ਪਾਤਸ਼ਾਹੀ 10ਵੀਂ ਨਾਢਾ ਸਾਹਿਬ ਪੰਚਕੂਲਾ ਵਿਖੇ ਖ਼ਾਲਸਾ ਸਾਜਨਾ ਦਿਵਸ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਨਾਢਾ ਸਾਹਿਬ ਦੇ ਸਮੁੱਚੇ ਪ੍ਰਬੰਧ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿਸ ਵਿੱਚ ਪ੍ਰਸਿੱਧ ਰਾਗੀ ਜਥੇ ਭਾਈ ਅਰਵਿੰਦਰ ਸਿੰਘ ਨੂਰ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਹਜ਼ੂਰੀ ਰਾਗੀ ਜਥੇ ਗੁਰਦੁਆਰਾ ਨਾਢਾ ਸਾਹਿਬ ਨੇ ਕੀਰਤਨ ਕੀਤਾ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਥਾ ਰਾਹੀਂ ਹਾਜ਼ਰੀ ਭਰੀ। ਦੁਪਹਿਰ ਸਮੇਂ ਢਾਡੀ ਦਰਬਾਰ ਵਿੱਚ ਪੰਥ ਪ੍ਰਸਿੱਧ ਢਾਡੀ ਜਥਿਆਂ ਨੇ ਖ਼ਾਲਸਾ ਸਾਜਨਾ ਦਿਵਸ ਦਾ ਇਤਿਹਾਸ ਸਾਂਝਾ ਕੀਤਾ। ਪੰਚਕੂਲਾ ਦੇ ਸੈਕਟਰ-7 ਦੇ ਗੁਰਦੁਆਰਾ ਸਿੰਘ ਸਭਾ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਇਆ ਗਿਆ। ਗੁਰਦੁਆਰਾ ਦੇ ਪ੍ਰਧਾਨ ਕੰਵਰਪਾਲ ਸਿੰਘ ਨੇ ਦੱਸਿਆ ਕਿ ਕਥਾ ਵਾਚਕਾਂ ਨੇ ਸੰਗਤ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਪਿੰਜੌਰ ਦੇ ਗੁਰਦੁਆਰਾ ਵਿੱਚ ਖਾਲਸਾ ਦਿਵਸ ਮਨਾਇਆ ਗਿਆ। ਪਿੰਜੌਰ ਦੀਆਂ ਕੁਦਰਤੀ ਬਾਉਲੀਆਂ ਵਿੱਚ ਵੱਡੀ ਗਿਣਤੀ ਸੰਗਤ ਨੇ ਇਸ਼ਨਾਨ ਕੀਤਾ ਤੇ ਯਾਦਵਿੰਦਰਾ ਗਾਰਡਨ ਵਿੱਚ ਵਿਸਾਖੀ ਮੇਲਾ ਭਰਿਆ ਅਤੇ ਬੱਚਿਆਂ ਦੇ ਕਲਾ ਕ੍ਰਿਤਾਂ ਦੇ ਮੁਕਾਬਲੇ ਹੋਏ।
ਸੀਪੀ-67 ਮਾਲ ਵਿੱਚ ਵਿਸਾਖੀ ਉਤਸਵ ‘ਪਿੰਡ ਦੀ ਗੂੰਜ’

ਐੱਸਏਐੱਸ ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਹੋਮਲੈਂਡ ਗਰੁੱਪ ਵੱਲੋਂ ਸੀਪੀ-67 ਮਾਲ ਵਿਖੇ 27 ਅਪਰੈਲ ਤੱਕ ਚੱਲਣ ਵਾਲਾ 17 ਰੋਜ਼ਾ ਵਿਸਾਖੀ ਉਤਸਵ ‘ਪਿੰਡ ਦੀ ਗੂੰਜ’ ਬੀਤੀ ਦਿਨੀਂ ਧੂਮ-ਧੜੱਕੇ ਨਾਲ ਸ਼ੁਰੂ ਹੋਇਆ। ਜੀਵੰਤ ਰੰਗਾਂ, ਸੱਭਿਆਚਾਰ ਅਤੇ ਭਾਈਚਾਰੇ ਨਾਲ ਸੀਪੀ ਮਾਲ ਨੇ ਪੰਜਾਬ ਦੀਆਂ ਪਰੰਪਰਾਵਾਂ, ਸੰਗੀਤ ਅਤੇ ਪਕਵਾਨਾਂ ਨੂੰ ਇੱਕ ਛੱਤ ਹੇਠ ਸ਼ਾਮਲ ਕਰਦੇ ਹੋਏ ਟ੍ਰਾਈਸਿਟੀ ਲਈ ਸ਼ਾਨਦਾਰ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਹੈ। ਤਿਉਹਾਰ ਦੀ ਸ਼ੁਰੂਆਤ ਇੱਕ ਵਿਸਾਖੀ ਮੇਲੇ ਨਾਲ ਹੋਈ, ਜਿਸ ਵਿੱਚ ਕਠਪੁਤਲੀ ਸ਼ੋਅ, ਪੰਜਾਬੀ ਲੋਕ ਗੀਤਾਂ ’ਤੇ ਸਮੂਹ ਨਾਚ ਮੁਕਾਬਲੇ ਅਤੇ ਇੱਕ ਲਾਈਵ ਬੰਸਰੀ ਪ੍ਰਦਰਸ਼ਨ ਕੀਤੀ ਗਈ। ਸ਼ਾਮ ਨੂੰ 8 ਮੈਂਬਰੀ ਮੰਡਲੀ ਨੇ ਲਾਈਵ ਬੋਲੀਆਂ, ਮਾਲਵਾਈ ਗਿੱਧੇ ਦੀਆਂ ਧੁਨਾਂ ਅਤੇ ਖੁੱਲ੍ਹੇ ਨਾਚ ਦੀ ਪੇਸ਼ਕਾਰੀ ਨਾਲ ਖੂਬ ਰੰਗ ਬੰਨ੍ਹਿਆ। ਮਾਸਟਰ ਕਠਪੁਤਲੀ ਵਿਕਰਮ ਭੱਟ ਨੇ ਇੱਕ ਵਿਲੱਖਣ ਕਿਸਮ ਦਾ ‘ਡੂ ਹੈਂਡ’ ਕਠਪੁਤਲੀ ਸ਼ੋਅ ਪ੍ਰਦਰਸ਼ਿਤ ਕੀਤਾ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਗੋਲਡ ਮੈਡਲ ਜੇਤੂ ਨਿਰਵੈਰ ਖਾਲਸਾ ਸਿੱਖ ਮਾਰਸ਼ਲ ਗਤਕਾ ਮਾਰਸ਼ਲ ਆਰਟਸ ਦਾ ਪ੍ਰਦਰਸ਼ਨ ਕਰਨਗੇ। ਸੱਭਿਆਚਾਰਕ ਪ੍ਰੋਗਰਾਮਾਂ ਤੋਂ ਇਲਾਵਾ, ਖਾਣੇ ਦੇ ਸ਼ੌਕੀਨ 5 ਸਟਾਰ ਹੋਟਲ, ਦਿ ਲਲਿਤ ਤੋਂ ਸ਼ੈੱਫ ਦੁਆਰਾ ਜੱਜ ਕੀਤੇ ਗਏ ਇੱਕ ਵਿਸ਼ੇਸ਼ ਭੋਜਨ ਚੱਖਣ ਦੇ ਮੁਕਾਬਲੇ ਨੂੰ ਦੇਖ ਸਕਣਗੇ।
ਬੱਚਿਆਂ ਨੂੰ ਦਸਤਾਰਾਂ ਭੇਟ ਕੀਤੀਆਂ

ਮੰਡੀ ਗੋਬਿੰਦਗੜ੍ਹ (ਡਾ. ਹਿਮਾਂਸ਼ੂ ਸੂਦ): ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ. ਚਾਂਸਲਰ ਡਾ. ਤਜਿੰਦਰ ਕੌਰ ਨੇ ਨੌਜਵਾਨਾਂ ਨੂੰ ਗੁਰਦੁਆਰਾ ਸਾਹਿਬ ਸੈਕਟਰ-8 ਚੰਡੀਗੜ੍ਹ ਵਿਖੇ ਦਸਤਾਰਾਂ ਭੇਟ ਕੀਤੀਆਂ। ਡਾ. ਤਜਿੰਦਰ ਕੌਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਯੂਨੀਵਰਸਿਟੀ ਵੱਲੋਂ ਪੰਜਾਬ ਵਿਚ ਚਲਾਈ ਗਈ ਨਸ਼ਾ ਮੁਕਤ ਮੁਹਿੰਮ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਗਤ ਯੂਨੀਵਰਸਿਟੀ ਅਤੇ ਦੇਸ਼ ਭਗਤ ਰੇਡੀਓ ਸੰਸਥਾਵਾਂ ਸਮਾਜ ਭਲਾਈ ਦੇ ਕੰਮਾਂ ਵਿਚ ਹਿੱਸਾ ਪਾਉਣ ਲਈ ਤੱਤਪਰ ਹਨ। ਟਰਾਈਸਿਟੀ ਦੇ ਵੱਖ-ਵੱਖ ਸਕੂਲਾਂ ਦੇ ਸੱਤ ਤੋਂ 17 ਸਾਲਾ ਵਰਗ ਦੇ ਬੱਚਿਆਂ ਦੇ ਦਸਤਾਰਾਂ ਸਜਾਉਣ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚੋਂ ਪਹਿਲੇ ਤਿੰਨ ਸਥਾਨ ’ਤੇ ਰਹਿਣ ਵਾਲੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੈਕਟਰ 40-ਸੀ ਚੰਡੀਗੜ੍ਹ ਦੇ ਕਮਲਪ੍ਰੀਤ ਸਿੰਘ, ਸਿਟੀ ਗਲੋਬਲ ਸਕੂਲ ਜ਼ੀਰਕਪੁਰ ਦੇ ਹਰਤੇਜ ਸਿੰਘ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਸੈਕਟਰ 35-ਬੀ ਚੰਡੀਗੜ੍ਹ ਦੇ ਜਪਮਨ ਸਿੰਘ ਦਾ ਡਾ. ਤਜਿੰਦਰ ਕੌਰ ਨੇ ਦਸਤਾਰ ਅਤੇ ਸਰਟੀਫੀਕੇਟ ਨਾਲ ਸਨਮਾਨ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਬਹਿਲ ਨੇ ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ। ਇਸ ਮੌਕੇ ਇਸਤਰੀ ਸਭਾ ਦੀ ਪ੍ਰਧਾਨ ਮਲਿਕਾ ਸਿੰਘ ਅਤੇ ਧਾਰਮਿਕ ਸਮਾਗਮਾਂ ਦੇ ਇੰਚਾਰਜ ਸਤਨਾਮ ਸਿੰਘ ਹਾਜ਼ਰ ਸਨ।