For the best experience, open
https://m.punjabitribuneonline.com
on your mobile browser.
Advertisement

ਢਹਿ-ਢੇਰੀ ਹੋਏ ਘਰ ਤੇ ਗੁਆਚਿਆ ਨਿਆਂ

04:16 AM Apr 06, 2025 IST
ਢਹਿ ਢੇਰੀ ਹੋਏ ਘਰ ਤੇ ਗੁਆਚਿਆ ਨਿਆਂ
Advertisement

ਅਰਵਿੰਦਰ ਜੌਹਲ

Advertisement

ਪਿਛਲੇ ਕੁਝ ਸਮੇਂ ਤੋਂ ‘ਬੁਲਡੋਜ਼ਰ’ ਸ਼ਬਦ ਦੇਸ਼ ਦੀ ਸਿਆਸਤ ਦੇ ਬਿਰਤਾਂਤ ਦਾ ਕੇਂਦਰ-ਬਿੰਦੂ ਬਣ ਚੁੱਕਾ ਹੈ। ਜਦੋਂ ਵੀ ਕਿਧਰੇ ਕੋਈ ਅਪਰਾਧਕ ਘਟਨਾ ਵਾਪਰਦੀ ਹੈ ਤਾਂ ਤੱਟ-ਫੱਟ ‘ਇਨਸਾਫ਼’ ਦੀ ਆੜ ਹੇਠ ਮੁਲਜ਼ਮ ਦੇ ਘਰ ਨੂੰ ਬੁਲਡੋਜ਼ਰ ਨਾਲ ਢਾਹ ਕੇ ਇੱਕ ਵੱਡੀ ਬੇਇਨਸਾਫ਼ੀ ਨੂੰ ਜਨਮ ਦਿੱਤਾ ਜਾਂਦਾ ਹੈ। ਕਾਨੂੰਨ ਮੁਤਾਬਿਕ ਨਾ ਕੇਸ, ਨਾ ਮੁਕੱਦਮਾ, ਨਾ ਮੁਲਜ਼ਮ ਦੀ ਸੁਣਵਾਈ...…ਬੱਸ ਤੱਟ-ਫੱਟ ਬੁਲਡੋਜ਼ਰ ਨਿਆਂ। ਕਾਨੂੰਨ ਦਾ ਅਸੂਲ ਹੈ ਕਿ ਭਾਵੇਂ ਹਜ਼ਾਰ ਗੁਨਾਹਗਾਰ ਛੁੱਟ ਜਾਣ ਪਰ ਕਿਸੇ ਬੇਗੁਨਾਹ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਫਿਰ ਵੀ ਦੇਸ਼ ਦੇ ਕਈ ਸੂਬਿਆਂ ਵਿੱਚ ਬੁਲਡੋਜ਼ਰ ਨਿਆਂ ਦੀ ਅਜਿਹੀ ਨਵੀਂ ਹਵਾ ਵਗੀ ਹੋਈ ਹੈ। ਬੁਲਡੋਜ਼ਰ ਨੂੰ ਦੇਸੀ ਭਾਸ਼ਾ ’ਚ ‘ਧਰਤੀ ਧੱਕ’ ਕਿਹਾ ਜਾਂਦਾ ਹੈ ਜਿਸ ਨੂੰ ਪਹਿਲਾਂ ਨਹਿਰਾਂ, ਬੰਨ੍ਹਾਂ, ਪੁਲਾਂ ਅਤੇ ਸੜਕਾਂ ਆਦਿ ਦੀ ਉਸਾਰੀ ਅਤੇ ਇਨ੍ਹਾਂ ਵਿਕਾਸ ਕਾਰਜਾਂ ’ਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਵਰਤਿਆ ਜਾਂਦਾ ਸੀ ਪਰ ਹੁਣ ਇਸ ਨੂੰ ਦੇਖ ਕੇ ਲੋਕ ਦਹਿਸ਼ਤਜ਼ਦਾ ਹੁੰਦੇ ਹਨ ਕਿ ਪਤਾ ਨਹੀਂ ਕਦੋਂ ਇਹ ਉਨ੍ਹਾਂ ਦੇ ਸਮੁੱਚੇ ਪਰਿਵਾਰ ਦੀਆਂ ਜ਼ਿੰਦਗੀਆਂ ਨੂੰ ਤਬਾਹ ਕਰ ਦੇਵੇ। ਹੋ ਸਕਦੈ ਕਿਸੇ ਅਪਰਾਧਕ ਮਾਮਲੇ ’ਚ ਮੁਲਜ਼ਮ ਤਾਂ ਇੱਕੋ ਹੋਵੇ ਪਰ ਇਸ ‘ਬੁਲਡੋਜ਼ਰ ਨਿਆਂ’ (ਅਨਿਆਂ) ਦੀ ਸਜ਼ਾ ਉਸ ਦੇ ਸਮੁੱਚੇ ਪਰਿਵਾਰ ਨੂੰ ਭੁਗਤਣੀ ਪਈ ਹੋਵੇ।
ਉੱਤਰ ਪ੍ਰਦੇਸ਼ ਦੀ ਪ੍ਰਯਾਗਰਾਜ ਵਿਕਾਸ ਅਥਾਰਿਟੀ ਵੱਲੋਂ 2021 ’ਚ ਬੁਲਡੋਜ਼ਰ ਨਾਲ ਛੇ ਘਰਾਂ ਨੂੰ ਆਪਹੁਦਰੇ ਢੰਗ ਨਾਲ ਢਾਹੁਣ ਨੂੰ ਸੁਪਰੀਮ ਕੋਰਟ ਨੇ ਅਣਮਨੁੱਖੀ ਤੇ ਗ਼ੈਰ-ਕਾਨੂੰਨੀ ਕਰਾਰ ਦਿੱਤਾ ਹੈ। ਇਸ ਮਾਮਲੇ ’ਚ ਬੀਤੇ ਦਿਨੀਂ ਆਪਣਾ ਫ਼ੈਸਲਾ ਸੁਣਾਉਂਦਿਆਂ ਅਦਾਲਤ ਨੇ ਸੂਬਾ ਸਰਕਾਰ ਨੂੰ ਛੇ ਪੀੜਤਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ। ਇਹ ਫ਼ੈਸਲਾ ਸੰਵਿਧਾਨ ਦੀ ਧਾਰਾ 21 ਤਹਿਤ ‘ਆਸਰੇ (Shelter) ਦੇ ਅਧਿਕਾਰ’ ਨੂੰ ਦ੍ਰਿੜ੍ਹਾਉਂਦਿਆਂ ਸਪੱਸ਼ਟ ਕਰਦਾ ਹੈ ਕਿ ਇਸ ਅਧਿਕਾਰ ਦਾ ਨਾਗਰਿਕ ਦੇ ਜਿਊਣ ਅਤੇ ਨਿੱਜੀ ਆਜ਼ਾਦੀ ਦੇ ਅਧਿਕਾਰ ਨਾਲ ਅਟੁੱਟ ਸਬੰਧ ਹੈ। ਇਸ ਕੇਸ ਦਾ ਫ਼ੈਸਲਾ ਸੁਣਾਉਣ ਵੇਲੇ ਸੁਪਰੀਮ ਕੋਰਟ ਦੇ ਧਿਆਨ ’ਚ ਹਾਲ ਹੀ ਵਿੱਚ ਦੇਸ਼ ਭਰ ’ਚ ਵਾਇਰਲ ਹੋਇਆ ਇੱਕ ਬੱਚੀ ਦਾ ਵੀਡੀਓ ਆਇਆ। ਇਹ ਅੱਠ ਸਾਲਾ ਬੱਚੀ ਅੰਬੇਡਕਰ ਨਗਰ ਦੇ ਜਲਾਲਪੁਰ ਇਲਾਕੇ ਵਿੱਚ ਆਪਣੀ ਝੌਂਪੜੀ ਵੱਲ ਵਧਦੇ ਬੁਲਡੋਜ਼ਰ ਨੂੰ ਦੇਖ, ਭੱਜ ਕੇ ਅੰਦਰ ਦਾਖ਼ਲ ਹੁੰਦੀ ਹੈ। ਉਹ ਝੌਂਪੜੀ ’ਚੋਂ ਆਪਣੇ ਕੱਪੜੇ ਜਾਂ ਕੋਈ ਵੀ ਹੋਰ ਚੀਜ਼ ਚੁੱਕਣ ਦੀ ਬਜਾਏ ਆਪਣੀਆਂ ਕਿਤਾਬਾਂ ਘੁੱਟ ਕੇ ਸੀਨੇ ਨਾਲ ਲਾਈ ਬਾਹਰ ਨਿਕਲਦੀ ਦਿਖਾਈ ਦਿੰਦੀ ਹੈ। ਉਹ ਨਿੱਕੀ ਜਿਹੀ ਬੱਚੀ ਭੱਜਦੀ ਹੋਈ ਉਸ ਬੁਲਡੋਜ਼ਰ ਅਤੇ ਪੁਲੀਸ ਕਰਮੀਆਂ ਤੋਂ ਦੂਰ ਜਾਂਦੀ ਦਿਸਦੀ ਹੈ ਜਿਵੇਂ ਆਪਣੀ ਬੇਸ਼ਕੀਮਤੀ ਚੀਜ਼ ਨੂੰ ਦੂਰ ਲਿਜਾ ਕੇ ਸੁਰੱਖਿਅਤ ਰੱਖਣਾ ਚਾਹੁੰਦੀ ਹੋਵੇ। ਇਹ ਕਿਤਾਬਾਂ ਉਸ ਨੂੰ ਪ੍ਰੀਖਿਆ ਵਿੱਚ ਬਹੁਤ ਚੰਗੀ ਕਾਰਗੁਜ਼ਾਰੀ ਕਾਰਨ ਉਸ ਦੇ ਅਧਿਆਪਕਾਂ ਅਤੇ ਪਿੰਡ ਵਾਲਿਆਂ ਨੇ ਲੈ ਕੇ ਦਿੱਤੀਆਂ ਸਨ। ਗ਼ਰੀਬ ਪਰਿਵਾਰ ਦੀ ਇਹ ਜ਼ਹੀਨ ਬੱਚੀ ਉਸ ਦੇ ਸਕੂਲ ਦਾ ਦੌਰਾ ਕਰਨ ਆਈ ਇੱਕ ਅਫਸਰ ਵਾਂਗ ਪੜ੍ਹ-ਲਿਖ ਕੇ ਉਸ ਜਿਹੀ ਬਣਨਾ ਲੋਚਦੀ ਹੈ।
ਅਸਲ ’ਚ ਇਸ ‘ਬੁਲਡੋਜ਼ਰ’ ਨੂੰ ਯੂ.ਪੀ. ਵਿੱਚ ਤੱਟ-ਫੱਟ ਨਿਆਂ ਦੇਣ ਦੇ ਪ੍ਰਤੀਕ ਵਜੋਂ ਉਭਾਰਿਆ ਗਿਆ ਅਤੇ ਅਜਿਹੀਆਂ ਕਾਰਵਾਈਆਂ ਦੀ ਇਸ ਢੰਗ ਨਾਲ ਸਿਫ਼ਤ-ਸਲਾਹ ਕੀਤੀ ਗਈ ਜਿਵੇਂ ਇਸ ਤਰ੍ਹਾਂ ਕਰਨ ਨਾਲ ਅਪਰਾਧੀਆਂ ਦੇ ਮਨਾਂ ਵਿੱਚ ਅਜਿਹਾ ਖ਼ੌਫ਼ ਪੈਦਾ ਕੀਤਾ ਜਾ ਰਿਹਾ ਹੈ ਕਿ ਉਹ ਫਿਰ ਕੋਈ ਅਪਰਾਧ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਗੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਪ੍ਰਸ਼ੰਸਕਾਂ ਨੇ ਉਸ ਨੂੰ ‘ਬੁਲਡੋਜ਼ਰ ਬਾਬਾ’ ਦਾ ਲਕਬ ਦਿੱਤਾ ਅਤੇ ਖ਼ੁਦ ਯੋਗੀ ਨੂੰ ਇਹ ਲਕਬ ਰਾਸ ਅਤੇ ਪਸੰਦ ਆਉਣ ਲੱਗਿਆ। ਯੋਗੀ ਦੇ ਆਪਣੇ ਸ਼ਬਦਾਂ ’ਚ ‘‘ਬੁਲਡੋਜ਼ਰ ਜੈਸੀ ਸਮਰੱਥਾ ਅਤੇ ਦ੍ਰਿੜ੍ਹ ਪ੍ਰਤਿੱਗਿਆ ਜਿਸ ’ਚ ਹੋਵੇ, ਉਹੀ ਬੁਲਡੋਜ਼ਰ ਚਲਾ ਸਕਦਾ ਹੈ।’’ ਪ੍ਰਯਾਗਰਾਜ ਵਿੱਚ ਗ਼ੈਰ-ਕਾਨੂੰਨੀ ਨਿਰਮਾਣ ਢਾਹੁਣ ਦੇ ਨਾਂ ਹੇਠ ਬੁਲਡੋਜ਼ਰ ਨਾਲ ਕੀਤੀ ਗਈ ਇਸ ਕਾਰਵਾਈ ਖ਼ਿਲਾਫ਼ ਪਾਈ ਪਟੀਸ਼ਨ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਵੱਲੋਂ ਇਸ ਬੱਚੀ ਦੀ ਵੀਡੀਓ ਦਾ ਜ਼ਿਕਰ ਕਰਦਿਆਂ ਆਖਿਆ ਗਿਆ ਕਿ ਇਸ ਨੇ ਉਨ੍ਹਾਂ ਦੀ ਅੰਤਰ-ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਗ਼ੌਰਤਲਬ ਹੈ ਕਿ ਇਸ ਕਾਰਵਾਈ ਦੌਰਾਨ ਇਹ ਬੱਚੀ ਪਹਿਲਾਂ ਵਾਰ-ਵਾਰ ਸਿਪਾਹੀਆਂ ਨੂੰ ਮਿੰਨਤਾਂ ਕਰਦੀ ਦਿਸਦੀ ਹੈ ਕਿ ਉਹ ਬੁਲਡੋਜ਼ਰ ਰੋਕ ਲੈਣ ਤਾਂ ਜੋ ਉਹ ਆਪਣੀਆਂ ਕਿਤਾਬਾਂ ਬਚਾ ਕੇ ਕੱਢ ਲਿਆਵੇ। ਇਸ ਬੱਚੀ ਦੀਆਂ ਮਿੰਨਤਾਂ ਨਾਲ ਸਿਪਾਹੀਆਂ ਦਾ ਮਨ ਵੀ ਪਸੀਜ ਗਿਆ ਅਤੇ ਉਨ੍ਹਾਂ ਕੁਝ ਦੇਰ ਲਈ ਬੁਲਡੋਜ਼ਰ ਰੋਕ ਦਿੱਤਾ। ਵੀਡੀਓ ’ਚ ਉਹ ਤੇਜ਼ੀ ਨਾਲ ਝੌਂਪੜੀ ਅੰਦਰ ਜਾਂਦੀ ਅਤੇ ਕਿਤਾਬਾਂ ਚੁੱਕ ਕੇ ਉੱਥੋਂ ਵਾਹੋ-ਦਾਹੀ ਭੱਜਦੀ ਨਜ਼ਰ ਪੈਂਦੀ ਹੈ। ਕੋਈ ਵੀ ਹੱਸਾਸ ਵਿਅਕਤੀ ਇਹ ਵੀਡੀਓ ਦੇਖ ਕੇ ਭਾਵੁਕ ਹੋਏ ਬਿਨਾਂ ਨਹੀਂ ਰਹਿ ਸਕਦਾ। ਤੁਹਾਨੂੰ ਲੱਗਦਾ ਹੈ ਜਿਵੇਂ ਉਹ ਤੁਹਾਡੀ ਆਪਣੀ ਨਿੱਕੀ ਜਿਹੀ ਧੀ ਹੈ, ਜਿਸ ਦੀਆਂ ਪੜ੍ਹਨ ਵਾਲੀਆਂ ਕਿਤਾਬਾਂ ਦੇ ਨਾਲ ਉਸ ਦੇ ਸਿਰ ਦੀ ਛੱਤ ਵੀ ਉਸ ਤੋਂ ਖੁੱਸ ਗਈ ਹੈ ਅਤੇ ਉਹ ਖੁੱਲ੍ਹੇ ਆਸਮਾਨ ਹੇਠ ਆਪਣੀ ਕੁੱਲ ਜਮ੍ਹਾਂ-ਪੂੰਜੀ ‘ਕਿਤਾਬਾਂ’ ਦੇ ਨਾਲ ਜ਼ਿੰਦਗੀ ਦੀਆਂ ਸਿਆਹ ਹਕੀਕਤਾਂ ਦੇ ਰੂ-ਬ-ਰੂ ਹੋ ਗਈ ਹੈ। ਸੋਸ਼ਲ ਮੀਡੀਆ ’ਤੇ ਟਰੈਂਡ ਹੋਈ ਇਹ ਵੀਡੀਓ ਦੇਖ ਕੇ ਜੱਜ ਵੀ ਭਾਵੁਕ ਹੋਏ ਬਿਨਾਂ ਨਾ ਰਹਿ ਸਕੇ।
ਸੁਪਰੀਮ ਕੋਰਟ ਦੇ ਜਸਟਿਸ ਅਭੈ ਐੱਸ. ਓਕਾ ਅਤੇ ਜਸਟਿਸ ਉਜਲ ਭੂਈਆਂ ਦੇ ਬੈਂਚ ਨੇ ਵਕੀਲ ਜ਼ੁਲਫਿਕਾਰ ਹੈਦਰ, ਪ੍ਰੋਫ਼ੈਸਰ ਅਲੀ ਅਹਿਮਦ ਤੇ ਹੋਰਾਂ ਦਾ ਮਕਾਨ ਢਾਹੇ ਜਾਣ ਵਿਰੁੱਧ ਦਾਇਰ ਇਸ ਪਟੀਸ਼ਨ ’ਤੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਦੇਸ਼ ਵਿੱਚ ਕਾਨੂੰਨ ਲਾਗੂ ਹੈ ਅਤੇ ਇਸ ਤਰ੍ਹਾਂ ਰਿਹਾਇਸ਼ੀ ਢਾਚੇ ਨਹੀਂ ਢਾਹੇ ਜਾ ਸਕਦੇ। ­ਇਹ ਵੀ ਤੱਥ ਹੈ ਕਿ ਕਾਨੂੰਨ ਮੁਤਾਬਿਕ ਕੋਈ ਮਸ਼ਕੂਕ ਓਨਾ ਚਿਰ ਅਪਰਾਧੀ ਨਹੀਂ ਮੰਨਿਆ ਜਾ ਸਕਦਾ ਜਦੋਂ ਤੱਕ ਉਸ ’ਤੇ ਲੱਗੇ ਦੋੋਸ਼ ਸਾਬਤ ਨਾ ਹੋਣ।
ਸੱਤਾ ਦੀ ਤਾਕਤ ’ਚ ਚੂਰ ਹੋ ਕੇ ਕੀਤੀਆਂ ਜਾਂਦੀਆਂ ਅਜਿਹੀਆਂ ਆਪਹੁਦਰੀਆਂ ਕਾਰਵਾਈਆਂ ਨਾ ਕੇਵਲ ਜੱਜਾਂ ਦੀ ਜ਼ਮੀਰ ਨੂੰ ਝੰਜੋੜਦੀਆਂ ਹਨ ਸਗੋਂ ਬੁਲਡੋਜ਼ਰ ਨਾਲ ਕਿਸੇ ਦਾ ਮਕਾਨ ਢਾਹੁਣ ਵਾਲਿਆਂ ਨੂੰ ਵੀ ਪ੍ਰੇਸ਼ਾਨ ਕਰਦੀਆਂ ਹਨ। ਮਹਾਰਾਸ਼ਟਰ ਵਿੱਚ ਕਲਿਆਣ-ਡੋਂਬੀਵਲੀ ਮਿਉਂਸਿਪਲ ਕਾਰਪੋਰੇਸ਼ਨ ਨਾਲ ਕੰਮ ਕਰਨ ਵਾਲੇ ਤੀਹ-ਸਾਲਾ ਬੁਲਡੋਜ਼ਰ ਅਪਰੇਟਰ ਦਾ ਕਹਿਣਾ ਹੈ ਕਿ ਜਦੋਂ ਉਹ ਰਾਤ ਨੂੰ ਆਪਣੇ ਘਰ ਪਰਤਦਾ ਹੈ ਅਤੇ ਮੰਜੇ ’ਤੇ ਪੈਂਦਾ ਹੈ ਤਾਂ ਉਸ ਨੂੰ ਉਨ੍ਹਾਂ ਲੋਕਾਂ ਦੀ ਚੀਖ-ਪੁਕਾਰ ਸੁਣਦੀ ਹੈ ਜਿਨ੍ਹਾਂ ਦਾ ਘਰ ਉਹ ਢਾਹ ਕੇ ਆਇਆ ਹੁੰਦਾ ਹੈ। ਜਦੋਂ ਵੀ ਉਹ ਅੱਖਾਂ ਬੰਦ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਤਰਲੇ ਪਾਉਂਦੀਆਂ ਮਾਵਾਂ, ਬੇਵੱਸ ਬਜ਼ੁਰਗ, ਢਾਹੇ ਗਏ ਘਰ ਦੇ ਮਲਬੇ ’ਚੋਂ ਆਪਣੇ ਖਿਡੌਣੇ ਅਤੇ ਹੋਰ ਨਿੱਕਾ-ਮੋਟਾ ਸਮਾਨ ਲੱਭਦੇ ਡਰੇ-ਸਹਿਮੇ ਬੱਚਿਆਂ ਦੇ ਚਿਹਰੇ ਵਾਰ-ਵਾਰ ਉਸ ਅੱਗੇ ਆਉਂਦੇ ਹਨ। ਹੌਲੀ-ਹੌਲੀ ਉਨ੍ਹਾਂ ਵਿੱਚੋਂ ਉਸ ਨੂੰ ਆਪਣੇ ਪਰਿਵਾਰ ਦੇ ਜੀਆਂ ਦੇ ਚਿਹਰੇ ਉੱਭਰਦੇ ਨਜ਼ਰ ਆਉਂਦੇ ਹਨ, ਜਿਨ੍ਹਾਂ ਦੇ ਸਿਰਾਂ ਉੱਤੋਂ ਛੱਤ ਖੁੱਸਣ ਦਾ ਖ਼ਿਆਲ ਹੀ ਉਸ ਦਾ ਤ੍ਰਾਹ ਕੱਢ ਦਿੰਦਾ ਹੈ। ਆਪਣੀ ਜ਼ਮੀਰ ਨੂੰ ਪਾਏ ਇਸ ਔਖੇ ਸਵਾਲ ਦਾ ਇਹ ਜਵਾਬ ਦੇ ਕੇ ਉਹ ਸੁਰਖਰੂ ਹੋਣ ਦੀ ਕੋਸ਼ਿਸ਼ ਕਰਦਾ ਹੈ ਕਿ ਬੁਲਡੋਜ਼ਰ ਨਾਲ ਉਸਾਰੀਆਂ (ਨਾਜਾਇਜ਼) ਢਾਹੁਣਾ ਤਾਂ ਉਸ ਦੀ ਨੌਕਰੀ ਹੈ ਅਤੇ ਉਹ ਆਪਣੇ ਪਰਿਵਾਰ ਤੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਇਹ ਕੰਮ ਕਰ ਰਿਹਾ ਹੈ। ਇਸ ਦੇ ਬਾਵਜੂਦ ਕਿਸੇ ਹੋਰ ਪਰਿਵਾਰ ਦਾ ਭਵਿੱਖ ਤਬਾਹ ਕਰਨ ਦੇ ਜੁਰਮ ਦਾ ਬੋਝ ਕਿਸੇ ਵੀ ਤਰਕ ਨਾਲ ਉਸ ਦੇ ਦਿਲ ਉੱਤੋਂ ਨਹੀਂ ਉਤਰਦਾ।
ਉੱਤਰ ਪ੍ਰਦੇਸ਼ ਤੋਂ ਚੱਲਿਆ ਇਹ ਬੁਲਡੋਜ਼ਰ ਹੁਣ ਪੰਜਾਬ ਤੱਕ ਪਹੁੰਚ ਗਿਆ ਹੈ। ਨਸ਼ਿਆਂ ਦੇ ਸੌਦਾਗਰਾਂ ਨੂੰ ਸਬਕ ਸਿਖਾਉਣ ਲਈ ਉਨ੍ਹਾਂ ਦੇ ਮਕਾਨ ਢਾਹੇ ਜਾ ਰਹੇ ਹਨ ਤੇ ਤਰਕ ਹੈ ਕਿ ਇਹ ਕਾਲੀਆਂ ਕਮਾਈਆਂ ਨਾਲ ਬਣਾਏ ਗਏ ਸਨ। ਇਹ ਵੀ ਸੱਚ ਹੈ ਕਿ ਨਸ਼ਿਆਂ ਕਾਰਨ ਕਈ ਘਰਾਂ ਦੇ ਚਿਰਾਗ਼ ਬੁਝ ਚੁੱਕੇ ਹਨ ਤੇ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਕਾਨੂੰਨ ਮੁਤਾਬਿਕ ਕਾਰਵਾਈ ਹੋਣੀ ਹੀ ਚਾਹੀਦੀ ਹੈ ਪਰ ਸਜ਼ਾ ਗੁਨਾਹਗਾਰ ਨੂੰ ਹੀ ਮਿਲੇ। ਅਚਾਨਕ ਕਿਸੇ ਪਰਿਵਾਰ ਦੇ ਸਿਰ ਤੋਂ ਘਰ ਦੀ ਛੱਤ ਖੋਹ ਲੈਣ ’ਤੇ ਉਸ ਨਾਲ ਜੋ ਬੀਤਦੀ ਹੈ ਉਸ ਦਾ ਅੰਦਾਜ਼ਾ ਆਪਣਿਆਂ ਦੇ ਸਿਰਾਂ ਤੋਂ ਛੱਤ ਖੁੱਸਣ ਦੇ ਅਹਿਸਾਸ ਨਾਲ ਹੀ ਲਾਇਆ ਜਾ ਸਕਦਾ ਹੈ।

Advertisement
Advertisement

Advertisement
Author Image

Ravneet Kaur

View all posts

Advertisement