ਢੀਂਡਸਾ ਨੇ ਸੁਖਬੀਰ ’ਤੇ ਸੇਧੇ ਨਿਸ਼ਾਨੇ
ਪੱਤਰ ਪ੍ਰੇਰਕ
ਮਾਲੇਰਕੋਟਲਾ, 15 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਤਖ਼ਤਾਂ ਦੇ ਜਥੇਦਾਰਾਂ ਨੂੰ ਮਿਲੀ ਸਰਕਾਰੀ ਸੁਰੱਖਿਆ ਸਬੰਧੀ ਦਿਤੇ ਬਿਆਨ ਦੀ ਨਿਖੇਧੀ ਕਰਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸਿੰਘ ਸਾਹਿਬਾਨ ਦੀ ਕਿਰਦਾਰਕੁਸ਼ੀ ਕਰਨ ਵਾਲੀ ਅਜਿਹੀ ਬਿਆਨਬਾਜ਼ੀ ਨੂੰ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਅਤੇ ਮਾਨਸਿਕ ਦਿਵਾਲੀਆਪਣ ਦਾ ਪ੍ਰਗਟਾਵਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਵਿਸਾਖੀ ਮੌਕੇ ਸੁਖਬੀਰ ਸਿੰਘ ਬਾਦਲ ਨੇ ਸਿੰਘ ਸਾਹਿਬਾਨ ਉਪਰ ਸਕਿਊਰਿਟੀ ਲੈਣ ਲਈ ਸਿੱਖ ਕੌਮ ਨੂੰ ਹੀ ਦਾਅ ’ਤੇ ਲਾ ਦੇਣ ਦੇ ਗੰਭੀਰ ਦੋਸ਼ ਲਾ ਕੇ ਸਿੱਖ ਕੌਮ ਦੇ ਸਰਵ ਉੱਚ ਅਹੁੱਦਿਆਂ ’ਤੇ ਬਿਰਾਜਮਾਨ ਸਿੰਘ ਸਾਹਿਬਾਨ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਬਕਾ ਵਿੱਤ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਉਪਰ ਸਿੱਧਾ ਹਮਲਾ ਬੋਲਦਿਆਂ ਸਵਾਲ ਕੀਤਾ ਕਿ ਸਿੱਖ ਪੰਥ ਦੇ ਸਤਿਕਾਰਤ ਸਿੰਘ ਸਾਹਿਬਾਨ ਦੀ ਸੁਰੱਖਿਆ ਉਪਰ ਸਵਾਲ ਕਰਨ ਵਾਲੇ ਕੀ ਦੱਸ ਸਕਦੇ ਹਨ ਕਿ ਉਨ੍ਹਾਂ ਨਵੇਂ ਬਣੇ ਰਿਸ਼ਤੇਦਾਰਾਂ ਦੇ ਘਰਾਂ ’ਤੇ ਸੁਰੱਖਿਆ ਗਾਰਦ ਕਿਹੜੇ ਕਾਰਨਾਂ ਕਰਕੇ ਲੱਗੀ ਹੋਈ ਹੈ?