ਡੇਰਾ ਸਿਰਸਾ ਮੁਖੀ ਨੂੰ ਪੈਰੋਲ ਦੇਣ ਦਾ ਵਿਰੋਧ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 29 ਜਨਵਰੀ
ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ 30 ਦਿਨ ਦੀ ਪੈਰੌਲ ਦੇਣ ’ਤੇ ਪੰਥਕ ਜਥੇਬੰਦੀ ਸਿੱਖ ਯੂਥ ਫੈੱਡਰੇਸ਼ਨ ਭਿੰਡਰਾਂਵਾਲਾ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ, ਜਨਰਲ ਸਕੱਤਰ ਗਗਨਦੀਪ ਸਿੰਘ ਸੁਲਤਾਨਵਿੰਡ, ਜਥੇਬੰਦਕ ਸਕੱਤਰ ਮਨਪ੍ਰੀਤ ਸਿੰਘ ਮੰਨਾ ਅਤੇ ਦਿਹਾਤੀ ਪ੍ਰਧਾਨ ਸੁਖਵਿੰਦਰ ਸਿੰਘ ਨਿਜ਼ਾਮਪੁਰ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਨੂੰ 13ਵੀਂ ਵਾਰ ਪੈਰੌਲ ਦੇ ਕੇ ਭਾਜਪਾ ਸਰਕਾਰ ਨੇ ਸਿੱਖਾਂ ਦੇ ਜ਼ਖ਼ਮਾਂ ’ਤੇ ਦੁਬਾਰਾ ਲੂਣ ਛਿੜਕਿਆ ਹੈ। ਇਹ ਸਿੱਖਾਂ ਨੂੰ ਪੀੜ ਅਤੇ ਸੰਤਾਪ ਦੇਣ ਵਾਲੀ ਗੱਲ ਹੈ। ਸਿੱਖ ਆਗੂ ਨੇ ਕਿਹਾ ਕਿ ਇੱਕ ਪਾਸੇ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਸਿੱਖ ਬੰਦੀਆਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਭਾਜਪਾ ਵਿੱਚ ਗਏ ਸਿੱਖ ਆਗੂ ਜੋ ਬੰਦੀ ਸਿੰਘਾਂ ਨੂੰ ਤਾਂ ਰਿਹਾਅ ਨਹੀਂ ਕਰਵਾ ਸਕੇ, ਸਿੱਖ ਮਸਲੇ ਹੱਲ ਨਹੀਂ ਕਰਵਾ ਸਕੇ, ਉਲਟਾ ਸਿੱਖ ਕੌਮ ਨੂੰ ਹਿੰਦੂਤਵ ਦੇ ਡੂੰਘੇ ਸਮੁੰਦਰ ’ਚ ਸੁੱਟ ਰਹੇ ਹਨ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਡੇਰਾ ਸਿਰਸਾ ਮੁਖੀ ਨੂੰ ਵਾਰ-ਵਾਰ ਪੈਰੋਲ ਦੇ ਕੇ ਹੁਣ ਭਾਜਪਾ ਸਰਕਾਰ ਪੰਜਾਬ ਵਿੱਚ ਹੋਰ ਵੀ ਬੇਅਦਬੀਆਂ ਕਰਵਾ ਸਕਦੀ ਹੈ, ਜਿਸ ਨਾਲ ਪੰਜਾਬ ਦਾ ਸ਼ਾਂਤ ਮਾਹੌਲ ਖ਼ਰਾਬ ਹੋਵੇਗਾ। ਉਨ੍ਹਾਂ ਦੋੋਸ਼ ਲਾਇਆ ਕਿ ਭਾਜਪਾ ਡੇਰਾ ਮੁਖੀ ਨੂੰ ਵੋਟ ਬੈਂਕ ਵਜੋਂ ਵਰਤ ਰਹੀ ਹੈ।