ਡੇਵਿਸ ਕੱਪ: ਭਾਰਤ ਨੇ ਨਵੇਂ ਸਿਰੇ ਤੋਂ ਸੁਰੱਖਿਆ ਜਾਂਚ ਮੰਗੀ

ਨਵੀਂ ਦਿੱਲੀ, 12 ਅਗਸਤ

ਹਿਰੋਨਮੌਏ ਚੈਟਰਜੀ

ਭਾਰਤ ਦੇ ਕੌਮੀ ਟੈਨਿਸ ਫੈਡਰੇਸ਼ਨ ਨੇ ਪਾਕਿਸਤਾਨ ਖ਼ਿਲਾਫ਼ ਇਸਲਾਮਾਬਾਦ ਵਿੱਚ ਹੋਣ ਵਾਲੇ ਡੇਵਿਸ ਕੱਪ ਮੁਕਾਬਲੇ ਦੀ ਥਾਂ ਬਦਲਣ ਦੀ ਮੰਗ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਉਸ ਨੇ ਤਾਜ਼ਾ ਸਿਆਸੀ ਤਣਾਅ ਕਾਰਨ ਆਈਟੀਐੱਫ ਨੂੰ ਨਵੇਂ ਸਿਰੇ ਤੋਂ ਸੁਰੱਖਿਆ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।
ਡੇਵਿਸ ਕੱਪ ਮੁਕਾਬਲੇ 14 ਅਤੇ 15 ਸਤੰਬਰ ਨੂੰ ਇਸਲਾਮਾਬਾਦ ਵਿੱਚ ਹੋਣੇ ਹਨ, ਪਰ ਪਾਕਿਸਤਾਨ ਨਾਲ ਸਿਆਸੀ ਤਣਾਅ ਕਾਰਨ ਭਾਰਤ ਦਾ ਖੇਡਣਾ ਬੇਯਕੀਨੀ ਮੰਨਿਆ ਜਾ ਰਿਹਾ ਹੈ। ਜੰਮੂ ਕਸ਼ਮੀਰ ਵਿੱਚ ਧਾਰਾ 370 ਮਨਸੂਖ਼ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਮਗਰੋਂ ਪਾਕਿਸਤਾਨ ਨੇ ਭਾਰਤ ਨਾਲ ਕੂਟਨੀਤਕ ਸਬੰਧ ਘਟਾ ਦਿੱਤੇ ਹਨ। ਏਆਈਟੀਏ ਦੇ ਜਨਰਲ ਸਕੱਤਰ ਹਿਰੋਨਮੌਏ ਚੈਟਰਜੀ ਨੇ ਆਈਟੀਐੱਫ ਦੇ ਕਾਰਜਕਾਰੀ ਨਿਰਦੇਸ਼ਕ ਜਸਟਿਨ ਅਲਬਰਟ ਨੂੰ ਲਿਖੀ ਈ-ਮੇਲ ਵਿੱਚ ਕਿਹਾ, ‘‘ਸਾਨੂੰ ਪਤਾ ਹੈ ਕਿ ਕੂਟਨੀਤਕ ਸਬੰਧ ਵਿਗੜਣ ਤੋਂ ਪਹਿਲਾਂ ਤੁਸੀਂ ਸੁਰੱਖਿਆ ਜਾਂਚ ਕਰਵਾਈ ਸੀ। ਆਈਟੀਐੱਫ ਆਪਣੀ ਸੰਤੁਸ਼ਟੀ ਅਤੇ ਸਬੰਧਿਤ ਪੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇੱਕ ਹੋਰ ਸੁਰੱਖਿਆ ਜਾਂਚ ਕਰਵਾ ਸਕਦਾ ਹੈ।’’ ਉਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਏਆਈਟੀਏ ਇਹ ਮੁਕਾਬਲਾ ਬਦਲਵੀਂ ਥਾਂ ’ਤੇ ਕਰਵਾਉਣ ਦੀ ਮੰਗ ਕਰ ਸਕਦਾ ਹੈ। ਚੈਟਰਜੀ ਨੇ ਕਿਹਾ, ‘‘ਜੇਕਰ ਆਈਟੀਐੱਫ ਪਾਕਿਸਤਾਨ ਟੈਨਿਸ ਫੈਡਰੇਸ਼ਨ ਨਾਲ ਗੱਲ ਕਰਨ ਮਗਰੋਂ ਮਹਿਸੂਸ ਕਰਦਾ ਹੈ ਕਿ ਸੁਰੱਖਿਆ ਦੀ ਸੌ ਫ਼ੀਸਦੀ ਗਾਰੰਟੀ ਨਹੀਂ ਹੈ ਤਾਂ ਉਹ ਅੱਗੇ ਲਈ ਨਿਰਦੇਸ਼ ਦਾ ਸਕਦਾ ਹੈ। ਏਆਈਟੀਏ ਇਸ ਦਾ ਪਾਲਣਾ ਕਰੇਗਾ।’’ -ਪੀਟੀਆਈ

ਭਾਰਤ ਸਰਕਾਰ ਡੇਵਿਸ ਕੱਪ ’ਚ ਦਖ਼ਲ ਨਹੀਂ ਦੇ ਸਕਦੀ : ਰਿਜਿਜੂ
ਨਵੀਂ ਦਿੱਲੀ: ਖੇਡ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਿਹਾ ਕਿ ਭਾਰਤ ਨੇ ਪਾਕਿਸਤਾਨ ਵਿੱਚ ਅਗਲੇ ਮਹੀਨੇ ਹੋਣ ਵਾਲੇ ਡੇਵਿਸ ਕੱਪ ਮੁਕਾਬਲੇ ਵਿੱਚ ਹਿੱਸਾ ਲੈਣ ਚਾਹੀਦਾ ਹੈ ਜਾਂ ਨਹੀਂ, ਬਾਰੇ ਸਰਕਾਰ ਫ਼ੈਸਲਾ ਨਹੀਂ ਕਰ ਸਕਦੀ ਕਿਉਂਕਿ ਇਹ ਦੁਵੱਲਾ ਮੁਕਾਬਲਾ ਨਹੀਂ ਹੈ। ਰਿਜਿਜੂ ਨੇ ਖੇਡ ਤੇ ਯੁਵਾ ਕਲਿਆਣ ਮੰਤਰਾਲੇ ਦੇ ਇੱਕ ਪ੍ਰੋਗਰਾਮ ਤੋਂ ਵੱਖਰੇ ਤੌਰ ’ਤੇ ਕਿਹਾ, ‘‘ਜੇਕਰ ਇਹ ਦੁਵੱਲਾ ਮੁਕਾਬਲਾ ਹੁੰਦਾ ਤਾਂ ਭਾਰਤ ਲਈ ਸਿਆਸੀ ਫ਼ੈਸਲਾ ਬਣ ਜਾਂਦਾ, ਪਰ ਡੇਵਿਸ ਦੋ ਦੇਸ਼ਾਂ ਦਾ ਟੂਰਨਾਮੈਂਟ ਨਹੀਂ ਹੈ ਅਤੇ ਇਸ ਨੂੰ ਇੱਕ ਆਲਮੀ ਖੇਡ ਸੰਸਥਾ ਕਰਵਾਉਂਦੀ ਹੈ।’’ ਉਨ੍ਹਾਂ ਕਿਹਾ, ‘‘ਭਾਰਤ ਓਲੰਪਿਕ ਚਾਰਟਰ ਨੂੰ ਮੰਨਦਾ ਹੈ। ਇਸ ਲਈ ਭਾਰਤ ਸਰਕਾਰ ਜਾਂ ਕੌਮੀ ਫੈਡਰੇਸ਼ਨ ਇਹ ਫ਼ੈਸਲਾ ਨਹੀਂ ਕਰ ਸਕਦੇ ਕਿ ਭਾਰਤ ਨੇ ਇਸ ਵਿੱਚ ਹਿੱਸਾ ਲੈਣਾ ਹੈ ਜਾਂ ਨਹੀਂ।’’ –ਪੀਟੀਆਈ