ਢਿੱਲੋਂ ਵੱਲੋਂ ਵਾਟਰ ਟਰੀਟਮੈਂਟ ਪਲਾਂਟ ਦਾ ਜਾਇਜ਼ਾ
ਬੀਰਬਲ ਰਿਸ਼ੀ
ਸ਼ੇਰਪੁਰ, 29 ਜਨਵਰੀ
ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜ ਤੇ ਸਮਾਲ ਸਕੇਲ ਇੰਡਸਟਰੀ ਪੰਜਾਬ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਚਾਇਤਾਂ ਵੱਲੋਂ ਸੁਝਾਏ ਪਿੰਡਾਂ ਦੇ ਤਰਜੀਹੀ ਵਿਕਾਸ ਕਾਰਜਾਂ ਨੂੰ ਛੇਤੀ ਹੀ ਅੱਗੇ ਤੋਰਿਆ ਜਾ ਰਿਹਾ ਹੈ ਤਾਂ ਜੋ ਹਲਕੇ ਦੇ ਹਰ ਪਿੰਡ ਦੀ ਨੁਹਾਰ ਬਦਲੀ ਜਾ ਸਕੇ। ਸ੍ਰੀ ਢਿੱਲੋਂ ਪਿੰਡ ਘਨੌਰ ਕਲਾਂ ਵਿਖੇ ਸਰਪੰਚ ਜਸਵਿੰਦਰ ਸਿੰਘ ਘਨੌਰ ਦੀ ਅਗਵਾਈ ਵਾਲੀ ਪੰਚਾਇਤ ਵੱਲੋਂ 40 ਲੱਖ ਦੀ ਲਾਗਤ ਨਾਲ ਤਿਆਰ ਕਰਵਾਏ ਜਾ ਰਹੇ ਵਾਟਰ ਟਰੀਟਮੈਂਟ ਪਲਾਂਟ ਦਾ ਜਾਇਜ਼ਾ ਲੈਣ ਅਤੇ ਪਿੰਡ ਦੇ ਲੋਕਾਂ ਦੀ ਮੰਗ ’ਤੇ ਬਣਾਈ ਗਲੀ ਦੇ ਕੰਮ ਦੀ ਨੀਂਹ ਰੱਖ ਕੇ ਕਰਵਾਈ ਸ਼ੁਰੂਆਤ ਮੌਕੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਢਿੱਲੋਂ ਨੇ ਅੱਗੇ ਦੱਸਿਆ ਕਿ ਪਿੰਡ ਭਸੌੜ ਵਿਖੇ ਪੰਜਾਬ ਮੰਡੀ ਬੋਰਡ ਦੀ ਦੇਖ-ਰੇਖ ਹੇਠ 72.23 ਲੱਖ ਦੀ ਲਾਗਤ ਨਾਲ ਪਿੰਡ ਭਸੌੜ ਵਿਖੇ ਚੱਲ ਰਹੇ ਕੰਮਾਂ ਦੀ ਸਮੀਖਿਆ ਕਰਦਿਆਂ ਸਬੰਧਤ ਕਰਮਚਾਰੀਆਂ ਨੂੰ ਲੋੜੀਦੀਆਂ ਹਦਾਇਤਾਂ ਦਿੱਤੀਆਂ ਹਨ। ਚੇਅਰਮੈਨ ਢਿੱਲੋਂ ਨੇ ਪਿੰਡ ਬੁਗਰਾ ਵਿਖੇ ਪਹੁੰਚ ਕੇ 1.65 ਕਰੋੜ ਦੀ ਲਾਗਤ ਨਾਲ ਗਲੀਆਂ ਦੀ ਉਸਾਰੀ ਕਰਵਾਏ ਜਾਣ, ਪਿੰਡ ਵਿੱਚ ਲੋਕਾਂ ਨਾਲ ਭਰਵੀਂ ਮੀਟਿੰਗ ਕਰਨ ਮਗਰੋਂ ਸਕੂਲ ਪਹੁੰਚ ਕੇ ਖੇਡਾਂ ’ਚ ਪੰਜਾਬ ਪੱਧਰ ’ਤੇ ਨਾਮਨਾ ਖੱਟਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ।